ਪਰ ਇਸ ਵੇਲੇ ਜਸਵੰਤ ਨੂੰ ਉਸ ਦੀਆਂ ਗੱਲ੍ਹਾਂ ਤੇ ਅੱਥਰੂ ਮਲੂੰਮ ਹੁੰਦੇ ਸਨ ਅਰ ਜਸਵੰਤ ਦੇ ਭਾਣੇ ਉਹ ਨਾ ਰੁਕਦੇ ਅੱਥਰੂ ਹੀ ਛਿਪਾਉਣ ਵਾਸਤੇ ਚਲਾ ਗਿਆ ਸੀ। ਥੋੜ੍ਹੀ ਦੇਰ ਬਾਦ ਉਹ ਫੇਰ ਆ ਗਿਆ। ਚੰਦਰਮਾਂ ਚੜ੍ਹ ਪਿਆ ਸੀ, ਚਾਂਦਨੀ ਦੀ ਡਲ੍ਹਕ ਦੱਸਦੀ ਸੀ ਕਿ ਮੂੰਹ ਨੂੰ ਧੋ ਕੇ ਆਇਆ ਹੈ। ਹੈ ਹਾਕਮ ਪਰ ਕਿਸੇ ਡਾਢੀ ਖਿੱਚ ਅਰ ਭਾਰ ਹੇਠ ਦੱਬਿਆ ਤੇ ਬੇਚੈਨ ਹੈ। ਜਸਵੰਤ ਨੇ ਸੋਚਿਆ ਕਿ ਇਹ ਹੀ ਇਕ ਦਾਉ ਹੈ ਕਿ ਤਲਾਸ਼ੀ ਦੇ ਕਲੇਸ਼ ਤੋਂ ਬਚ ਸੱਕਾਂ, ਨਹੀ ਤਾਂ ਹੁਣ ਦਿਨ ਹੋਣ ਵਾਲਾ ਹੈ, ਹੋਰ ਕੀਹ ਉਪਰਾਲਾ ਹੋ ਸਕਦਾ ਹੈ। ਵਾਹਿਗੁਰੂ ਅਗੇ ਪ੍ਰਾਰਥਨਾ ਕੀਤੀ ਕਿ ਜਿਕੂੰ ਗਜ ਜੈਸੇ ਮੂਢ ਦੇ ਬੰਧਨ ਆਪ ਨੇ ਕੱਟ ਦਿੱਤੇ ਤਿਵੇਂ ਹੇ ਦੀਨ ਦਿਆਲ! ਇਸ ਨੌਜਵਾਨ ਦੇ ਮਨ ਮਿਹਰ ਪਾ ਅਰ ਮੇਰੇ ਬੰਧਨ ਇਸ ਦੇ ਵਸੀਲੇ ਦੂਰ ਕਰ ਦਹ, ਯਾ ਜਿਵੇਂ ਤੇਰੀ ਰਜ਼ਾ ਹੋਵੇ ਮਿਹਰ ਕਰ!
ਹੁੱਦੇਦਾਰ-ਦੇਖ ਨੌਜੁਵਾਨ! ਇਹ ਕੀ ਹੈ?
ਜਸਵੰਤ-ਇਹ ਗੋਲ ਚੀਜ਼ ਕੜਾ ਹੈ ਤੇ ਇਹ ਨਿਕੀ ਜੇਹੀ ਕ੍ਰਿਪਾਨ ਹੈ।
ਹੁੱਦੇਦਾਰ-ਕੀਹ ਸਿੱਖ ਬੱਚੇ ਇਸ ਨਾਲ ਖੇਲਦੇ ਹਨ।
ਜਸਵੰਤ-ਨਹੀਂ, ਇਹ ਬੱਚੇ ਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ, ਪਰ ਇਹ ਜੋ ਆਪ ਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ, ਕਿਉਂਕਿ ਇਨ੍ਹਾਂ ਦੀ ਸਿਕਲ ਬਹੁਤ ਹੀ ਵਧੀਆ ਹੈ।
ਹੁੱਦੇਦਾਰ (ਇਕ ਗੁਟਕਾ ਦਿਖਾਕੇ)-ਇਹ ਕੀ ਹੈ?
ਜਸਵੰਤ(ਨੀਝ ਲਗਾਕੇ)-ਸਿੱਖਾਂ ਦੀ ਸਵੇਰ ਦੀ ਨਿਮਾਜ਼ ਹੈ।
ਹੁੱਦੇਦਾਰ-ਜਪ ਨੀਸਾਣ ਹੈ?
ਜਸਵੰਤ ਜੀ ਹਾਂ, ਜਪ ਨੀਸਾਣ ਹੈ, ਬਹੁਤ ਸੁੰਦਰ ਲਿਖਿਆ ਹੈ।
-੧੫੪-