ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿਆਦਾ ਹੋ ਗਿਆ ਹੈ। ਭਾਰਤੀ ਪੰਜਾਬ ਵਿਚ ਕਿਸੇ ਇਕ ਮਜ਼੍ਹਬ ਦੀ ਵਿਚਾਰਧਾਰਾ ਨੂੰ ਐਲਾਨੀਆਂ ਤੌਰ ਉਤੇ ਰਾਜਸੀ ਨੀਤੀ ਦਾ ਆਧਾਰ ਨਹੀਂ ਬਣਾਇਆ ਗਿਆ, ਸਗੋਂ ਧਰਮ-ਨਿਰਪੇਖਤਾ ਨੂੰ (ਭਾਵੇਂ ਆਪਣੇ ਵਿਸ਼ੇਸ਼ ਅਰਥਾਂ ਵਿਚ ਹੀ) ਇਕ ਸ਼ਹਿਰੀ ਕਦਰ ਵਜੋਂ ਅਪਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਅੰਦਰੂਨੀ ਮੱਤਭੇਦਾਂ ਅਤੇ ਖਹਿ-ਮਖਹਿ ਦੇ ਬਾਵਜੂਦ ਧਾਰਮਿਕ ਅਨੇਕਤਾ ਕਾਇਮ ਰੱਖੀ ਜਾ ਰਹੀ ਹੈ। ਬੀਤੇ ਦੇ ਫ਼ਲਸਫ਼ੇ ਅਤੇ ਸਾਹਿਤ ਨੂੰ ਇਕ ਸਮੁੱਚ ਵਜੋਂ ਅਪਣਾਉਣ ਦੀ ਕੋਸ਼ਿਸ਼ ਹੋ ਰਹੀ ਹੈ; ਮਜ਼੍ਹਬੀ ਆਧਾਰ ਉਤੇ ਇਸ ਦੇ ਕਿਸੇ ਅੰਗ ਨੂੰ ਰੱਦ ਕਰਨ ਜਾਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ। ਪਰ ਪਾਕਿਸਤਾਨੀ ਪੰਜਾਬ ਵਿਚ ਉਪ੍ਰੋਕਤ ਸਭ ਕੁਝ ਦੀ ਤੁਲਨਾ ਵਿਚ ਇਕ ਵਿਸ਼ੇਸ਼ ਮਜ਼੍ਹਬ ਦੇ ਫ਼ਲਸਫ਼ੇ ਨੂੰ ਸ਼ਹਿਰੀ. ਸਮਾਜਕ ਅਤੇ ਰਾਜਨੀਤਕ ਜੀਵਨ ਦਾ ਇੱਕੇ ਇਕ ਆਧਾਰ ਐਲਾਨਿਆਂ ਗਿਆ ਹੈ, ਜਿਸ ਨਾਲ ਧਾਰਮਿਕ ਇਕਹਿਰਾਪਣ ਕਾਇਮ ਹੋ ਗਿਆ ਹੈ। ਬੀਤੇ ਦੇ ਫ਼ਲਸਫ਼ੇ ਅਤੇ ਸਾਹਿਤ ਨੂੰ ਵੀ ਇਸੇ ਇਕਹਿਰੇਪਣ ਦੇ ਦ੍ਰਿਸ਼ਟੀਕੋਣ ਤੋਂ ਅਪਣਾਉਣ ਅਤੇ ਅਰਥਾਉਣ ਦੇ ਯਤਨ ਕੀਤੇ ਜਾ ਰਹੇ ਹਨ। ਗ਼ੈਰ-ਮੁਸਲਿਮ ਸਾਹਿਤ ਨੂੰ ਆਪਣੀ ਸਾਹਿਤਕ ਪਰੰਪਰਾ ਵਿਚ ਮਾਨਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦੋਵੇਂ ਪੰਜਾਬ ਅੱਜ ਵੱਖ ਵੱਖ ਰਾਜਸੀ ਪ੍ਰਣਾਲੀਆਂ ਅਧੀਨ ਰਹਿ ਰਹੇ ਹਨ। ਭਾਸ਼ਾ ਦੇ ਪੱਖੋਂ, ਭਾਰਤੀ ਪੰਜਾਬ ਵਿਚ ਠੇਠ ਪੰਜਾਬੀ ਭਾਸ਼ਾ ਦਾ ਆਧਾਰ ਮਾਝੀ ਹੀ ਹੈ, ਪਰ ਪਾਕਿਸਤਾਨੀ ਪੰਜਾਬ ਵਿਚ ਇਸ ਨੂੰ ਬਦਲ ਕੇ ਲਹਿੰਦੀ ਜਾਂ ਕਿਸੇ ਹੋਰ ਮਿਸ਼ਰਤ ਉਪਭਾਸ਼ਾ ਨੂੰ ਇਸ ਦੀ ਥਾਂ ਦੇਣ ਦੀਆਂ ਕੋਸ਼ਿਸ਼ਾਂ ਦੇ ਚਿੰਨ੍ਹ ਬੜੇ ਪ੍ਰਤੱਖ ਦਿੱਸਦੇ ਹਨ। ਭਾਰਤੀ ਪੰਜਾਬ ਵਿਚ ਪੰਜਾਬੀ ਨੂੰ ਰਾਜ-ਭਾਸ਼ਾ ਵਜੋਂ ਮਾਣਤਾ ਦਿਤੇ ਜਾਣਾ, ਕਈ ਹੋਰ ਪ੍ਰਤਿਕੂਲ ਹਾਲਤਾਂ ਦੇ ਬਾਵਜੂਦ ਕਿਸ ਹੱਦ ਤਕ ਇਸ ਦੀ ਤਰੱਕੀ ਵਿਚ ਤੇਜ਼ੀ ਲਿਆਉਣ ਦਾ ਕਾਰਨ ਬਣਿਆ ਹੈ। ਪਰ ਪਾਕਿਸਤਾਨੀ ਪੰਜਾਬ ਵਿਚ ਇਸ ਨੂੰ ਅਜੇ ਵੀ ਦਬਾਉਣ ਦੇ ਅਤੇ ਚੇਤੰਨ ਤੌਰ ਉਤੇ ਵਿਗਾੜਨ ਦੇ ਯਤਨ ਹੋ ਰਹੇ ਹਨ। ਅਗਲੇਰੇ ਵਿਕਾਸ ਵਿਚ ਵੀ ਭਾਰਤੀ ਪੰਜਾਬੀ ਵਲੋਂ ਆਪਣੇ ਸ਼ਬਦ-ਭੰਡਾਰ ਵਿਚਲੇ ਅਰਬੀ-ਫ਼ਾਰਸੀ ਮੂਲ ਵਾਲੇ ਸ਼ਬਦਾਂ ਨੂੰ (ਭਾਵੇਂ ਘਟਦੀ ਮਾਤਰਾ ਵਿਚ ਹੀ) ਕਾਇਮ ਰੱਖਦਿਆਂ ਹਿੰਦੀ ਅਤੇ ਸੰਸਕ੍ਰਿਤ ਵਿਚੋਂ ਤਤਸਮ ਜਾਂ ਤਦਭਵ ਰੂਪ ਵਿਚ ਸ਼ਬਦ ਲੈ ਕੇ ਨਵੀਆਂ ਲੋੜਾਂ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪਾਕਿਸਤਾਨੀ ਪੰਜਾਬ ਵਿਚ, ਜਿਥੇ ਪਹਿਲਾਂ ਹੀ ਹਿੰਦੀ ਅਤੇ ਸੰਸਕ੍ਰਿਤ ਮੂਲ ਵਾਲੇ ਸ਼ਬਦਾਂ ਦੀ ਬਹੁਤੀ ਥਾਂ ਨਹੀਂ ਸੀ, ਸਿਰਫ਼ ਅਰਬੀ ਅਤੇ ਫ਼ਾਰਸੀ ਹੀ ਸਰੋਤ-ਭਾਸ਼ਾ ਵਜੋਂ ਵਰਤੀਆਂ ਜਾ ਰਹੀਆਂ ਹਨ। ਕੌਮੀ ਸਮੂਹ ਵਿਚ ਪੰਜਾਬੀ ਉਪ-ਸਮੂਹ ਦੀ ਗਿਣਤੀ, ਥਾਂ ਅਤੇ ਰੋਲ ਦਾ ਵੀ ਦੋਹਾਂ ਪਾਸਿਆਂ ਵੱਲ ਫ਼ਰਕ ਹੈ। ਇਸ ਤਰ੍ਹਾਂ ਦੇ ਹੋਰ ਕਈ ਕਾਰਨ ਦੋਹਾਂ ਪਾਸਿਆਂ ਦੇ ਸਭਿਆਚਾਰਾਂ ਵਿਚ ਫ਼ਰਕ ਲਿਆਉਣ, ਜਾਰੀ ਰੱਖਣ ਅਤੇ ਵਧਾਉਣ ਲਈ ਜ਼ਿੰਮੇਵਾਰ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਹਾਂ ਪਾਸਿਆਂ ਦੇ ਪੰਜਾਬੀ ਜਨ-ਸਮੂਹਾਂ ਵਿਚਕਾਰ ਪ੍ਰਸਪਰ ਕਰਮ-ਪ੍ਰਤਿਕਰਮ ਦੀ ਅਣਹੋਂਦ ਹੈ ਅਤੇ ਇਹ ਅਣਹੋਂਦ ਉਹਨਾਂ ਦੀ ਸਭਿਆਚਾਰਕ

103