ਪੰਨਾ:ਵਿਚਕਾਰਲੀ ਭੈਣ.pdf/39

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੯)

ਅੱਥਰੂ ਟੱਪਕ ਪਏ। ਇਹਨੇ ਇਨ੍ਹਾਂ ਨੂੰ ਖੱਬੇ ਹੱਥ ਨਾਲ ਪੂੰਝਦੀ ਹੋਈ ਨੇ ਸੱਜਾ ਹੱਥ ਕਿਸ਼ਨ ਦੇ ਸਿਰ ਤੇ ਫੇਰ ਕੇ ਪਿਆਰ ਕਰਦੀ ਹੋਈ ਨੇ ਕਿਹਾ, 'ਠੰਢ ਛਾਤੀ ਵਿਚ ਬਹਿ ਗਈ ਹੈ, ਡਾਕਟਰ ਨੇ ਭਾਵੇਂ ਕਿਹਾ ਹੋਵੇ, ਪਰ ਜੇ ਮੈਂ ਮਰ ਗਈ ਤਾਂ ਤੂੰ ਤੇ ਲਲਤ ਮਿਲ ਕੇ ਗੰਗਾ ਛਡ ਆਉਗੇ? ਕਿਉਂਂ ਛੱਡ ਆਉਗੇ ਜਾਂ ਕਿ ਨਹੀਂ?

ਇਸੇ ਵੇਲੇ ਕਾਦੰਬਨੀ, 'ਸੁਣਾ ਭੈਣ ਕੀ ਹਾਲ ਈਂ' ਆਖਦੀ ਹੋਈ ਦਰਵਾਜੇ ਤੇ ਆ ਖੜੀ ਹੋਈ। ਥੋੜਾ ਚਿਰ ਕਿਸ਼ਨ ਵੱਲ ਤਿੱਖੀਆਂ ਨਜ਼ਰਾਂ ਨਾਲ ਵੇਖਦੀ ਰਹੀ। ਫੇਰ ਕਹਿਣ ਲੱਗੀ, 'ਆਹ ਲੌ ਇਹ ਮਰ ਮਿਟ ਜਾਣਾ ਅੱਗੇ ਦਾ ਅੱਗੇ ਹੀ ਰਹਿੰਦਾ ਹੈ। ਇਹ ਕੀ ਇਹ ਭੈਣ ਜੀ ਦੇ ਸਾਹਮਣੇ ਰੋ ਰੋ ਕੇ ਫਾਵਾ ਹੋ ਰਿਹਾ ਹੈ। ਇਹ ਪਾਖੰਡੀ ਕਿੰਨੇ ਪਖੰਡ ਕਰਨ ਜਾਣਦਾ ਹੈ।'

ਬਹੁਤ ਹੀ ਕਮਜ਼ੋਰ ਹੋ ਜਾਣ ਦੇ ਕਾਰਨ ਹੇਮਾਂਗਨੀ ਹੁਣੇ ਹੀ ਸਰਹਾਣੇ ਦੇ ਆਸਰੇ ਲੇਟੀ ਸੀ। ਹੁਣ ਉਹ ਤੀਰ ਵਾਗੂੰ ਸਿੱਧੀ ਉਠਕੇ ਬਹਿਗਈ ਤੇ ਬੋਲੀ, 'ਭੈਣ ਮੈਨੂੰ ਛਿਆਂ ਸਤਾਂ ਦਿਨਾਂ ਤੋਂ ਤਾਪ ਚੜ੍ਹ ਰਿਹਾ ਹੈ ਤੇਰੇ ਪੈਰੀ ਪੈਨੀ ਹਾਂ ਕਿ ਹੁਣ ਤੂੰ ਚਲੀ ਜਾਹ।'

ਕਾਦੰਬਨੀ ਪਹਿਲਾਂ ਤਾਂ ਕੁਝ ਝਿਝਕੀ ਪਰ ਫੇਰ ਆਪਣੇ ਆਪਨੂੰ ਸੰਭਾਲਕੇ ਬੋਲੀ, ਬੀਬੀ ਜੀ ਮੈਂ ਤੈਨੂੰ ਤਾਂ ਕੁਝ ਨਹੀਂ ਆਖਿਆ, ਆਪਣੇ ਭਰਾ ਨਾਲ ਹੀ ਚੰਗੀਆਂ ਮਾੜੀਆਂ ਕਰ ਰਹੀ ਹਾਂ ਇਸ ਗਲ ਤੋਂ ਤੂੰ ਕਿਉਂ ਵੱਢਣ ਪੈਨੀ ਏਂਂ?