ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੀ ਗੱਲ, 'ਪੰਜਾਬੀ ਸਭਿਆਚਾਰ' ਅਤੇ 'ਪੰਜਾਬ ਦੇ ਸਭਿਆਚਾਰ' ਇੱਕੋ ਚੀਜ਼ ਨਹੀਂ, ਬਿਲਕੁਲ ਜਿਸ ਤਰ੍ਹਾਂ 'ਪੰਜਾਬੀ ਸਾਹਿਤ' ਅਤੇ 'ਪੰਜਾਬ ਦਾ ਸਾਹਿਤ, ਦੇ ਵੱਖੋ ਵੱਖਰੀਆਂ ਚੀਜ਼ਾਂ ਹਨ। ਪੰਜਾਬ ਦੇ ਸਾਹਿਤ ਦੀ ਗੱਲ ਅਸੀਂ ਬੇਸ਼ਕ ਰਿਗਵੇਦ ਤੋਂ ਵੀ ਸ਼ੁਰੂ ਕਰ ਸਕਦੇ ਹਾਂ, ਅਤੇ ਇਸ ਵਿਚ ਅੱਜ ਦੇ ਉਹ ਸਾਹਿਤ ਵੀ ਸ਼ਾਮਲ ਕਰ ਸਕਦੇ ਹਾਂ, ਜਿਹੜੇ ਪੰਜਾਬੀ ਵਿਚ ਨਹੀਂ ਪਰ ਪੰਜਾਬ ਵਿਚ ਜਾਂ ਪੰਜਾਬੀਆਂ ਵਲੋਂ ਰਚੇ ਗਏ ਹਨ। ਪਰ ਪੰਜਾਬੀ ਸਾਹਿਤ ਭਾਸ਼ਾ-ਆਧਾਰਿਤ ਸ਼ਨਾਖ਼ਤ ਉੱਪਰ ਨਿਰਭਰ ਕਰੇਗਾ, ਅਤੇ ਇਸ ਦਾ ਆਰੰਭ ਉਦੋਂ ਤੋਂ ਹੀ ਹੋਇਆ ਮੰਨਿਆ ਜਾਵੇਗਾ, ਜਦੋਂ ਤੋਂ ਪੰਜਾਬੀ ਭਾਸ਼ਾ ਦਾ ਅਤੇ ਇਸ ਵਿਚ ਮਿਲਦੇ ਸਾਹਿਤ ਦਾ।

ਪੰਜਾਬੀ ਸਭਿਆਚਾਰ ਦੇ ਰੂਪ ਧਾਰਨਾ ਸ਼ੁਰੂ ਕਰਨ ਦਾ ਸਮਾਂ ਲੱਗਪਗ ਉਹੀ ਹੈ, ਜਦੋਂ ਪੰਜਾਬੀ ਭਾਸ਼ਾ ਨੇ ਰੂਪ ਧਾਰਨਾ ਸ਼ੁਰੂ ਕੀਤਾ। ਇਹ ਨੌਵੀਂ ਤੋਂ ਬਾਰ੍ਹਵੀਂ ਸਦੀ ਈਸਵੀ ਦਾ ਸਮਾਂ ਦੱਸਿਆ ਜਾਂਦਾ ਹੈ। ਇਹ ਸਮਾਂ ਸੀ ਜਦੋਂ ਇਸ ਦੇ ਸਮਾਜੀ-ਆਰਥਕ ਜੀਵਨ ਵਿਚ ਮਹੱਤਵਪੂਰਨ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋਈਆਂ। ਇਹਨਾਂ ਤਬਦੀਲੀਆਂ ਦੇ ਪ੍ਰਗਟਾਅ ਦਾ ਇਕ ਰੂਪ ਇਹ ਸੀ ਕਿ ਇਥੋਂ ਦੇ ਜਨ-ਸਮੂਹ ਦੀ ਸ਼ਨਾਖ਼ਤ ਕਿਸੇ ਵਿਅਕਤੀ, ਕੁਟੰਬ, ਕਬੀਲੇ, ਸਮਾਜੀ-ਆਰਥਕ ਸੰਗਠਨ ਦੀ ਥਾਂ ਇਥੋਂ ਦੀ ਭੂਗੋਲਿਕ ਇਕਾਈ ਦੇ ਹਵਾਲੇ ਨਾਲ ਹੋਣੀ ਸ਼ੁਰੂ ਹੋਈ। ਦੂਜੇ ਸ਼ਬਦਾਂ ਵਿਚ, ਪੰਜਾਬੀ ਕੌਮੀਅਤ ਨੇ ਰੂਪ ਧਾਰਨਾ ਸ਼ੁਰੂ ਕੀਤਾ। ਇਸ ਤੋਂ ਮਗਰੋਂ ਅੱਜ ਤੱਕ ਦਾ ਰਾਜਨੀਤਕ ਅਤੇ ਸਭਿਆਚਾਰਕ ਇਤਿਹਾਸ ਇਸੇ ਕੌਮੀਅਤ ਦੇ ਰੂਪ ਧਾਰਨ ਵਿਚ ਹੁੰਦੀ ਪ੍ਰਤੀ ਜਾਂ ਆਓਂਦੀਆਂ ਕਠਿਨਾਈਆਂ ਦਾ ਇਤਿਹਾਸ ਹੈ।

ਰਾਜਨੀਤਕ ਖੇਤਰ ਵਿਚ ਇਸ ਸਮੇਂ ਦੀ ਸਭ ਤੋਂ ਮਹੱਤਵਪੂਰਣ ਘਟਨਾ ਉੱਤਰ-ਪੱਛਮ ਵਲੋਂ ਮੁਸਲਮਾਨਾਂ ਦੇ ਹਮਲੇ ਸਨ, ਜਿਨ੍ਹਾਂ ਨੇ ਪਹਿਲਾਂ ਹੀ ਜਰਜਰੀ ਹੋਈ ਹੋਈ ਭਾਰਤ ਦੀ ਰਾਜਕੀ ਬਣਤਰ ਨੂੰ ਢਾਹ ਢੇਰੀ ਕੀਤਾ। ਪੁਰਾਣੀ ਸਮਾਜਕ ਬਣਤਰ ਨੂੰ ਤੋੜਨ ਵਿਚ ਅਤੇ ਨਵੇਂ ਅੰਸ਼ਾਂ ਨੂੰ ਜਨਮ ਦੇਣ ਵਿਚ ਵੀ ਇਹਨਾਂ ਨੇ ਕਈ ਤਰ੍ਹਾਂ ਨਾਲ ਹਿੱਸਾ ਪਾਇਆ। ਸੰਨ 1000 ਈ. ਤੋਂ ਮਗਰੋਂ ਇਸਲਾਮੀ ਹਮਲੇ ਏਨੀ ਤੇਜ਼ੀ ਨਾਲ ਹੋਣੇ ਸ਼ੁਰੂ ਹੋਏ ਕਿ ਸਥਾਨਕ ਨਜ਼ਾਮ ਨੂੰ ਉਹ ਸੰਭਲਣ ਦਾ ਮੌਕਾ ਹੀ ਨਹੀਂ ਸਨ ਦੇਂਦੇ। ਇਸ ਤੋਂ ਛੁਟ, ਇਹ ਹਮਲੇ ਕਾਫ਼ਰਾਂ ਨੂੰ ਸੋਧਣ ਦੇ ਨਾਅਰੇ ਹੇਠ ਕੀਤੇ ਗਏ। ਹਮਲਾਵਰਾਂ ਲਈ ਸਾਰੇ ਹਿੰਦੁਸਤਾਨੀ ਕਾਫ਼ਰ ਸਨ, ਭਾਵੇਂ ਉਹ ਕਿਸੇ ਕੁਟੰਬ, ਕਬੀਲੇ, ਜ਼ਾਤ, ਵਰਣ ਜਾਂ ਸਮੂਹ ਨਾਲ ਸੰਬੰਧਤ ਹੋਣ। ਇਸ ਲਈ ਉਹਨਾਂ ਸਾਹਮਣੇ ਦੋ ਹੀ ਰਾਹ ਹੁੰਦੇ ਸਨ ― ਜਾਂ ਇਸਲਾਮ ਧਾਰਨ ਕਰਨ, ਜਾਂ ਮੌਤ ਦੇ ਘਾਟ ਉਤਾਰ ਦਿੱਤੇ ਜਾਣ। ਮਹਿਮੂਦ ਗ਼ਜ਼ਨਵੀ ਨੇ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾ ਲਿਆ, ਅਤੇ ਉਸ ਦੇ ਉੱਤਰਾਧਿਕਾਰੀ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਸ ਤਰ੍ਹਾਂ, ਹਮਲਾਵਰ ਬਣ ਕੇ ਆਏ ਮੁਸਲਮਾਨ ਇਥੇ ਆ ਕੇ ਰਾਜ ਕਰਨ ਲੱਗੇ ਅਤੇ ਇਸ ਥਾਂ ਨੂੰ ਆਪਣਾ ਘਰ ਬਣਾ ਕੇ

106