ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/268

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉਸ ਲਈ ਉਹ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰਖਦਾ ਸੀ। ਦਰਸ਼ਨ ਕਰਦੇ ਸਾਰ ਉਸ ਦੇ ਨੈਣ ਝਮਕਣਾ ਭੁੱਲ ਗਏ, ਮੂੰਹ ਅਡਿਆ ਗਿਆ, ਹਥ ਦੋਇ ਉਚੇ ਹੋ ਤਲੀਆਂ ਸਿਰ ਦੀ ਸੇਧੇ ਮੰਦਰ ਵਲ ਹੋ ਗਈਆਂ ਤੇ ਕੁਛ ਪਲਾਂ ਵਿਚ ਹੀ ਐਉਂ ਤੱਕ ਦਾ ਸਤਵੰਤ ਵਾਙੂ ਸਿਜਦੇ ਵਿਚ ਢਹਿ ਪਿਆ। ਬਾਕੀ ਰਹੀ ਅੰਮਾਂ ਸਾਈਂ ਜੀ, ਹਾਂ ਜੀ, ਉਹ ਸਿੱਖੀ ਮੰਡਲ ਵਿਚ ਪਲੀ, ਸਿੱਖ ਪ੍ਰੀਤਮਾ ਨੂੰ ਪਿਆਰ ਕਰਨ ਵਾਲੀ, ਸਿੱਖੀ ਵਲਵਲਿਆਂ ਨਾਲ ਭਰਪੂਰ, ਆਪਣੀ ਪ੍ਰੀਤਮਾ ਦੀ ਆਖ਼ਰੀ ਵਸੀਅਤ ਨੂੰ ਸਿਰੇ ਚਾੜ੍ਹਣ ਵਿਚ ਵਰ੍ਹਿਆਂ ਬੱਧੀ ਜੱਫਰ ਜਾਲਣ ਵਾਲੀ, ਮੌਤ ਤਕ ਦੀਆਂ ਖਾਖਾਂ ਵਿਚ ਪੈ ਪੈ ਕੇ ਨਿਕਲੀ ਪਰੇਮਣ, ਉਸ ਪ੍ਯਾਰ ਕੁੱਠੀ ਨੇ ਜਦ ਆਪਣੇ ਧਰਮ ਮੰਦਰ ਦੇ ਦਰਸ਼ਨ ਕੀਤੇ, ਨਿਰਾਸਤਾ ਤੋਂ ਪਈ ਨਿਰਾਸਤਾ ਦੇ ਮਗਰੋਂ ਜਦ ਅੱਜ ਆਸਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਤੇ ਪਿਆਰ ਨਾਲ ਘੁਲਦੀ ਘੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀਂ ਢੱਠਕੇ ਜਾ ਪਈ ਜਿਵੇਂ ਜਾ ਪਵੇ ਘੁਲਕੇ ਬਰਫ ਪਾਣੀਆਂ ਵਿਚ। ਚਾਰੇ ਪਏ ਹਨ, ਸਿਜਦੇ ਵਿਚ ਪਏ ਹਨ ਅਸਾਰ, ਪਰ ਮਦਮਸਤ ਕਿਸੇ ਰੰਗ ਵਿਚ, ਕਿਸੇ ਅੰਦਰਲੇ ਤ੍ਰਿੱਖੇ ਭਾਵ ਵਿਚ ਡੁਬੇ ਹੋਏ। ਪਏ ਰਹੇ ਸੁਹਣਿਓਂ! ਇਸੇ ਅੰਦਰਲੇ ਦੇ ਭਾਵ ਵਿਚ ਪਏ ਰਹਿਣਾ, ਹਾਂ, ਇਸ ਜੀਵਨ ਦਾ ਇਹੋ ਲਾਹਾ ਹੈ ਜੇ। ਇਹੋ ਸੁਆਦ ਹੈ ਜੇ, ਜੋ ਹੋਰਨਾਂ ਸੁਆਦਾਂ ਦੇ ਮਗਰ ਆਪਣੇ ਭੁਲਾਵੇ ਪਾ ਪਾ ਲਈ ਫਿਰਦਾ ਹੈ। ਇਹ ਸੁਆਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ, ਹਾਂ ਪਏ ਰਹੋ!

ਸਮਾਂ ਲੰਘਿਆ ਤਾਂ ਆਪਣੀ ਚਾਲੇ, ਪਰ 'ਵਿਸਮਾਦ ਮਸਤ' ਮਨਾਂ ਨੂੰ ਚਲਦਾ ਭਾਸਿਆ ਨਹੀਂ। ਹੁਣ ਉੱਠੇ, ਕੁਛ ਚਿਰ ਬਾਦ ਉੱਠ, ਸ਼ੁਕਰ ਸ਼ੁਕਰ ਵਿਚ ਭਰੇ ਸਰੋਵਰ ਕਿਨਾਰੇ ਬਹਿ ਗਏ। ਪਰ ਥੋੜੀ ਦੇਰ ਬਾਦ ਕੀ ਦੇਖਦੇ ਹਨ ਕਿ ਪਿੱਠ ਪਿਛੇ ਇਕ ਸਿੰਘ ਸੂਰਤ ਖੜੀ ਹੈ। ਸਤਵੰਤ ਨੇ ਤੱਕਿਆ, ਗਹੁ ਕੀਤੀ,

-੨੬੨-