ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚਕਾਰ ਸੰਚਾਰ-ਖੱਪਾ ਨਾ ਪੈਦਾ ਹੋਇਆ ਅਤੇ ਉਸ ਦੇ ਵਿਚਾਰ ਆਪਣੇ ਪਾਠਕਾਂ ਤੱਕ ਪੁਜਦੇ ਰਹੇ। ਇਸ ਨਾਲ ਲੇਖਕ, ਪਾਠਕ ਅਤੇ ਸਭਿਆਚਾਰ-ਤਿੰਨਾਂ ਨੂੰ ਹੀ ਲਾਭ ਹੋਇਆ। ਕੋਈ ਸਭਿਆਚਾਰ ਖੜੋਤ ਦਾ ਸ਼ਿਕਾਰ ਇਸੇ ਕਰਕੇ ਹੋ ਜਾਂਦਾ ਹੈ ਕਿ ਉਹ ਆਪਣੀ ਹੀ ਪੁਨਰ-ਸਿਰਜਣਾ ਦਾ ਨਿਰੰਤਰ ਅਮਲ ਛੱਡ ਦੇਂਦਾ ਹੈ।

(ਅ) ਕਿਸੇ ਸਭਿਆਚਾਰ ਦਾ ਭੂਗੋਲਿਕ ਚੌਖਟਾ ਅਤੇ ਉਸ ਵਿਚ ਮਿਲਦੀਆਂ ਹਾਲਤਾਂ ਉਸ ਸਭਿਆਚਾਰ ਲਈ ਕਿਵੇਂ ਸਮੇਂ ਦਾ ਕੰਮ ਦੇਂਦੀਆਂ ਹਨ, ਇਹ ਅਸੀਂ ਪਿੱਛਲੇ ਕਾਂਡ ਵਿਚ ਵਿਸਥਾਰ ਨਾਲ ਦੇਖ ਚੁੱਕੇ ਹਾਂ। ਪੰਜਾਬ ਦੇ ਪਦਾਰਥਕ ਸਭਿਆਚਾਰ ਦੀ ਪ੍ਰਤੀ, ਇਸ ਪ੍ਰਤੀ ਦੀ ਪ੍ਰਕਿਰਤੀ, ਅਤੇ ਇਸ ਦੇ ਪਛੜੇਵੇਂ ਦੇ ਪਿੱਛੇ ਤਾਂ ਭੂਗੋਲਿਕ ਤੱਤ ਕੰਮ ਕਰਦਾ ਦੇਖਿਆ ਹੀ ਜਾ ਸਕਦਾ ਹੈ, ਪਰ ਪੰਜਾਬੀ ਸਭਿਆਚਾਰ ਦੇ ਪ੍ਰਤਿਮਾਨਿਕ ਅਤੇ ਬੋਧਾਤਮਕ ਅੰਗਾਂ ਪਿੱਛੇ ਇਹ ਅੰਸ਼ ਕਿਵੇਂ ਅਤੇ ਕਿਥੋਂ ਤੱਕ ਕਿਰਿਆਸ਼ੀਲ ਹੈ, ਇਹ ਵੀ ਅਸੀਂ ਦੇਖ ਚੁੱਕੇ ਹਾਂ। ਅੱਜ ਵੀ ਆਪਣੀਆਂ ਭੂਗੋਲਿਕ ਹਾਲਤਾਂ ਨੂੰ ਆਪਣੇ ਆਸ਼ਿਆਂ ਦੇ ਅਨੁਕੂਲ ਢਾਲਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ ਅਤੇ ਆਪਣੇ ਸਭਿਆਚਾਰ ਦੇ ਵੱਖ ਵੱਖ ਅੰਗਾਂ ਨੂੰ ਨਵੇਂ ਅੰਸ਼ ਦੇ ਰਹੀ ਹੈ। ਹਰਾ ਇਨਕਲਾਬ, ਨਵੀਆਂ ਨਵੀਆਂ ਫ਼ਸਲਾਂ, ਨਵੇਂ ਬੀਜ, ਨਵੇਂ ਸਮਾਜੀ-ਆਰਥਕ ਸੰਗਠਨ, ਵਿਗਿਆਨ ਨਾਲ ਵਹ ਪੈਣ ਕਾਰਣ ਨਵੇਂ ਬੋਧਾਤਮਕ ਅੰਸ਼ ਇਸੇ ਪ੍ਰਕਿਰਿਆ ਦਾ ਸਿੱਟਾ ਹਨ।

(ੲ) ਲੋਕਯਾਨ, ਉਪਰ (ਓ) ਭਾਗ ਵਿਚ ਪੇਸ਼ ਕੀਤੇ ਵਿਚਾਰਾਂ ਦੀ ਚੰਗੀ ਉਦਾਹਰਣ ਦਾ ਕੰਮ ਵੀ ਦੇ ਸਕਦਾ ਹੈ ਅਤੇ ਸ੍ਵੈਧੀਨ ਤੌਰ ਉੱਤੇ ਇਹ ਸਭਿਆਚਾਰੇ ਦਾ ਭੰਡਾਰ ਵੀ ਅਤੇ ਸੋਮਾ ਵੀ ਹੁੰਦਾ ਹੈ।

ਹਰ ਸਭਿਆਚਾਰ ਲਈ ਆਪਣਾ ਲੋਕਯਾਨ ਸਾਂਭੀ ਹੋਈ ਸਿਆਣਪ, ਦਾ ਅਖੁੱਟ ਸੌਮਾਂ ਹੁੰਦਾ ਹੈ। ਪੰਜਾਬੀ ਸਭਿਆਚਾਰ ਦਾ ਅਧਿਐਨ ਕਰਨ ਵਾਲੇ ਕਈ ਵਿਦਵਾਨ ਪੂਰਨ ਭਗਤ ਅਤੇ ਰਾਜਾ ਰਸਾਲੂ ਦੀਆਂ ਕਥਾਵਾਂ ਨੂੰ ਇਸ ਵਿਚ ਕੇਂਦਰੀ ਸਥਾਨ ਦੇਂਦੇ ਹਨ, ਜਿਨ੍ਹਾਂ ਤੋਂ ਪੰਜਾਬੀ ਕਦਰ-ਪ੍ਰਣਾਲੀ ਅਤੇ ਪੰਜਾਬੀ ਆਚਰਨ ਦੇ ਅੰਸ਼ਾਂ ਦੀ ਸਾਂਝ ਅਤੇ ਨਿਰੰਤਰਤਾ ਦਾ ਪਤਾ ਲੱਗਦਾ ਹੈ। ਪੌਰਾਣਿਕ ਗਾਥਾਵਾਂ, ਲੋਕ-ਕਥਾਵਾਂ ਅਤੇ ਯੋਧਿਆਂ ਦੀਆਂ ਵਾਰਾਂ ਕਿਸੇ ਸਭਿਆਚਾਰ ਦੀਆਂ ਕੇਂਦਰੀ ਕਦਰਾਂ-ਕੀਮਤਾਂ ਨੂੰ ਪੇਸ਼ ਕਰਦੀਆਂ ਅਤੇ ਇਹਨਾਂ ਨੂੰ ਜਿਉਂਦਿਆਂ ਰੱਖਦੀਆਂ ਹਨ। ਹਰ ਕੌਮ ਅਖਾਉਤਾਂ ਅਤੇ ਮੁਹਾਵਰਿਆਂ ਦੀ ਸ਼ਕਲ ਵਿਚ ਆਪਣੀ ਸਿਆਣਪ ਮਗਰਲੀਆਂ ਪੁਸ਼ਤਾਂ ਦੀ ਅਗਵਾਈ ਲਈ ਸਾਂਭ ਕੇ ਰੱਖਦੀ ਹੈ। ਲੋਕਗੀਤ ਸਾਡੇ ਭਾਵਕ ਪ੍ਰਗਟਾਅ ਦੇ ਢੰਗਾਂ ਨੂੰ ਪੇਸ਼ ਵੀ ਕਰਦੇ ਹਨ ਅਤੇ ਸੋਧ ਵੀ ਦੇਂਦੇ ਹਨ। ਲੋਕਯਾਨ ਕੋਈ ਸਥਿਰ ਵਰਤਾਰਾ ਨਹੀਂ ਸਗੋਂ ਨਿਰੰਤਰ ਵਹਿੰਦਾ ਸੋਮਾ ਹੈ, ਜਿਸ ਨੂੰ ਅਸੀਂ ਵਰਤਦੇ ਹੋਏ ਉਸ ਵਿਚ ਆਪਣਾ ਯੋਗਦਾਨ ਵੀ ਪਾਈ ਜਾਂਦੇ ਹਾਂ। ਲੋਕਯਾਨ ਉਹ ਸੋਮਾ ਹੈ, ਜਿਸ ਨਾਲੋਂ ਟੁੱਟ ਕੇ ਕੋਈ ਵੀ ਸਭਿਆਚਾਰ ਬਹੁਤੀ ਦੇਰ ਜਿਉਂਦਾ ਨਹੀਂ ਰਹਿ ਸਕਦਾ।

122