ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਸਮਾਜ ਵਿਚ, ਅਤੇ ਇਸ ਦੇ ਅਨੁਕੂਲ ਪੰਜਾਬੀ ਸਭਿਆਚਾਰ ਵਿਚ ਕੋਈ ਬੁਨਿਆਦੀ ਪਰਿਵਰਤਨ ਨਹੀਂ ਆਏ।

ਤਾਂ ਵੀ ਸੰਸਕ੍ਰਿਤ ਨੂੰ ਆਪਣੇ ਸਮੇਂ ਦੀ ਪੰਜਾਬੀ ਕਿਹਾ ਗਿਆ ਹੈ, ਅਤੇ ਵੇਦਾਂ ਨੂੰ (ਖ਼ਾਸ ਕਰਕੇ ਰਿਗਵੇਦ ਨੂੰ) ਪੰਜਾਬੀ ਦੀ ਰਚਨਾ ਕਿਹਾ ਗਿਆ ਹੈ। ਕਹਿਣ ਵਾਲਾ ਵੀ ਜੇ ਪ੍ਰਿੰਸੀਪਲ ਤੇਜਾ ਸਿੰਘ ਦੀ ਹੈਸੀਅਤ ਵਾਲਾ ਵਿਅਕਤੀ ਹੋਵੇ, ਤਾਂ ਇਸ ਗੱਲ ਉੱਤੇ ਕਿੰਤੂ ਨਹੀਂ ਕੀਤਾ ਜਾਣਾ ਚਾਹੀਦਾ, ਇਸ ਨੂੰ ਸਿਰਫ਼ ਦੁਹਰਾਇਆ ਹੀ ਜਾਣਾ ਚਾਹੀਦਾ ਹੈ। ਸੋ, ਕਈਆਂ ਨੇ ਇਸ ਗੱਲ ਨੂੰ ਦੁਹਰਾਇਆ ਵੀ ਹੈ। ਪਰ ਭਾਸ਼ਾ-ਵਿਗਿਆਨੀ ਇਹ ਕਹਿੰਦੇ ਹਨ ਕਿ ਉੱਤਰੀ ਭਾਰਤ ਦੀਆਂ ਸਾਰੀਆਂ ਆਧੁਨਿਕ ਭਾਸ਼ਾਵਾ ਪ੍ਰਾਕ੍ਰਿਤਾਂ ਅਤੇ ਅਪਭਰੰਸ਼ਾਂ ਦਾ ਸਫਰ ਤੈਅ ਕਰ ਕੇ ਸੰਸਕ੍ਰਿਤ ਵਿਚੋਂ ਹੀ ਨਿਕਲੀਆਂ ਹਨ। ਤਾਂ ਫਿਰ ਸੰਸਕ੍ਰਿਤ ਆਪਣੇ ਜ਼ਮਾਨੇ ਦੀ ਬੰਗਾਲੀ, ਮਰਾਠੀ, ਗੁਜਰਾਤੀ, ਬਰੱਜੀ ਆਦਿ ਕਿਉਂ ਨਹੀਂ? ਭਾਸ਼ਾ-ਵਿਗਿਆਨੀ ਇਹ ਵੀ ਦੱਸਦੇ ਹਨ ਕਿ ਵੇਦਿਕ ਸੰਸਕ੍ਰਿਤ ਵਿਚ ਦਰਾਵੜੀ ਦਾ ਰਲਾ ਬਹੁਤ ਜ਼ਿਆਦਾ ਹੈ, ਅਤੇ ਅੱਜ ਦੀਆਂ ਦੱਖਣੀ ਭਾਰਤੀ ਭਾਸ਼ਾਵਾਂ ਵਿਚ ਸੰਸਕ੍ਰਿਤ ਦੇ ਸ਼ਬਦ ਬਹੁਤ ਜ਼ਿਆਦਾ ਗਿਣਤੀ ਵਿਚ ਅਤੇ ਤਤਸਮ ਰੂਪ ਵਿਚ ਵੀ ਮਿਲਦੇ ਹਨ। ਤਾਂ ਫਿਰ, ਸੰਸਕ੍ਰਿਤ ਆਪਣੇ ਸਮੇਂ ਦੀ ਕੋਈ ਦਰਾਵੜੀ ਭਾਸ਼ਾ ਕਿਉਂ ਨਹੀਂ? ਫਿਰ, ਜੇ ਰਿਗਵੇਦ ਦੀ ਸੰਸਕ੍ਰਿਤ ਆਪਣੇ ਸਮੇਂ ਦੀ ਪੰਜਾਬੀ ਹੈ, ਕਿਉਂਕਿ ਉਹ ਉਸ ਖਿੱਤੇ ਦੀ ਭਾਸ਼ਾ ਸੀ ਜਿਸ ਨੂੰ ਮਗਰੋਂ ਪੰਜਾਬ ਕਿਹਾ ਜਾਣ ਲੱਗਾ, ਤਾਂ ਕੀ ਅੱਜ ਦੀ ਪੰਜਾਬੀ ਨੂੰ ਸੰਸਕ੍ਰਿਤ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਉਸੇ ਪੰਜਾਬ ਵਿਚ ਬੋਲੀ ਜਾਂਦੀ ਹੈ? ਜੇ ਕੋਈ ਦਲੀਲ ਆਪਣੇ ਮੰਤਕੀ ਸਿੱਟੇ ਤੱਕ ਪਹੁੰਚਦੀ ਪਹੁੰਚਦੀ ਹਾਸੋਹੀਣੀ ਲੱਗਣ ਲੱਗ ਜਾਏ ਤਾਂ ਉਹ ਦਲੀਲ ਨਹੀਂ ਹੁੰਦੀ, ਦਲੀਲ ਦਾ ਭੁਲਾਂਦਰਾ ਹੀ ਹੁੰਦੀ ਹੈ।

ਹੁਣ, ਜੇ ਅਸੀਂ ਅੱਜ ਦੀ ਸਥਿਤੀ ਵੱਲ ਆਈਏ, ਤਾਂ ਕੀ ਅੱਜ ਅਸੀਂ ਉਹਨਾਂ ਸਭਿਆਚਾਰਾਂ ਨੂੰ ਪੰਜਾਬੀ ਸਭਿਆਚਾਰ ਕਹਿ ਸਕਦੇ ਹਾਂ, ਜਿਹੜੇ ਆਪਣੀ ਸ੍ਵੈਧੀਨ ਹੋਂਦ ਦੇ ਰਾਹ ਉਤੇ ਤੁਰ ਪਏ ਹਨ? ਕੀ ਅੱਜ ਦੀ ਸਥਿਤੀ ਵਿਚ ਹਰਿਆਣਵੀ, ਪਹਾੜੀ ਅਤੇ ਡੋਗਰੀ ਸਭਿਆਚਾਰ ਪੰਜਾਬੀ ਦੇ ਉਪ-ਸਭਿਆਚਾਰ ਹੀ ਹਨ? ਭਾਵਕ ਤੌਰ ਉਤੇ ਤੀਬਰ ਇੱਛਾ ਦੇ ਬਾਵਜੂਦ ਇਹਨਾਂ ਸਵਾਲਾਂ ਦਾ ਜਵਾਬ 'ਹਾਂ' ਵਿਚ ਦੇਣਾ ਮੁਸ਼ਕਿਲ ਹੈ। ਤਾਂ ਫਿਰ ਹਰਿਆਣੇ, ਹਿਮਾਚਲ ਪ੍ਰਦੇਸ਼, ਜੰਮੂ ਆਦਿ ਦੇ ਇਲਾਕਿਆਂ ਨੂੰ ਅੱਜ ਪੰਜਾਬੀ ਸਭਿਆਚਾਰ ਦੇ ਭੂਗੋਲਿਕ ਖਿੱਤੇ ਵਿਚ ਕਿਵੇਂ ਸ਼ਾਮਲ ਕਰ ਲਿਆ ਜਾਏ?

ਪੂਰਬੀ (ਭਾਰਤੀ) ਪੰਜਾਬ ਅਤੇ ਪੱਛਮੀ (ਪਾਕਿਸਤਾਨੀ) ਪੰਜਾਬ ਦੇ ਸੰਬੰਧ ਵਿਚ ਇਹ ਸਮੱਸਿਆ ਕਿਸੇ ਹੋਰ ਰੂਪ ਵਿਚ ਸਾਹਮਣੇ ਆਉਂਦੀ ਹੈ। ਇੱਥੇ ਖਿੱਤਿਆਂ ਦੇ ਨਾਂ ਨਹੀਂ ਬਦਲੇ। ਦੋਵੇਂ 'ਪੰਜਾਬ' ਹੀ ਹਨ। ਪਰ ਦੋਹਾਂ ਖਿੱਤਿਆਂ ਉਪਰਲੇ ਜੀਵਨ ਅਤੇ ਸਭਿਆਚਾਰਾਂ ਦੇ ਬੁਨਿਆਦੀ ਘਟਕਾਂ ਅਤੇ ਵਿਕਾਸ ਦੀਆਂ ਹਾਲਤਾਂ ਵਿਚ ਫ਼ਰਕ ਬਹੁਤ

102