ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦਾ ਹੈ। ਇਸ ਪੱਖੋਂ ਸਿਰਫ਼ ਗਿਣਤੀ ਵਿਚ ਵਾਧਾ-ਘਾਟਾ ਹੈ ਸਕਦਾ ਹੈ, ਗੁਣ ਵਜੋਂ ਨਹੀਂ। ਦੂਜੇ, ਬਹਾਦਰੀ ਆਪਣੇ ਆਪ ਵਿਚ ਕੋਈ ਬੁਨਿਆਦ ਕਦਰ ਨਹੀਂ ।ਕਦਰ ਉਸ ਆਸ਼ੇ ਦੀ ਹੁੰਦੀ ਹੈ ਜਿਸ ਲਈ ਇਹ ਦਿਖਾਈ ਜਾਂਦੀ ਹੈ। ਉਸੇ ਆਸ਼ੇ ਦੇ ਹਵਾਲੇ ਨਾਲ ਹੀ ਇਸ ਦਾ ਖਾਸਾ ਨਿਸਚਿਤ ਹੁੰਦਾ ਹੈ, ਕਿ ਇਹ ਦਲੇਰੀ ਅਤੇ ਆਪ-ਵਾਰੁ ਭਾਵਨਾ ਦਾ ਪ੍ਰਗਟਾਅ ਹੈ ਜਾਂ ਨਿਰਦੈਤਾ ਅਤੇ ਜ਼ੁਲਮ ਦਾ। ਫਿਰ, ਸ਼ਰਫ਼ ਤੇਗਾਂ ਮਾਰਨ ਦਾ ਨਾਮ ਹੀ ਬਹਾਦਰੀ ਨਹੀਂ, ਸਗੋਂ ਤੱਤੀਆਂ ਤਵੀਆਂ ਉਤੇ ਬੈਠਣ ਅਤੇ ਬੰਦ ਬੰਦ ਕਟਵਾਉਣ ਦਾ ਨਾਮ ਵੀ ਬਹਾਦਰੀ ਹੈ; ਸਿਰ ਉੱਚਾ ਚੁੱਕ ਕੇ ਜ਼ਿੰਦਗੀ ਦਾ ਸਾਹਮਣਾ ਕਰਨਾ ਵੀ ਬਹਾਦਰੀ ਹੈ। ਪਰ, ਬਹਾਦਰੀ ਦੇ ਇਹ ਸਾਰੇ ਰੂਪ ਹੀ ਹਰ ਸਭਿਆਚਾਰ ਦਾ ਅੰਗ ਨਹੀਂ ਹੁੰਦੇ। ਇਸੇ ਤਰ੍ਹਾਂ ਬਾਕੀ ਦੇ ਗੁਣ ਵੀ ਸਭਿਆਚਾਰ ਦੇ ਲਗਭਗ ਸਰਬ-ਵਿਆਪਕ ਗੁਣ ਹਨ, ਜਿਹੜੇ ਹਰ ਸਭਿਆਚਾਰ ਦੀ ਕੇਂਦਰੀ ਕਦਰ ਨਾਲ ਸੰਬੰਧ ਰੱਖਦਿਆਂ ਹੀ ਆਪਣੀ ਵਿਲੱਖਣਤਾ ਉਘਾੜਦੇ ਹਨ।

ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਅਤੇ ਪੰਜਾਬੀ ਸਭਿਆਚਾਰ ਉਤੇ ਨਜ਼ਰ ਮਾਰ ਕੇ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਵਿਚ ਜਿਹੜੀ ਕਦਰ ਕੇਂਦਰੀ ਮਹੱਤਾ ਰੱਖਦੀ ਦਿੱਸਦੀ ਹੈ, ਉਹ ਉਹੀ ਹੈ ਜਿਸ ਨੂੰ ਕਦੀ ਬਾਬਾ ਸ਼ੇਖ ਫ਼ਰੀਦ ਨੇ ਇਹਨਾਂ ਸ਼ਬਦਾਂ ਵਿਚ ਪ੍ਰਗਟਾਇਆ ਸੀ:

"ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ॥

ਜੇ ਤੂ ਏਵੇਂ ਰਖਸੀ ਜੀਉ ਸਰੀਰਹੁ ਲੇਹਿ॥ 42 "

ਇਹ 'ਬਾਰਿ ਪਰਾਇ ਬੈਸਣ' ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੋ ਜਿਊਣ ਨਾਲੋਂ ਤਾਂ ਨਾ ਜੀਉਣਾ ਵਧੇਰੇ ਚੰਗਾ ਹੈ।

ਬਾਬਾ ਫ਼ਰੀਦ ਦੀ ਕਦਰ-ਪ੍ਰਣਾਲੀ ਵਿਚ ਹੋਰ ਬੜੇ ਗੁਣ ਸ਼ਾਮਲ ਹਨ - ਮਿੱਠਾ ਬੋਲਣਾ, ਕਿਸੇ ਦਾ ਦਿਲ ਨਾ ਦੁਖਾਉਣਾ, ਘਰ ਆਏ ਮਿੱਤਰਾਂ ਦੀ ਵਿੱਤ ਮੂਜਬ ਵਧ ਚੜ੍ਹ ਕੇ ਸੇਵਾ ਕਰਨਾ, ਮੰਦੇ ਕਰਮ ਨਾ ਕਰਨਾ, ਮੁਸੀਬਤਾਂ ਦੇ ਰੂ-ਬਰੂ ਪਿਆਰ ਤੋਂ ਮੂੰਹ ਨਾ ਮੁੜਨਾ, ਧਨ ਦੌਲਤ ਨੂੰ ਝੂਠਾ ਸੌਦਾ ਸਮਝਣਾ, ਬੁਰੇ ਦਾ ਵੀ ਭਲਾ ਕਰਨਾ, ਬੁਰਾਈ ਦਾ ਜਵਾਬ ਹੋਰ ਵੱਡੀ ਬੁਰਾਈ ਨਾਲ ਨਹੀਂ, ਸਗੋਂ ਮੁਆਫ਼ ਕਰ ਦੇਣ ਨਾਲ ਦੇਣਾ ("ਜੋ ਤੇ ਮਾਰਨ ਮੁੱਕੀਆਂ..."), ਲਾਲਚ ਨੂੰ ਪਿਆਰ ਦੀ ਬੁਨਿਆਦ ਨਾ ਬਨਾਉਣਾ, ਆਦਿ। ਇਹਨਾਂ ਸਾਰੇ ਗੁਣਾਂ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ; ਇਹਨਾਂ ਉਤੇ ਪੂਰੇ ਨਾ ਉਤਰਨ ਦੀ ਸਜ਼ਾ ਵੀ ਹੈ:- ਲਾਅਣਤ-ਮਲਾਮਤ ਤੋਂ ਲੈ ਕੇ ਦੋਜ਼ਖ਼ੀ ਅੱਗ ਵਿਚ ਸੜਣ ਤੱਕ। ਪਰ ਇੱਕੋ ਇੱਕ ਗੁਣ ਜਿਹੜਾ ਜ਼ਿੰਦਗੀ ਦੇ ਬਰਾਬਰ ਹੋ ਨਿੱਬੜਦਾ ਹੈ, ਉਹ ਹੈ ਸ੍ਵੈਧੀਨਤਾ ਦਾ ਜੀਵਨ, 'ਬਾਰਿ ਪਰਾਏ ਨਾ ਬੈਸਣ' ਦਾ ਜੀਵਨ।

ਜੇ ਦੇਖਿਆ ਜਾਏ ਤਾਂ ਉਪ੍ਰੋਕਤ ਸਾਰੀ ਕਦਰ-ਪ੍ਰਣਾਲੀ ਪੰਜਾਬੀ ਸਭਿਆਚਾਰ ਦੀ

130