ਪੰਨਾ:ਵਿਚਕਾਰਲੀ ਭੈਣ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਸੁਭਾ ਦਾ ਨਰਮ ਤੇ ਸੰਗਾਊ ਹੈ। ਉਸਨੇ ਇਹਦੇ ਸਿਰ ਤੇ ਹੱਥ ਫੇਰਿਆ! ਪ੍ਰੇਮ ਨਾਲ ਡਰ ਦੂਰ ਕਰਕੇ ਉਸ ਪਾਸੋਂ ਬਹੁਤ ਸਾਰੀਆਂ ਗੱਲਾਂ ਪੁਛ ਲਈਂਆਂ, ਉਹਨੇ ਬਹੁਤ ਪ੍ਰੇਮ ਨਾਲ ਅਮਰੂਦ ਕਿਥੋਂ ਲਿਆਂਦੇ, ਪਿੰਡ ਦੀਆਂ ਹੋਰ ਗੱਲਾਂ ਉਹਦੀ ਮਾਂ ਦੀਆਂ ਗੱਲਾਂ, ਇਥੋਂ ਦੇ ਖਾਣ-ਪੀਣ ਦੀ ਹਾਲਤ, ਹੱਟੀ ਉਤਲਾ ਕੰਮ ਆਦਿ ਸਭ ਕੁਛ ਪੁਛ ਲਿਆ। ਫੇਰ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ, ਵੇਖ ਕਿਸ਼ਨ ਤੂੰ ਇਸ ਭੈਣ ਨੂੰ ਨਾਂ ਭੁਲਾਵੀਂ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ, ਇੱਥੋਂ ਆਕੇ ਲੈ ਜਾਇਆ ਕਰ।'

ਕਿਸ਼ਨ ਨੇ ਖੁਸ਼ੀ ਨਾਲ ਸਿਰ ਹਿਲਾਕੇ ਆਖਿਆ ‘ਚੰਗਾ’।

ਅਸਲ ਵਿਚ ਪਿਆਰ ਕੀ ਹੁੰਦਾ ਹੈ, ਇਹ ਕਿਸ਼ਨ ਨੇ ਆਪਣੀ ਗਰੀਬ ਮਾਂ ਪਾਸੋਂ ਸਿਖਿਆ ਸੀ। ਇਸੇ ਵਿਚਕਾਰਲੀ ਭੈਣ ਪਾਸੋਂ ਉਸੇ ਪਿਆਰ ਦਾ ਮੁੜ ਸੁਆਦ ਆਕੇ ਉਸਦਾ ਰੁਕਿਆ ਹੋਇਆ ਮਾਂ ਦਾ ਸ਼ੋਕ ਭੁੱਲ ਗਿਆ! ਉਸ ਨੇ ਇਸ ਭੈਣ ਦੀ ਚਰਨ ਧੂੜ ਸਿਰ ਤੇ ਲਾਈ ਤੇ ਖੁਸ਼ੀ ਨਾਲ ਹਵਾ ਵਾਂਗ ਬਾਹਰ ਉਡ ਗਿਆ।

ਪਰ ਉਸਦੀ ਵੱਡੀ ਭੈਣ ਦਾ ਵਿਰੋਧ ਦਿਨਰਾਤ ਵਧਦਾ ਹੀ ਗਿਆ ਕਿਉਂਕਿ ਉਹ ਮਤੇਈ ਮਾਂ ਦਾ ਲੜਕਾ ਸੀ। ਇਹ ਬਿਲਕੁਲ ਬੇ ਆਸਰਾ ਹੈ। ਬਦਨਾਮੀ ਦੇ ਡਰ ਨਾਲ ਉਹਨੂੰ ਪਿਛਾਹਾਂ ਮੋੜਿਆ ਨਹੀਂ ਜਾ ਸਕਦਾ ਤੇ ਘਰ ਰੱਖਕੇ ਉਹ ਖੁਸ਼ ਨਹੀਂ ਸੀ। ਸੋ ਉਹ ਇਹੋ ਸੋਚਦੀ ਸੀ ਕਿ ਜਿੰਨਾਂ ਚਿਰ ਇਹਨੇ ਇਥੇ ਰਹਿਣਾ ਹੈ, ਇਸ ਨੂੰ ਜਿੰਨਾ ਹੋ ਸਕੇ ਵਾਹ ਲੈਣਾ ਚਾਹੀਦਾ ਹੈ।