ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਏ, 'ਕੌਮਾਂਤਰੀ' ਜਾਂ 'ਪਰਾ-ਭੂਗੋਲਿਕ' ਸਭਿਆਚਾਰ ਕਿਉਂ ਨਹੀਂ? ਅਤੇ ਇਸ ਵਿਚ ਉਹ ਸਾਰੇ ਲੋਕ ਕਿਉਂ ਨਾ ਸ਼ਾਮਲ ਕਰ ਲਏ ਜਾਣ ਜਿਹੜੇ ਧਰਤੀ ਦੇ ਕਿਸੇ ਖ਼ਾਸ ਟੁੱਕੜੇ ਨਾਲ ਨਹੀਂ ਬੱਝੇ ਹੋਏ, ਜਿਵੇਂ ਕਿ ਟਪਰੀਵਾਸ?! ਜਾਂ ਫਿਰ ਇਹ ਵਿਚਾਰ ਫ਼ਲਸਤੀਨੀ ਮੁਕਤੀ ਮੋਰਚੇ ਕੋਲ ਵੇਚਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਤਾਂ ਕਿ ਉਹ ਆਪਣੇ ਵਿਸ਼ੇਸ਼ ਖਿੱਤੇ ਵਿਚ ਆਪਣੀ ਮੁੜ-ਬਹਾਲੀ ਦੀ ਮੰਗ ਕਰਨ ਦੀ ਥਾਂ ਕੌਮਾਂਤਰੀ, ਪਰਾ-ਭੂਗੋਲਿਕ ਸੰਕਲਪ ਹੋਣ ਵਿਚ ਸ਼ਾਂਤੀ ਲੱਭੇ! ਦੁਨੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਲ ਹੋ ਜਾਣਗੀਆਂ!

1983 ਵਿਚ ਦਸੰਬਰ ਦੇ ਆਖ਼ਰੀ ਹਫ਼ਤੇ, ਦਿੱਲੀ ਵਿਚ ਹੋਈ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਵਿਚ ਪ੍ਰਬੰਧਕਾਂ ਵਲੋਂ (ਖ਼ਾਸ ਕਰਕੇ ਵਿਸ਼ਵਾਨਾਥ ਤਿਵਾੜੀ ਅਤੇ ਜਸਬੀਰ ਸਿੰਘ ਆਹਲੂਵਾਲੀਆ ਵਲੋਂ) ਤਾਂ ਪੰਜਾਬੀਅਤ ਦਾ ਉਪ੍ਰੋਕਤ ਕਿਸਮ ਦਾ ਪਰਾ-ਭੂਗੋਲਿਕ, ਕੌਮਾਂਤਰੀਵਾਦੀ ਸੰਕਲਪ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਬਹੁਤੇ ਬੁਲਾਰਿਆਂ ਵਲੋਂ ਭੂਗੋਲਿਕ ਨਿਸਚਿਤਤਾ ਅਤੇ ਵਿਸ਼ੇਸ਼ ਜੀਵਨ-ਢੰਗ ਨਾਲ ਇਸ ਦੇ ਲਾਜ਼ਮੀ ਸੰਬੰਧ ਉਪਰ ਜ਼ੋਰ ਦਿੱਤਾ ਜਾ ਰਿਹਾ ਸੀ। ਟ੍ਰਿਬਿਊਨ, ਚੰਡੀਗੜ੍ਹ, ਦੇ ਉਸ ਵੇਲੇ ਦੇ ਮੁੱਖ ਸੰਪਾਦਕ ਪ੍ਰੇਮ ਭਾਟੀਆ ਨੇ ਠੀਕ ਹੀ ਪੰਜਾਬੀਅਤ ਦੇ ਪਰਿਭਾਸ਼ਿਕ ਤੱਤਾਂ ਵਿਚ ਇਹ ਕੁੱਝ ਗਿਣਵਾਇਆ ਸੀ: ਵਿਸ਼ੇਸ਼ ਖਿੱਤੇ, ਵਿਸ਼ੇਸ਼ ਸਭਿਆਚਾਰਕ ਸਮੂਹ ਅਤੇ ਵਿਸ਼ੇਸ਼ ਜੀਵਨ-ਢੰਗ ਨਾਲ ਸੰਬੰਧਤ ਹੋਣ ਵਿਚ ਮਾਨ ਮਹਿਸੂਸ ਕਰਨਾ, ਅਤੇ ਸਭ ਤੋਂ ਵੱਧ, ਪੰਜਾਬੀ ਭਾਸ਼ਾ ਦਾ ਪਿਆਰ, ਕਿਉਂਕਿ ਪੰਜਾਬੀ ਭਾਸ਼ਾ ਤੋਂ ਸਿਵਾ ਪੰਜਾਬੀਅਤ ਦਾ ਵਧੇਰੇ ਸੱਚਾ ਦਰਪਣ ਹੋਰ ਕੋਈ ਨਹੀਂ।"

ਨਿਸਚਿਤ ਭੂਗੋਲਿਕ ਖਿੱਤਾ, ਵਿਸ਼ੇਸ਼ ਜੀਵਨ-ਢੰਗ ਅਤੇ ਭਾਸ਼ਾ ਮਿਲ ਕੇ ਹੀ ਕਿਸੇ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੇ ਹਨ। ਇਹਨਾਂ ਵਿਚੋਂ ਕੋਈ ਇਕ ਵੱਖਰੇ ਤੌਰ ਉੱਤੇ ਸਭਿਆਚਾਰ ਲਈ ਨਿਸਚਿਤਕਾਰੀ ਮਹੱਤਾ ਨਹੀਂ ਰੱਖਦਾ, ਨਾ ਹੀ ਇਹਨਾਂ ਵਿਚੋਂ ਕਿਸੇ ਇਕ ਨੂੰ ਕੱਢ ਕੇ ਸਭਿਆਚਾਰ ਦੀ ਕਲਪਣਾ ਕੀਤੀ ਜਾ ਸਕਦੀ ਹੈ।

ਬਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਪੰਜਾਬੀ ਸਭਿਆਚਾਰ ਲਈ ਉਦੋਂ ਤੱਕ ਹੀ ਸਾਪੇਖਤਾ ਰਖਦੇ ਹਨ, ਜਦੋਂ ਤੱਕ ਉਹ ਪਿੱਛੇ ਆਪਣੀ ਮਿੱਟੀ ਦੀ ਮਹਿਕ ਲਈ, ਆਪਣੀ ਭਾਸ਼ਾ ਲਈ ਅਤੇ ਆਪਣੇ ਜੀਵਨ-ਢੰਗ ਵਿਚ ਵਾਪਸ ਪਰਤਣ ਲਈ ਲੁੱਛਦੇ ਹਨ। ਜਦੋਂ ਇਹ ਸਿੱਕ ਨਾ ਰਹੀ, ਉਦੋਂ ਪੰਜਾਬੀ ਸਭਿਆਚਾਰ ਉਹਨਾਂ ਲਈ ਕੋਈ ਅਰਥ ਨਹੀਂ ਰੱਖੇਗਾ, ਅਤੇ ਪੰਜਾਬੀ ਸਭਿਆਚਾਰ ਲਈ ਉਹ ਕੋਈ ਅਰਥ ਨਹੀਂ ਰੱਖਣਗੇ।

ਵੈਸੇ ਵੀ ਜਦੋਂ ਕੋਈ ਆਪਣੇ ਸਭਿਆਚਾਰ ਦੇ ਭੂਗੋਲਿਕ ਚੌਖਟੇ ਨੂੰ ਛੱਡ ਕੇ ਕਿਸੇ ਦੂਜੇ ਸਭਿਆਚਾਰ ਦੇ ਭੂਗੋਲਿਕ ਚੌਖਟੇ ਵਿਚ ਚਲਾ ਜਾਂਦਾ ਹੈ, ਤਾਂ ਉਸ ਦਾ ਸਭਿਆਚਾਰਕ ਲੈਣ-ਦੇਣ, ਕਰਮ-ਪ੍ਰਤਿਕਰਮ ਉੱਥੋਂ ਦੇ ਸਭਿਆਚਾਰ ਨਾਲ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ੁਰੂ ਹੋਇਆ ਸਭਿਆਚਾਰੀਕਰਨ ਦਾ ਅਮਲ ਅਤੇ ਇਸ ਦੇ ਸਿੱਟੇ ਉਸ ਦੇ ਨਵੇਂ

105