ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਹੇ ਦਾ ਹੁੰਦਾ ਸੀ। 'ਖਾ ਗਏ, ਰੰਗ ਲਾ ਗਏ, ਜੋੜ ਗਏ ਸੋ ਰੋੜ੍ਹ ਗਏ' ਦਾ ਅਖਾਣ ਇਹੋ ਜਿਹੀਆਂ ਹਾਲਤਾਂ ਦੀ ਹੀ ਉਪਜ ਹੈ।

ਰਣ-ਜੂਝਣ ਲਈ ਹਮੇਸ਼ਾਂ ਤਿਆਰ ਰਹਿਣ ਕਾਰਨ ਕਿਸੇ ਲੰਮੀ ਯੋਜਨਾਬੰਦੀ ਲਈ ਸਮਾਂ ਨਹੀਂ ਸੀ ਹੁੰਦਾ। ਮਾਅਰਕੇਬਾਜ਼ੀ ਅਤੇ ਹਰ ਨਵੀ ਸਥਿੱਤੀ ਨੂੰ ਅੱਗੇ ਦੀ ਹੋ ਕੇ ਮਿਲਣ ਦੀ ਰੁਚੀ ਪੈਦਾ ਹੋਈ। ਸਾਧਾਰਨ ਸਮਿਆਂ ਵਿਚ ਵੀ ਇਸ ਰੁਚੀ ਦਾ ਪ੍ਰਗਟਾਅ ਉਪਯੋਗਤਾਵਾਦ ਅਤੇ ਤੱਟ-ਚੱਟ ਸਿੱਟਿਆਂ ਦੀ ਆਸ ਰੱਖਣ ਵਿਚ ਹੋਇਆ। ਇਸੇ ਰੁਚੀ ਨੇ ਐਸੇ ਖੇਤਰਾਂ ਨੂੰ ਪੰਜਾਬੀ ਪਹੁੰਚ ਤੋਂ ਬਾਹਰ ਰੱਖਿਆ, ਜਿਨ੍ਹਾਂ ਵਿਚ ਪਰਾਪਤੀਆਂ ਲਈ ਨਿਰੰਤਰ ਅਤੇ ਲੰਮੇ ਸਮੇਂ ਦੀ ਘਾਲਣਾ ਦੀ ਲੋੜ ਹੁੰਦੀ ਸੀ। ਕਲਾ-ਸਾਧਨਾ ਉਪਰ ਇਸ ਦਾ ਪ੍ਰਤੱਖ ਅਸਰ ਪਿਆ। ਪੰਜਾਬ ਵਿਚ ਐਸੀ ਕੋਈ ਕਲਾ ਨਹੀਂ ਪਨਪ ਸਕੀ ਜਿਸ ਲਈ ਪੀੜ੍ਹੀਆਂ ਦੀ ਸਾਧਨਾ ਅਤੇ ਮਿਹਨਤ ਦੀ ਲੋੜ ਹੁੰਦੀ ਸੀ। ਲੋਕ-ਕਲਾ ਦੀ ਪ੍ਰਬਲਤਾ ਇਸੇ ਤਰ੍ਹਾਂ ਦੀ ਸਥਿਤੀ ਦੀ ਹੀ ਉਪਜ ਹੈ।

ਪੰਜਾਬੀ ਸੁਭਾਅ ਦੀ ਇਹੀ ਮਾਨਸਿਕਤਾ ਧਰਮ ਦੇ ਖੇਤਰ ਵਿਚ ਵੀ ਪ੍ਰਗਟ ਹੁੰਦੀ ਹੈ। ਤਪ ਅਤੇ ਤਿਆਗ ਪੰਜਾਬੀ ਸੁਭਾ ਵਿਚ ਪਹਿਲ ਨਹੀਂ ਰੱਖਦੇ। ਖਾਂਦਿਆਂ, ਪੀਂਦਿਆਂ, ਸੰਸਾਰਕ, ਸਮਾਜਕ ਅਤੇ ਪਰਵਾਰਕ ਜ਼ਿਮੇਵਾਰੀਆਂ ਨਿਭਾਹੁੰਦਿਆਂ ਮੁਕਤ ਹੋਣਾ ਪੰਜਾਬੀ ਅਧਿਆਤਮਕਤਾ ਦਾ ਟੀਚਾ ਹੈ। 'ਉਸ ਸੰਸਾਰ' ਨਾਲੋਂ 'ਇਸ ਸੰਸਾਰ’ ਉਤੇ ਜ਼ੋਰ ਹੈ। ਪੰਜਾਬੀ ਦਾ ਧਰਮ ਇਕ ਸਮਝ ਆਉਣ ਵਾਲਾ ਸਮਾਜਕ ਵਿਹਾਰ ਦਾ ਜ਼ਾਬਤਾ ਹੈ। ਇਸ ਤੋਂ ਬਾਹਰ ਉਹ ਬਹੁਤੀਆਂ ਸੂਰਤਾਂ ਵਿਚ ਧਾਰਮਿਕ ਨਹੀਂ ਹੁੰਦਾ, ਧਰਮ ਦੀ ਉਪਯੋਗੀ ਢੰਗ ਨਾਲ ਵਰਤੋਂ ਹੀ ਕਰ ਰਿਹਾ ਹੁੰਦਾ ਹੈ।

ਸਰਹੱਦੀ ਪ੍ਰਾਂਤ ਹੋਣ ਕਾਰਨ ਹੀ ਪੰਜਾਬ ਵਿਚ ਵੱਧ ਤੋਂ ਵੱਧ ਨਸਲੀ ਮਿਸ਼ਰਨ ਹੋਇਆ। ਮੁਹਿੰਮਾਂ ਲਈ ਤਿਆਰ-ਬਰ-ਤਿਆਰ ਰਹਿਣ ਦੀ ਤਤਪਰਤਾ ਅਤੇ ਪੌਸ਼ਟ ਅਹਾਰ ਪੈਦਾ ਕਰ ਸਕਣ ਦੇ ਅਨੁਕੂਲ ਭੂਗੋਲਿਕ ਹਾਲਤਾਂ ਦੇ ਨਾਲ ਨਾਲ, ਪੰਜਾਬੀਆਂ ਦੀ ਸਰੀਰਕ ਸੁਡੌਲਤਾ ਦਾ ਤੀਜਾ ਕਾਰਨ ਇਹ ਨਸਲੀ ਮਿਸ਼ਰਨ ਹੈ। ਸਭਿਆਚਾਰਕ ਮਿਸ਼ਰਨ ਵੀ ਵੱਧ ਤੋਂ ਵੱਧ ਪੰਜਾਬ ਵਿਚ ਹੀ ਮਿਲਦਾ ਹੈ। ਵੱਖੋ ਵੱਖਰੀਆਂ ਕੌਮਾਂ ਅਤੇ ਨਸਲਾਂ ਤੋਂ ਮਿਲੇ ਅੰਸ਼ ਪੰਜਾਬੀ ਸਭਿਆਚਾਰ ਨੇ ਆਪਣੇ ਸਭਿਆਚਾਰਕ ਸਿਸਟਮ ਵਿਚ ਹਜ਼ਮ ਕਰ ਲਏ ਹਨ।

ਆਰਥਕ ਪੱਖੋਂ ਪੰਜਾਬ ਨੂੰ ਵੱਡੀ ਸਨਅਤ ਤੋਂ ਵਾਂਝਿਆਂ ਰੱਖਣ ਦਾ ਇਕ ਕਾਰਨ ਇਹ ਦਿੱਤਾ ਜਾਂਦਾ ਹੈ ਕਿ ਇਹ ਸਰਹੱਦੀ ਇਲਾਕਾ ਹੈ। ਇਸ ਦਾ ਦੂਜਾ ਕਾਰਨ ਇਕ ਹੋਰ ਭੂਗੋਲਿਕ ਤੱਥ - ਇਸ ਦੀ ਧਰਤੀ ਦੀ ਉਪਜਾਊ ਹੋਣਾ ਹੈ। ਇਸ ਤਰਾਂ ਧਰਤੀ ਦੇ ਉਪਜਾਊ ਹੋਣ ਦਾ 'ਵਰ’ ਪੰਜਾਬ ਲਈ ਵਧੇਰੇ ਵਿਸ਼ਾਲ ਸੰਦਰਭ ਵਿਚ 'ਸਰਾਪ' ਵੀ ਹੈ ਨਿੱਬੜਿਆ ਹੈ। ਪੰਜਾਬ ਦੀ ਧਰਤੀ ਦੇ ਉਪਜਾਊ ਹੋਣ ਕਾਰਨ ਹੀ ਇਸ ਦੇ ਅੰਦਰਲੇ ਖਣਿਜ ਪਦਾਰਥਾਂ ਨੂੰ ਲੱਭਣ ਦੀ ਲੋੜ ਨਹੀਂ ਪਈ। ਇਸ ਦਾ ਆਰਥਿਕਤਾ ਅਤੇ ਸਭਿਆ

116