ਅਬਦਾਲੀ ਮਰਹੱਟਿਆਂ ਦਾ ਪੰਜਾਬ ਵਿਚ ਆਉਣਾ ਸੁਣਕੇ ਲਹਾ ਲਾਖਾ ਹੋ ਰਿਹਾ ਸੀ, ਹੁਣ ਨਵੇਂ ਹਮਲੇ ਕਰਨ ਦੀਆਂ ਤਿਆਰੀਆਂ ਦੇ ਪ੍ਰਬੰਧ ਸੋਚ ਰਿਹਾ ਸੀ। ਤੈਮੂਰ ਪਿਛੇ ਸੂੰਹੀਏ ਛੱਡ ਆਇਆ ਸੀ, ਜੋ ਪੰਜਾਬ ਦੀ ਖਬਰ ਭੇਜਦੇ ਰਹਿਣ। ਜਦੋਂ ਕਾਫਲਾ ਜਲਾਲਾਬਾਦ ਤੋਂ ਟੁਰ ਕੇ ਚੋਰ ਗਲੀ ਪਹੁੰਚਾ, ਤਦ ਆਗ਼ਾ ਖਾਂ ਨੂੰ ਕੁਛ ਅਫਰੀਦੀ ਆਦਮੀ ਮਿਲੇ, ਜੋ ਪੰਜਾਬ ਤੋਂ ਤਾਜ਼ੀਆਂ ਖ਼ਬਰਾਂ ਅਬਦਾਲੀ ਪਾਸ ਲੈ ਜਾ ਰਹੇ ਸਨ। ਇਨ੍ਹਾਂ ਤੋਂ ਆਗ਼ਾ ਖਾਂ ਨੂੰ ਪਤਾ ਲਗਾ ਕਿ ਅਟਕ ਤੱਕ ਮਰਹੱਟੇ ਪਸਰ ਰਹੇ ਹਨ, ਅਰ ਇਸ ਸਰਹੱਦ ਉਤੇ ਮੋਰਚਾ ਬੰਨ੍ਹੀ ਬੈਠੇ ਹਨ, ਪ੍ਰੰਤੂ ਸਾਰੇ ਦੇਸ਼ ਵਿਚ ਸਿੱਖਾਂ ਦਾ ਸਿੱਕਾ ਚਲ ਰਿਹਾ ਹੈ ਅਰ ਉਨ੍ਹਾਂ ਦੀਆਂ ਫੌਜਾਂ ਫਿਰ ਰਹੀਆਂ ਹਨ ਅਰ ਅਪਣਿਆਂ ਇਲਾਕਿਆਂ ਤੇ ਕਬਜ਼ੇ ਕਰ ਕੇ ਪ੍ਰਬੰਧ ਕਰ ਰਹੀਆਂ ਹਨ। ਮਰਹੱਟੇ ਉਨ੍ਹਾਂ ਨੂੰ ਦਲ ਸਿੱਟਣ ਦੇ ਨਾਕਾਬਲ ਹਨ। ਇਹ ਗੱਲਾਂ ਸੁਣ ਕੇ ਆਗ਼ਾ ਖਾਂ ਦਾ ਦਿਲ ਖੁਸ਼ੀ ਨਾਲ ਉਛਲ ਪਿਆ ਕਿ ਮੈਂ ਉਸ ਵੇਲੇ ਅਪਣੇ ਦੇਸ਼ ਪਹੁੰਚਦਾ ਹਾਂ ਕਿ ਜਿਸ ਵੇਲੇ ਸੇਵਾ ਦਾ ਬਹੁਤ ਚੰਗਾ ਵਕਤ ਮਿਲੇਗਾ, ਕਿਉਂਕਿ ਉਸ ਨੂੰ ਪਤਾ ਸੀ ਕਿ ਅਬਦਾਲੀ ਨਵੇਂ ਹੱਲੇ ਦੀਆਂ ਤਿਆਰੀਆਂ ਕਰ ਰਿਹਾ ਹੈ, ਹਣ ਮੂੰਹ ਸਾਹਮਣੇ ਜੋੜ ਹੋਣਗੇ ਅਤੇ ਦੇਸ਼-ਰਖਯਾ ਵਿਚ ਸਰੀਰ ਲਾਉਣੇ ਦਾ ਅਵਸਰ ਮਿਲੇਗਾ।
ਹਸਨ ਖਾਂ ਦੇ ਸੂੰਹੀਏਂ ਜੋ ਹੁਣ ਤੱਕ ਨਾਲ ਰਹੇ ਸਨ, ਇਹਨਾਂ ਅਫ੍ਰੀਦੀਆਂ ਨਾਲ ਪਿੱਛੇ ਮੁੜ ਗਏ, ਇਹ ਪੱਕੀ ਤਸੱਲੀ ਲੈ ਕੇ ਕਿ ਆਗ਼ਾ ਖਾਂ ਦੀ ਦਾਈ ਕਾਫਲੇ ਵਿਚ ਨਹੀਂ ਹੈ। ਉਹਨਾਂ ਨੇ ਅਪਣੀ ਤਲਾਸ਼ ਵਿਚ ਰੱਤੀ ਕਸਰ ਨਹੀਂ ਸੀ ਛੱਡੀ। ਜਸਵੰਤ ਦਾ ਡੇਰਾ ਬੀ ਕਈ ਵੇਰ ਉਹਨਾਂ ਦੀ ਤ੍ਰਿੱਖੀ ਨਜ਼ਰ ਹੇਠੋਂ ਲੰਘਿਆ, ਪਰ ਭੇਸ ਵੱਟੇ ਵਿਚ ਕੱਖ ਪਤਾ ਨਾ ਲਗਾ। ਸੋ ਹੁਣ ਉਨ੍ਹਾਂ ਦੇ ਮੁੜ ਜਾਣ ਨਾਲ ਆਗ਼ਾ ਖਾਂ ਦੇ ਸਿਰ ਤੋਂ ਇਹ ਕਲੇਸ਼
-੨੦੦-