ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਨੁੱਖੀ ਸਮਾਜਾਂ ਨਾਲੋਂ ਨਿਖੇੜਦੇ ਹਨ। ਸਭਿਆਚਾਰ ਦੇ ਕਲਾਵੇ ਵਿਚ ਜੀਵਨ ਦੇ ਸਾਰੇ ਖੇਤਰ ਹੀ ਆ ਜਾਂਦੇ ਹਨ। ਇਸ ਤੋਂ ਛੁੱਟ ਸਭਿਆਚਾਰ ਸਾਡੇ ਲਈ ਇਕ ਕੁਦਰਤੀ ਵਰਤਾਰਾ ਹੈ, ਜਿਵੇਂ ਮੱਛੀ ਲਈ ਪਾਣੀ ਵਿਚ ਰਹਿਣਾ, ਜਾਂ ਮਨੁੱਖ ਲਈ ਹਵਾ ਵਿਚ ਸਾਹ ਲੈਣਾ, ਜਾਂ ਰਗਾਂ ਵਿਚ ਖੂਨ ਦਾ ਦੌੜਨਾ। ਇਹ ਵਰਤਾਰਾ ਸਾਡੇ ਲਈ ਅਪੋਹ ਅਤੇ ਅਚੇਤ ਹੀ ਰਹਿੰਦਾ ਹੈ, ਜਦੋਂ ਤਕ ਕਿ ਹਾਲਾਤ ਸਾਨੂੰ ਸਾਡੇ ਸਭਿਆਚਾਰਕ ਮਾਹੌਲ ਵਿਚੋਂ ਕੱਢ ਕੇ ਕਿਸੇ ਹੋਰ ਸਭਿਆਚਾਰਕ ਮਾਹੌਲ ਵਿਚ ਨਾ ਸੁੱਟ ਦੇਣ, ਜਿਸ ਸੂਰਤ ਵਿਚ ਸਾਡੀ ਵੀ ਹਾਲਤ ਉਸੇ ਤਰ੍ਹਾਂ ਦੀ ਹੋ ਜਾਏਗੀ, ਜਿਸ ਤਰ੍ਹਾਂ ਦੀ ਪਾਣੀ ਤੋਂ ਬਾਹਰ ਆ ਗਈ ਮੱਛੀ ਦੀ ਜਾਂ ਹਵਾ ਤੋਂ ਬਿਨਾਂ ਆਦਮੀ ਦੀ ਹੁੰਦੀ ਹੈ; ਜਾਂ ਫਿਰ ਜਦੋਂ ਤਕ ਸਾਡਾ ਭਰਪੂਰ ਤਰ੍ਹਾਂ ਨਾਲ ਕਿਸੇ ਦੂਜੇ ਸਭਿਆਚਾਰ ਨਾਲ ਵਾਹ ਨਾ ਪਵੇ, ਜਿਸ ਅਵਸਥਾ ਨੂੰ ਕਿ ਸਭਿਆਚਾਰੀਕਰਨ ਦਾ ਨਾਂ ਦਿੱਤਾ ਜਾਂਦਾ ਹੈ। ਦੋਹਾਂ ਹੀ ਸੂਰਤਾਂ ਵਿਚ ਓਪਰੇ ਸਭਿਆਚਾਰ ਦੀ ਰਗੜ ਤੋਂ ਪੈਦਾ ਹੁੰਦਾ ਕਲੇਸ਼ ਸਾਨੂੰ ਆਪਣੀ ਵੱਖਰੀ ਸਭਿਆਚਾਰਕ ਹੋਣ ਦਾ ਅਹਿਸਾਸ ਕਰਾਉਂਦਾ ਹੈ।

ਜਦੋਂ ਕੋਈ ਪਿੰਡਾਂ ਵਿਚੋਂ ਉਠਿਆ, ਕੇਵਲ ਗੁਰਮੁਖੀ ਜਾਣਦਾ ਪੰਜਾਬੀ ਇੰਗਲੈਂਡ ਵਰਗੀ ਥਾਂ ਚਲਾ ਜਾਂਦਾ ਹੈ, ਤਾਂ ਇਸ ਓਪਰੇ ਮਾਹੌਲ ਵਿਚ ਉਸ ਦੀ ਪਹਿਲੀ ਸ਼ਨਾਖ਼ਤ ਇਸ ਕਰਕੇ ਨਹੀਂ ਹੁੰਦੀ ਕਿ ਉਹ ਭੰਗੜਾ ਪਾ ਸਕਦਾ ਹੈ, ਜਾਂ ਕੋਈ ਲੋਕ-ਗੀਤ ਗਾ ਸਕਦਾ ਹੈ, ਜਾਂ ਫਿਰ ਪਿੱਛੇ ਉਸ ਦੇ ਦੇਸ਼ ਵਿਚ ਵੀ ਕੋਈ ਕਲਾ ਹੈ, ਜਿਹੜੀ ਇੰਗਲੈਂਡ ਦੀ ਕਲਾ ਨਾਲੋਂ ਵੱਖਰੀ ਹੈ। ਇਹਨਾਂ ਗੱਲਾਂ ਦੀ ਚੇਤਨਤਾ ਵੀ ਆਵੇਗੀ, ਪਰ ਮਗਰੋਂ। ਸਭ ਤੋਂ ਪਹਿਲਾਂ ਉਸ ਦੇ ਵਰਤ-ਵਿਹਾਰ, ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਢੰਗ ਆਦਿ ਕਰਕੇ ਉਸ ਦੀ ਨਿਵੇਕਲਤਾ ਦਿੱਸੇਗੀ, ਅਤੇ ਓਥੋਂ ਦੇ ਲੋਕਾਂ ਵਿਚ ਵੀ ਸਭ ਤੋਂ ਪਹਿਲਾਂ ਸ਼ਾਇਦ ਉਸ ਨੂੰ ਇਹੀ ਫ਼ਰਕ ਉਘੜਵੇਂ ਹੋ ਕੇ ਦਿਸਣਗੇ। ਕਿਸੇ ਜਨ-ਸਮੂਹ ਦੀ ਨਿਵੇਕਲੀ ਪਛਾਣ ਕਰਾਉਂਦੇ ਇਹ ਅੰਸ਼ ਹੀ ਉਸ ਜਨ-ਸਮੂਹ ਦੇ ਸਭਿਆਚਾਰ ਦੇ ਅੰਸ਼ ਹਨ, ਅਤੇ ਉਹਨਾਂ ਅੰਸ਼ਾਂ ਦਾ ਸਮੂਹ ਹੀ ਉਸ ਜਨ-ਸਮੂਹ ਦਾ ਸਭਿਆਚਾਰ ਹੈ।

ਪਰ ਸਭਿਆਚਾਰ ਦੀ ਕਿਸੇ ਵਿਗਿਆਨਕ ਪਰਿਭਾਸ਼ਾ ਵੱਲ ਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਸ ਸ਼ਬਦ ਦੀ ਵੱਖ ਵੱਖ ਵਰਤੋਂ ਨੂੰ ਦੇਖ ਲਿਆ ਜਾਏ। 'ਸਭਿਆਚਾਰ' ਸ਼ਬਦ ਨੂੰ ਭਾਵਵਾਚੀ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮਨੁੱਖੀ ਸਭਿਆਚਾਰ ਜਾਂ ਸੰਸਾਰ ਸਭਿਆਚਾਰ। ਇਸ ਸੂਰਤ ਵਿਚ ਸਭਿਆਚਾਰ ਦੇ ਸਰਬਵਿਆਪਕ ਤੱਤ ਨਿਖੇੜ ਕੇ ਉਹਨਾਂ ਦਾ ਵਰਗੀਕਰਨ ਕਰ ਲਿਆ ਜਾਂਦਾ ਹੈ। ਪਰ ਸਭਿਆਚਾਰ ਦਾ ਸੰਬੰਧ ਹਮੇਸ਼ਾ ਕਿਸੇ ਜਨ-ਸਮੂਹ ਜਾਂ ਸਮਾਜ ਨਾਲ ਹੁੰਦਾ ਹੈ, ਜਿਸ ਦੇ ਨਾਂ ਨਾਲ ਇਹ ਸਭਿਆਚਾਰ ਜਾਣਿਆ ਜਾਂਦਾ ਹੈ, ਜਿਵੇਂ ਪੰਜਾਬੀ, ਬੰਗਾਲੀ, ਰੂਸੀ ਆਦਿ। ਪਰ ਕੋਈ ਵੀ ਮਨੁੱਖੀ ਜਨ-ਸਮੂਹ ਜਾਂ ਸਮਾਜ ਇਕਸਾਰ ਬਣਤਰ ਵਾਲਾ ਨਹੀਂ ਹੁੰਦਾ, ਭਾਵੇਂ ਉਹ ਵਿਕਾਸ ਦੇ ਮੁੱਢਲੇ ਪੜਾਅ ਉਤੇ ਹੀ ਕਿਉਂ ਨਾ ਹੋਵੇ, ਉਸ ਵਿਚ

12