ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/202

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੱਤਾ ਵੇਖੋ ਕੇ ਅਸਚਰਜ ਵਿਚ ਡੁੱਬ ਰਹੀ ਸਾਂ। ਇਧਰ ਲਾਲ ਜੀ ਕਦੇ ਲਹੂ ਹੰਝੂ ਕੇਰਦੇ ਕਦੇ ਬੁੱਲ੍ਹ ਟਕਦੇ ਤੇ ਕਦੇ ਧਰਤੀ ਤੇ ਅੱਡੀਆਂ ਮਾਰਦੇ ਰਹੇ। ਛੇਕੜ ਮੈਨੂੰ ਟੁੰਬ ਹਿਲਾ ਕੇ ਬੋਲੇ—'ਮਾਂ! ਦਸ ਛੇਤੀ, ਮੇਰੀ ਅੰਮਾਂ ਦਾ ਕੀਹ ਹੁਕਮ ਹੈ? ਮੈਂ ਸਖਤ ਬੇਚੈਨ ਹਾਂ। ਮੇਰਾ ਖੂਨ ਉਬਲ ਰਿਹਾ ਹੈ ਅਰ ਮੇਰੇ ਵੱਸ ਤੋਂ ਬਾਹਰ ਜੋਸ਼ ਮਾਰਦਾ ਹੈ। 'ਤਦ ਮੈਂ ਦੱਸਿਆ:- ਤੇਰੇ ਲਈ ਕੋਈ ਹੁਕਮ ਨਹੀਂ, ਹੁਕਮ ਮੇਰੇ ਲਈ ਤੈਨੂੰ ਪਾਲਣਾ ਤੇ ਭੇਤ ਦੇ ਦੱਸਣ ਦਾ ਸੀ। ਹਾਂ, ਇਹ ਅਗੰਮ ਵਾਕ ਉਹ ਕਹਿ ਗਈ ਸੀ ਕਿ ਜਦੋਂ ਮੇਰਾ ਲਾਲ ਇਹ ਸੁਣੇਗਾ ਤਾਂ ਕਦੇ ਗ਼ੈਰਾਂ ਵਿਚ ਨਹੀਂ ਰਹੇਗਾ, ਆਪਣੀ ਵਾੜੀ ਵਿਚ ਜਾਏਗਾ। ਇਹੋ ਮੇਰੀ ਮਰਜ਼ੀ ਹੈ ਤੂੰ ਉਸ ਨੂੰ ਦੱਸ ਦੇਵੀਂ।' ਲਾਲ ਨੇ ਕਿਹਾ, 'ਇਸ ਤੋਂ ਉਤੇ ਹੋਰ ਕੀਹ ਹੁਕਮ ਹੈ? ਮੈਂ ਦੇਸ਼ ਅਪਣੇ ਜਾਵਾਂਗਾ ਅਰ ਅਪਣੀ ਮਾਂ ਦੇ ਕਾਤਲ ਦਾ ਸੀਸ ਨੇਜ਼ੇ ਤੇ ਟੰਗ ਕੇ ਖ਼ੈਬਰ ਦੇ ਦਰੇ ਵਿਚੋਂ ਨਿਹੱਤਾ ਲਿਜਾਂਵਾਂਗਾ ਅਰ ਪੰਜਾਬ ਦੇ ਦਰਯਾ ਇਸੇ ਤਰ੍ਹਾਂ ਪਾਰ ਕਰਾਂਗਾ। ਅਪਣੇ ਪਿਤਾ ਦੇ ਚਰਨਾਂ ਵਿਚ ਜਾ ਕੇ ਇਹ ਮਨਹੂਸ ਸਿਰ ਧਰਾਂਗਾ ਤੇ ਕਹਾਂਗਾ ਬਾਪੂ ਜੀ! ਏਹ ਮੂਜ਼ੀ ਹੈ, ਜਿਸ ਨੇ ਆਪ ਨੂੰ ਦੁੱਖ ਦਿੱਤਾ ਸੀ, ਮੈਨੂੰ ਸ਼ਾਬਾਸ਼ ਦਿਓ ਕਿ ਮੈਂ ਇੰਤਕਾਮ (ਬਦਲਾ) ਲੈ ਆਇਆ ਹਾਂ'। ਮੈਂ ਕਿਹਾ, 'ਲਾਲ ਜੀ! ਤੁਹਾਡੀ ਅੰਮੀ ਨੇ ਅਪਣੇ ਅੰਤ ਸਮੇਂ ਵੇਲੇ ਬੇਹੋਸ਼ ਹੋ ਜਾਣ ਤੋਂ ਪਹਿਲਾਂ ਇਕ ਅਪਣੇ ਪਤੀ ਤੇ ਕਾਕੀ ਦੀ ਸੁਖ ਸਲਾਮਤੀ ਲਈ ਪ੍ਰਾਰਥਨਾ ਕੀਤੀ ਸੀ, ਇਕ ਮੇਰੇ ਤੇ ਆਪਦੀ ਸੁਖ ਸਲਾਮਤੀ ਲਈ ਤੇ ਇਕ ਹਸਨ ਖਾਂ ਲਈ ਪ੍ਰਾਰਥਨਾ ਕੀਤੀ ਸੀ ਕਿ ਹੇ! ਪਰਮੇਸ਼ਰ! ਮੈਂ ਇਸ ਅਪਣੇ ਫੰਧਕ ਤੇ ਕਾਤਲ ਨੂੰ ਬੀ ਬਖਸ਼ਿਆ'। ਲਾਲ ਦੰਦ ਕ੍ਰੀਚ ਕੇ ਬੋਲਿਆ 'ਤਾਂ ਮੇਰੀ ਮਾਂ ਵਿਚ ਬਹਾਦਰੀ ਨਹੀਂ ਸੀ?' ਮੈਂ ਕਿਹਾ ਲਾਲ ਜੀ! ਤੁਸੀਂ ਅਜੇ ਸਿੱਖਾਂ ਤੋਂ ਵਾਕਫ ਨਹੀਂ ਹੋ, ਓਹ ਜਾਂਗਲੀ ਜੋਧੇ ਨਹੀਂ, ਓਹ ਉਤਸ਼ਾਹ ਭਰੇ ਬੀਰ ਹਨ।

-੧੯੬ -