ਪੰਨਾ:ਵਿਚਕਾਰਲੀ ਭੈਣ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਆਖਣਾ ਨਹੀਂ ਚਾਹੁੰਦੀ ਮੇਰਾ ਦਿਲ ਖਰਾਬ ਹੈ ਬਹੁਤਾ ਬੋਲ ਨਹੀਂ ਸਕਦੀ ਹੁਣ ਤੁਸੀ ਚਲੇ ਜਾਓ?' ਇਹ ਆਖਕੇ ਉਹ ਚਾਦਰ ਤਾਣ ਕੇ ਤੇ ਪਾਸਾ ਮੋੜ ਕੇ ਲੰਮੀ ਪੈ ਗਈ।

ਵਿਪਨ ਨੂੰ ਹੋਰ ਝਗੜਾ ਕਰਨ ਦਾ ਹੌਸਲਾ ਨਾ ਹੋ ਸਕਿਆ ਪਰ ਉਹ ਮਨ ਹੀ ਮਨ ਵਿਚ ਆਪਣੀ ਇਸਤਰੀ ਤੇ ਇਸ ਰਾਹ ਜਾਂਦੀ ਬਲਾ ਕਿਸ਼ਨ ਤੇ ਬਹੁਤ ਹੀ ਚਿੜ ਗਿਆ।

੬.

ਦੂਜੇ ਦਿਨ ਬਾਰੀ ਖੋਲ੍ਹਦਿਆਂ ਹੀ ਹੇਮਾਂਗਨੀ ਦੇ ਕੰਨਾਂ ਵਿੱਚ ਜਠਾਣੀ ਦੀ ਤਿਖੀ ਜਹੀ ਅਵਾਜ਼ ਪਈ, ਉਹ ਸੁਵਾਮੀ ਨੂੰ ਆਖ ਰਹੀ ਸੀ, 'ਉਹ ਲੜਕਾ ਕਲ ਦਾ ਭੱਜਾ ਹੋਇਆ ਹੈ ਤੁਸਾਂ ਉਸਦਾ ਕੋਈ ਪਤਾ ਨਹੀਂ ਕੀਤਾ।'

ਸਵਾਮੀ ਨੇ ਉੱਤਰ ਦਿੱਤਾ, 'ਚੁਲ੍ਹੇ ਵਿੱਚ ਪਏ, ਸਾਨੂੰ ਲੱਭਣ ਦੀ ਕੀ ਲੋੜ ਹੈ।'

ਇਸਤਰੀ ਸਾਰੇ ਮਹੱਲੇ ਨੂੰ ਸੁਣਾਉਂਦੀ ਹੋਈ ਆਖਣ ਲੱਗੀ, "ਤਾਂ ਫੇਰ ਲੋਕਾਂ ਦੀਆਂ ਉਂਗਲਾਂ ਅੱਗੇ ਸਾਡਾ ਪਿੰਡ ਵਿਚ ਰਹਿਣਾ ਮੁਸ਼ਕਲ ਹੋ ਜਾਏਗਾ। ਇੱਥੇ ਸਾਡੇ ਕਈ ਦੁਸ਼ਮਣ ਹਨ। ਜੇ ਕਿਤੇ ਡਿਗ ਡੁਗ ਕੇ ਮਰ ਗਿਆ ਤਾਂ ਸਾਰਿਆਂ ਨੂੰ ਵੱਡੇ ਘਰ ਦੀ ਹਵਾ ਖਾਣੀ ਪਏਗੀ।"