ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/129

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਾਗ (ਖਮਾਜ, ਜ਼ਿੱਲਾ, ਯਮਨ ਆਦਿ). ਨਰਿਤ (ਕੱਥਕ), ਸਾਜ਼ (ਸਾਰੰਗੀ, ਤਾਊਸ, ਸਿਤਾਰੇ, ਅਲਗੋਜ਼ਾ) ਆਦਿ ਇਸਲਾਮੀ ਪ੍ਰਭਾਵ ਹੇਠ ਵਿਗਸੇ। ਪੰਜਾਬੀ ਲਿਬਾਸ ਨੂੰ ਇਸਲਾਮੀ ਦੇਣ, ਅਚਕਨ, ਪਾਜਾਮੀ, ਕੁਰਤਾ, ਚੋਗਾ,, ਜਾਮਾ ਆਦਿ ਦੀ ਸ਼ਕਲ ਵਿਚ ਹੈ। ਵਿਦਿਅਕ ਖੇਤਰ ਵਿਚ ਮਦਰੱਸਿਆਂ ਦੀ ਕਾਇਮੀ ਅਤੇ ਮਜ਼ਮੂਨਾਂ ਦੀ ਵੰਨਸੁਵੰਨਤਾ ਇਸਲਾਮ ਨਾਲ ਹੀ ਆਈ। ਯੂਨਾਨੀ ਚਕਿਤਸਾ ਭਾਵੇਂ ਨਾਂ ਕਰਕੇ ਯੂਨਾਨੀ ਹੈ, ਪਰ ਸਾਡੇ ਤੱਕ ਇਹ ਅਰਬਾਂ ਰਾਹੀਂ ਹੀ ਪੁੱਜੀ ਹੈ। ਭਵਣ-ਨਿਰਮਾਣ ਕਲਾ ਨੂੰ ਵੀ ਮੁਸਲਮਾਨਾਂ ਨੇ ਕਈ ਸ਼ਾਹਕਾਰ ਉਸਾਰੀਆਂ ਦਿੱਤੀਆਂ। ਵਿਸ਼ਾਲ ਖੇਤ ਉਪਰ ਫੈਲ ਹੋਏ, ਝਰਨਿਆਂ ਅਤੇ ਫੁਹਾਰਿਆਂ ਨਾਲ ਸਜੇ ਹੋਏ, ਫੁੱਲਾਂ ਅਤੇ ਫਲਾਂ ਨਾਲ ਲੱਦੇ ਹੋਏ ਬਾਗਾਂ ਦਾ ਜਾਲ ਵੀ ਮੁਗਲ ਸੁਹਜ-ਸੁਆਦ ਦੀ ਉਪਜ ਸੀ। ਭਾਸ਼ਾ ਦੇ ਪੱਖੋਂ ਜਿਥੇ ਅਰਬੀ ਅਤੇ ਫ਼ਾਰਸੀ ਦੀ ਸਬਦਾਵਲੀ ਨੇ ਸਾਡੀ ਭਾਸ਼ਾ ਨੂੰ ਅਮੀਰ ਕੀਤਾ, ਉਥੇ ਉਰਦੂ ਵਰਗੀ ਜ਼ਬਾਨ ਨੂੰ ਜਨਮ ਵੀ ਦਿੱਤਾ, ਜਿਹੜੀ ਹੋਰ ਸਥਾਨਕ ਭਾਸ਼ਾਵਾਂ ਦੇ ਨਾਲ, ਮਗਰੋਂ ਜਾ ਕੇ ਪੰਜਾਬੀ ਮਾਨਸਿਕਤਾ ਦੇ ਪ੍ਰਗਟਾਅ ਦਾ ਇਕ ਜ਼ੋਰਦਾਰ ਮਾਧਿਅਮ ਬਣ ਗਈ।

ਤੀਜਾ ਸਭ ਤੋਂ ਵੱਡਾ ਸੋਮਾ ਅੰਗਰੇਜ਼ੀ ਸੰਪਰਕ ਸੀ, ਜਿਸ ਨਾਲ ਸਾਰਾ ਪੱਛਮ ਸਾਨੂੰ ਪ੍ਰਭਾਵਿਤ ਕਰਨ ਲਈ ਉਮਲ ਪਿਆ। ਅੰਗਰੇਜ਼ਾਂ ਦਾ ਸ਼ੁਰੂ ਤੋਂ ਹੀ ਮੰਤਵ ਇਥੇ ਵੱਸਣਾ ਨਹੀਂ ਸੀ, ਸਗੋਂ ਇਥੋਂ ਦਾ ਧਨ ਲੁੱਟ ਕੇ ਪਿੱਛੇ ਆਪਣੇ ਦੇਸ ਭੇਜਣਾ ਸੀ। ਸਾਡੀ ਅਸਲ ਗੁਲਾਮੀ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਈ। ਤਾਂ ਵੀ, ਅੰਗਰੇਜ਼ਾਂ ਨਾਲ ਸੰਪਰਕ ਨੇ ਸਾਡੇ ਸਭਿਆਚਾਰ ਵਿਚ ਕਈ ਬੁਨਿਆਦੀ ਖਾਸੇ ਵਾਲੀਆਂ ਤਬਦੀਲੀਆਂ ਲਿਆਂਦੀਆਂ। ਪੱਛਮ ਦੀ ਤਾਰਕਿਕ ਸੋਚ ਨੇ ਸਾਨੂੰ ਆਪਣੇ ਸਾਰੇ ਪਿੱਛੱੜਕ ਉਤੇ ਮੁੜ ਝਾਤ ਮਾਰਨ ਲਈ ਮਜ਼ਬੂਤ ਕੀਤਾ ਅਤੇ ਅਸੀਂ ਆਪਣੇ ਵਿਰਸੇ ਦਾ ਪੁਨਰ ਮੁਲਾਂਕਣ ਕਰਨ ਲੱਗੇ। ਇਸ ਨਾਲ ਪੁਨਰ-ਜਾਗ੍ਰਿਤੀ ਦੀਆਂ ਉਹ ਸਾਰੀਆਂ ਲਹਿਰਾਂ ਸ਼ੁਰੂ ਹੋਈਆਂ, ਜਿਨ੍ਹਾਂ ਨੇ ਸਾਡੇ ਦ੍ਰਿਸ਼ਟੀਕੋਨ ਅਤੇ ਵਿਸ਼ਵਾਸਾਂ ਨੂੰ ਬਦਲ ਦਿੱਤਾ।

ਵਿਦਿਅਕ ਪਿੜ੍ਵ ਵਿਚ ਸਾਂਝੇ ਪਾਠ-ਕਰਮ ਵਾਲੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ, ਇਹਨਾਂ ਵਿਚ ਵਰਤੋਂ ਲਈ ਆਧੁਨਿਕ ਗਿਆਨ ਨੂੰ ਪੇਸ਼ ਕਰਦੀਆਂ ਪਾਠ-ਪੁਸਤਕਾਂ ਅਤੇ ਉਹਨਾਂ ਨੂੰ ਲਿਖਣ/ਛਾਪਣ ਲਈ ਬੋਰਡਾਂ ਦੀ ਕਾਇਮੀ, ਪੱਛਮ ਦੇ ਸਾਹਿਤ, ਗਿਆਨ ਅਤੇ ਵਿਗਿਆਨ ਤੱਕ ਸਿੱਧੀ ਰਸਾਈ ਆਦਿ ਨੇ ਸਾਡੀ ਬੁੱਧੀ ਨੂੰ ਨਾ ਸਿਰਫ਼ ਪ੍ਰਵਲਤ ਹੀ ਕੀਤਾ, ਸਗੋਂ ਖੁਦ ਪ੍ਰਾਪਤੀਆਂ ਕਰਨ ਲਈ ਅੰਕੁਸ਼ ਵੀ ਲਾਇਆ। ਕੌਮੀ ਜਾਤੀ, ਆਜ਼ਾਦੀ, ਲੋਕਰਾਜ ਆਦਿ ਵਰਗੇ ਸੰਕਲਪ ਸਾਹਮਣੇ ਆਏ। ਆਰਥਿਕ ਖੇਤਰ ਵਿਚ ਅੰਗਰੇਜ਼ਾਂ ਰਾਹੀਂ ਆਈਆਂ ਸਾਰੀਆਂ ਮਾੜੀਆਂ (ਸਥਾਨਕ ਦਸਤਕਾਰੀ ਦਾ ਖ਼ਾਤਮਾ ਆਦਿ) ਤੇ ਚੰਗੀਆਂ (ਰੇਲਾਂ ਦੀ ਕਾਇਮੀ, ਕਾਰਖ਼ਾਨੇਦਾਰੀ, ਸਾਂਝੀ ਮੁਦਰਾ-ਪ੍ਰਣਾਲੀ, ਟੈਕਸ ਪ੍ਰਣਾਲੀ ਆਦਿ) ਤਬਦੀਲੀਆਂ ਨੇ ਸਾਰੇ ਦੇਸ਼ ਲਈ ਇਕ ਸਾਝੀ ਨਿਆਂ-ਪ੍ਰਣਾਲੀ ਦੀ

126