ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਤਿਹਾਸ ਦੇ ਪੱਖੋਂ ਦੇਖਿਆਂ ਉਹ ਪੁਸਤਕਾਂ ਵਿਸ਼ੇਸ਼ ਤੌਰ ਉਤੇ ਲਾਹੇਵੰਦੀਆਂ ਹੋ ਸਕਦੀਆਂ ਹਨ, ਜਿਹੜੀਆਂ ਪੰਜਾਬੀ ਸਭਿਆਚਾਰ ਨਾਲ ਸੰਪਰਕ ਵਿਚ ਆਉਣ ਤੋਂ ਪਿੱਛੋਂ ਬਦੇਸ਼ੀਆਂ ਨੇ ਲਿਖੀਆਂ ਹਨ। ਉਨ੍ਹੀਵੀਂ ਸਦੀ ਦੇ ਪੰਜਾਬੀ ਜੀਵਨ ਬਾਰੇ ਅੰਗਰੇਜ਼ਾਂ ਦੀਆਂ ਲਿਖੀਆਂ ਪੁਸਤਕਾਂ ਭਰਪੂਰ ਜਾਣਕਾਰੀ ਦਾ ਸਰੋਤ ਹਨ। ਇਹ ਰਿਪੋਰਟਾਂ, ਰੀਪੋਰਤਾਜਾਂ, ਡਾਇਰੀਆਂ, ਸਿਮਰਤੀਆਂ, ਇਤਿਹਾਸ, ਸਰਵੇਖਣਾਂ ਆਦਿ ਦੀ ਸ਼ਕਲ ਵਿਚ ਹਨ, ਅਤੇ ਇਹਨਾਂ ਵਿਚ ਪੰਜਾਬੀ ਜੀਵਨ ਦੀ ਵੱਖ ਵੱਖ ਪੱਧਰਾਂ ਉਤੇ ਭਰਪੂਰ ਝਲਕ ਮਿਲਦੀ ਹੈ। ਇਹੋ ਜਿਹੀਆਂ ਲਿਖਤਾਂ ਹੋਰ ਪ੍ਰਦੇਸੀਆਂ ਦੀਆਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਅਜੇ ਤੱਕ ਵਰਤੋਂ ਵਿਚ ਨਹੀਂ ਲਿਆਂਦਾ ਗਿਆ।

ਸੋ ਉਪਰ ਗਿਣਵਾਏ ਗਏ ਬਹੁਤ ਸਾਰੇ ਖੇਤਰਾਂ ਨੂੰ ਪੰਜਾਬੀ ਸਭਿਆਚਾਰ ਦੇ ਅਧਿਐਨ ਦੇ ਸਰੋਤ ਵਜੋਂ ਵਰਤਣ ਦਾ ਆਰੰਭ ਕੀਤਾ ਗਿਆ ਹੈ। ਜਿਉਂ ਜਿਉਂ ਇਹ ਅਧਿਐਨ ਵਿਕਾਸ ਕਰੇਗਾ, ਆਧਾਰ-ਸਾਮਿਗਰੀ ਦੇ ਨਵੇਂ ਸਰੋਤ ਸਾਹਮਣੇ ਆਈ ਜਾਣਗੇ।

100