ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/172

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਤੇ ਇਸ ਦੇ ਰੱਖਣ ਵਿਚ ਫੌਜਦਾਰ ਆਗ਼ਾ ਖਾਂ ਦਾ ਗੁਪਤ ਹੁਕਮ ਹੈ, ਸੋ ਪ੍ਰਗਟ ਨਹੀਂ ਕਰਨਾ ਤੇ ਗੱਲ ਨੂੰ ਨਿਬਾਹੁਣਾ ਹੈ, ਮੈਂ ਖਾਲਸੇ ਵਾਲਾ ਬਚਨ ਦੇ ਆਇਆ ਹਾਂ।

ਬਿਰਧ ਪੁਰਖ ਨੇ ਕਿਹਾ-ਸਤਿ ਬਚਨ। ਹੁਣ ਬਾਕੀ ਰਾਤ ਮਲਕੜੇ ਬੀਤ ਗਈ। ਦਿਨ ਹੋਣ ਤੋਂ ਪਹਿਲਾਂ ਹੀ ਆਗ਼ਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਾ। ਕਾਫਲੇ ਦੇ ਅਟਕ ਜਾਣ ਕਰਕੇ ਮਿਲਣੇ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ। ਫੇਰ ਸਰਸਰੀ ਗੱਲ ਦਾਈ ਦੇ ਗੁੰਮ ਹੋਣ ਦੀ ਚਲਾਈ। ਇਧਰ ਪਿਤਾ ਪੁੱਤ੍ਰ ਗੱਲਾਂ ਕਰਦੇ ਰਹੇ, ਉਧਰ ਉਸ ਦੇ ਸਾਥੀਆਂ ਨੇ ਕਾਫਲੇ ਵਿਚ ਢੂੰਡ ਭਾਲ ਕਰ ਲਈ, ਪੱਤ ਪੱਤ ਫਿਰਕੇ ਵੇਖ ਲਿਆ। ਇਸ ਗਰੀਬ ਪੁੱਤ੍ਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇਕ ਮਾਮੂਲੀ ਕੰਮ ਸੀ, ਜੋ ਬੇਮਲੂੰਮੇ ਹੋ ਗਿਆ।

ਹੁਣ ਦਿਨ ਚੋਖਾ ਚੜ੍ਹ ਪਿਆ ਸੀ, ਲੋਕੀਂ ਆਗ਼ਾ ਖਾਂ ਦੀ ਆਗ੍ਯਾ ਮੰਗ ਰਹੇ ਸਨ ਕਿ ਕੂਚ ਦਾ ਟੱਲ ਵੱਜ ਪਵੇ, ਸੋ ਉਸ ਨੇ ਪਿਤਾ ਤੋਂ ਆਗ੍ਯਾ ਲੈ ਕੇ ਕੂਚ ਦੀ ਆਗ੍ਯਾ ਦੇ ਦਿੱਤੀ। ਜਿਉਂ ਜਿਉਂ ਲੋਕੀਂ ਟੁਰੇ, ਨਾਕੇ ਤੇ ਖੜੋਕੇ ਆਗ਼ਾ ਖਾਂ ਦੇ ਪਿਤਾ ਦੇ ਸੂੰਹੀਆਂ ਨੇ ਇਕ ਇਕ ਆਦਮੀ ਤੇ ਤ੍ਰੀਮਤ ਨੂੰ ਡਿੱਠਾ। ਜਸਵੰਤ ਦੀ ਵਾਰੀ ਭੀ ਆਈ, ਦਾਈ ਤੇ ਉਹ ਦੋਵੇਂ ਬੇਝੱਕ ਹੱਸਦੇ ਖੇਡਦੇ ਲੰਘ ਗਏ। ਅਹਿਦੀਆਂ ਨੇ ਵੱਟੇ ਹੋਏ ਭੇਸ ਵਿਚ ਕੁਛ ਨਾ ਲਖਿਆ ਕਿ ਕੀਹ ਹੋ ਗਿਆ ਹੈ। ਹੁਣ ਪਿਆਰ ਦਾ ਕੁੱਠਾ, ਪਰ ਨਿਰਦਈ ਪਿਤਾ ਪੁੱਤ੍ਰ ਨੂੰ ਗਲ ਲਾਕੇ ਮਿਲਦਾ ਤੇ ਅਸੀਸਾਂ ਦੇਂਦਾ ਵਿਦਾ ਹੋ ਗਿਆ, ਪਰ ਨੌਕਰਾਂ ਦੇ ਟੋਲੇ ਵਿਚੋਂ ਦੋ ਚਾਰ ਸੂੰਹੀਏ ਛੱਡ ਗਿਆ, ਜੋ ਸੁੰਧਕ ਰਖਣ ਕਿ ਪਾਪਣ ਦਾਈ ਕਿਤੇ ਅੱਗੇ ਜਾਕੇ ਆਗ਼ਾ ਖਾਂ ਦੇ ਕਾਫਲੇ ਨੂੰ ਨਾ ਆ ਮਿਲੇ ਅਰ ਪਿਤਾ ਪੁੱਤ੍ਰ ਵਿਚ ਦੁਫੇੜ ਨਾ ਪੁਆ ਦੇਵੇ।

-੧੬੬-