ਪੰਨਾ:ਵਿਚਕਾਰਲੀ ਭੈਣ.pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੦)

ਕਰਕੇ ਹੋਰਨਾਂ ਦਿਨਾਂ ਤੇ ਇਸ ਦਿਨ ਜ਼ਰਾ ਚਾਹ ਤੇ ਗੱਪ ਸ਼ੱਪ ਜ਼ਿਆਦਾ ਚਿਰ ਵਜਦੀ ਰਹਿੰਦੀ ਸੀ।

ਚਾਹ ਪੀਣਾ ਬੰਦ ਹੋ ਚੁੱਕਾ ਸੀ, ਗੁਰਚਰਨ ਅਜੇ ਗਲ ਬਾਤ ਵਿਚ ਸ਼ੌਕ ਨਹੀਂ ਸਨ ਦਸ ਰਹੇ। ਵਿਚੇ ਵਿਚ ਕਿਸੇ ਹੋਰ ਪਾਸੇ ਹੀ ਧਿਆਨ ਚਲਿਆ ਜਾਂਦਾ ਸੀ।
ਗਰੀਨ ਇਸ ਗਲ ਨੂੰ ਤਾੜ ਗਿਆ, ਕਹਿਣ ਲੱਗਾ, ‘ਸ਼ਾਇਦ ਤੁਹਾਡੀ ਤਬੀਅਤ ਠੀਕ ਨਹੀਂ ਹੈ?'
ਗੁਰਚਰਨ ਨੇ ਸਿਰ ਉਤਾਹਾਂ ਚੁਕ ਕੇ ਆਖਿਆ, ਕਿਉਂ? ਤਬੀਅਤ ਤਾਂ ਠੀਕ ਹੈ।
ਗਿਰੀ ਨੰਦ ਨੇ ਸੰਗਦੇ ਸੰਗਦੇ ਕਿਹਾ, ਤੇ ਆਪੇ ਵਿਚ ਦੀ ਕੀ ਕੁਝ.......
'ਨਹੀਂ ਉਹ ਕੋਈ ਗਲ ਨਹੀਂ।' ਆਖਕੇ ਗੁਰਚਰਨ ਬਾਬੂ ਨੇ ਕੁਝ ਅਸਚਰਜ ਨਾਲ ਉਸ ਦੇ ਮੂੰਹ ਵੱਲ ਵੇਖਿਆ। ਉਹਨਾਂ ਦੇ ਅੰਦਰ ਦੀ ਹਿਲ ਜੁਲ ਬਾਹਰ ਪ੍ਰਗਟ ਹੋ ਰਹੀ ਸੀ, ਇਸ ਗਲ ਨੂੰ ਇਹ ਸਿੱਧਾ ਸਾਦਾ ਆਦਮੀ ਸਮਝ ਹੀ ਨਹੀਂ ਸਕਿਆ ਸੀ।
ਲਲਤਾ ਪਹਿਲਾਂ ਬਿਲਕੁਲ ਚੁੱਪ ਰਹਿੰਦੀ ਸੀ, ਹੁਣ ਕਦੇ ਕਦੇ ਵਿਚਕਾਰ ਵਿਚਕਾਰ ਇਕ ਦੋ ਗੱਲਾਂ ਕਰ ਜਾਂਦੀ ਹੈ। ਉਸ ਨੇ ਆਖਿਆ-'ਮਾਮਾ ਅੱਜ ਸ਼ਾਇਦ ਤੁਹਾਡਾ ਦਿਲ ਠੀਕ ਨਹੀਂ ਹੈ।'
ਗੁਰਚਰਨ ਹੱਸਦਾ ਹੋਇਆ ਉਠ ਬੈਠਾ ਤੇ ਕਹਿਣ ਲੱਗਾ ‘ਚੰਗਾ ਇਹ ਗਲ ਹੈ, ਹਾਂ ਬੇਟਾ ਠੀਕ ਆਖਦੀ ਹੈਂ ਤੂੰ। ਅਜ ਮੇਰਾ ਮਨ ਸਚ ਮੁਚ ਹੀ ਠੀਕ ਨਹੀਂ।'