ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/17

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਹੈ। ਇਸੇ ਤਰ੍ਹਾਂ ਯੂਰਪੀ ਸਭਿਆਚਾਰ ਦਾ ਸੰਕਲਪ ਵੀ ਹੋਂਦ ਵਿਚ ਆ ਚੁੱਕਾ ਹੈ। ਵੱਖੋ ਵੱਖਰੇ ਦੇਸ਼ਾਂ ਵਲੋਂ ਆਰਥਿਕ ਅਤੇ ਬੌਧਿਕ ਖੇਤਰ ਵਿਚ ਯਤਨ ਸਾਂਝੇ ਕਰਨ ਦੇ ਉਪਰਾਲੇ ਇਸ ਸੰਕਲਪ ਨੂੰ ਹੋਰ ਅੱਗੇ ਵਧਾਉਣਗੇ। ਪੂਰਬੀ ਅਤੇ ਪੱਛਮੀ ਸਭਿਆਚਾਰ ਦਾ ਸੰਕਲਪ ਮੂਲ ਰੂਪ ਵਿਚ ਏਸ਼ੀਆਈ ਅਤੇ ਯੂਰਪੀ ਸਭਿਆਚਾਰ ਵੱਲ ਸੰਕੇਤ ਕਰਦਾ ਸੀ, ਜਦ ਕਿ ਹੁਣ ਇਹ ਕਿਤੇ ਵਿਸ਼ਾਲਤਾ ਧਾਰਨ ਕਰ ਚੁੱਕਾ ਹੈ ਅਤੇ ਅਮਰੀਕਾ ਤੱਕ ਦੇ ਖਿੱਤੇ ਸਮੇਤ ਸਾਰੇ ਧਰਤ-ਗੋਲੇ ਨੂੰ ਆਪਣੀ ਲਪੇਟ ਵਿਚ ਲੈਂਦਾ ਹੈ। ਉਪਰ ਅਸੀਂ ਮਨੁੱਖੀ ਸਭਿਆਚਾਰ ਜਾਂ ਸੰਸਾਰ ਸਭਿਆਚਾਰ ਨੂੰ ਭਾਵਵਾਚੀ ਕਿਹਾ ਹੈ। ਪਰ ਤਕਨੀਕੀ ਅਤੇ ਵਿਗਿਆਨਕ ਤਰੱਕੀ ਨਾਲ ਅਤੇ ਸੰਚਾਰ ਦੇ ਮਾਧਿਅਮਾਂ ਵਿਚ ਆ ਰਹੇ ਇਨਕਲਬਾਂ ਨਾਲ ਇਹ ਹੋਰ ਬਹੁਤਾ ਚਿਰ ਭਾਵਵਾਚੀ ਸੰਕਲਪ ਨਹੀਂ ਬਣਿਆ ਰਹੇਗਾ। ਪਹਿਲਾਂ ਹੀ 'ਸੰਸਾਰ-ਸਹਿਤ ਨਾਂ ਦਾ ਸੰਕਲਪ ਹੋਂਦ ਵਿਚ ਆ ਚੁੱਕਾ ਹੈ। ਸਾਹਿਤ-ਅਧਿਐਨ ਦੀ ਤੁਲਨਾਤਮਿਕ ਵਿਧੀ ਇਸੇ ਸੰਕਲਪ ਦੀ ਹੀ ਇਕ ਉਪਜ ਹੈ।

'ਸਭਿਆਚਾਰ' ਸ਼ਬਦ ਨੂੰ ਇਕ ਹੋਰ ਜੁੱਟ ਵਿਚ ਵੀ ਵਰਤਿਆ ਜਾਂਦਾ ਹੈ। ਜਦੋਂ ਕੋਈ ਉਪ-ਸਭਿਆਚਾਰ ਆਪਣੇ ਮੁੱਖ-ਸਭਿਆਚਾਰ ਦੀਆਂ ਮੂਲ-ਧਾਰਨਾਵਾਂ ਦੇ ਉਲਟ ਚਲਾ ਜਾਏ, ਤਾਂ ਉਸ ਨੂੰ 'ਪ੍ਰਤਿ-ਸਭਿਆਚਾਰ' ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਸ ਦੀ ਸਭ ਤੋਂ ਚੰਗੀ ਉਦਾਹਰਣ ਅਮਰੀਕੀ ਸਭਿਆਚਾਰ ਦੇ ਇਕ ਉਪ-ਸਭਿਆਚਾਰ—ਹਿੱਪੀ ਸ਼ਭਿਆਚਾਰ-ਦੀ ਦਿੱਤੀ ਜਾ ਸਕਦੀ ਹੈ। ਇਹ ਸਭਿਆਚਾਰ ਆਪਣੇ ਮੁੱਖ-ਸਭਿਆਚਾਰ ਦੀਆਂ ਸਾਰੀਆਂ ਮੂਲ ਕਦਰਾਂ-ਕੀਮਤਾਂ ਨੂੰ ਸ਼ਿਸ਼ਟਤਾ ਦੀ ਹੱਦ ਤੋਂ ਹੇਠਾਂ ਜਾ ਕੇ ਵੰਗਾਰਦਾ ਹੈ (ਜਿਵੇਂ ਕਿ ਇਖ਼ਲਾਕੀ ਕਦਰਾਂ-ਕੀਮਤਾਂ ਨੂੰ) ਜਾਂ ਵਰਤਦਾ ਹੈ (ਜਿਵੇਂ ਨਿੱਜੀ ਆਜ਼ਾਦੀ) ਨੂੰ। ਇਕ ਹੋਰ ਅਰਥਾਂ ਵਿਚ ਵੀ ਇਸ ਨੂੰ ਪ੍ਰਤਿ-ਸਭਿਆਚਾਰ ਕਿਹਾ ਜਾ ਸਕਦਾ ਹੈ। ਸਭਿਆਚਾਰ ਦਾ ਸਾਰਾ ਵਿਕਾਸ ਮਨੁੱਖ ਨੂੰ ਪ੍ਰਕਿਰਤਕ ਮਨੁੱਖ ਤੋਂ ਸਮਾਜਕ ਮਨੁੱਖ ਬਣਾਉਣ ਵੱਲ ਦਾ ਹੈ, ਪਸ਼ੂ ਤੋਂ ਮਨੁੱਖ ਅਤੇ ਪੂਰਨ-ਮਨੁੱਖ ਬਣਾਉਣ ਦਾ ਹੈ। ਪਰ ਹਿੱਪੀ ਸਭਿਆਚਾਰ ਮੁੜ ਮਨੁੱਖ ਅੰਦਰ ਪਾਸ਼ਵੀ, ਰੁਚੀਆਂ ਨੂੰ ਉਭਾਰਦਾ ਹੈ ਅਤੇ ਨਿੱਜੀ ਆਜ਼ਾਦੀ ਦੀ ਸਮਾਜਕ ਕਦਰ ਦੀ ਦੁਰਵਰਤੋਂ ਕਰਦਾ ਹੋਇਆ ਇਹਨਾਂ ਰੁਚੀਆਂ ਨੂੰ ਸੰਤੁਸ਼ਟ ਕਰਨਾ ਆਪਣਾ ਹੱਕ ਸਮਝਦਾ ਹੈ।

ਅਸੀਂ ਸਭਿਆਚਾਰ ਦੀ ਪਰਿਭਾਸ਼ਾ ਦੇਣ ਦੇ ਰਾਹ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਛੇੜ ਚੁੱਕੇ ਹਾਂ! ਇੰਨੇ ਵੱਖੋ-ਵੱਖਰੇ ਸੰਦਰਭਾਂ ਵਿਚ ਵਰਤੇ ਜਾਂਦੇ ਸ਼ਬਦ ਵੱਲੋਂ ਪੇਸ਼ ਕੀਤੇ ਜਾਂਦੇ ਵਰਤਾਰੇ ਦੀ ਪਰਿਭਾਸ਼ਾ ਕੁਦਰਤੀ ਤੌਰ ਉਤੇ ਕੋਈ ਸੌਖੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵੀ ਸਭਿਆਚਾਰ ਨੂੰ ਪਰਿਭਾਸ਼ਿਤ ਕਰਨ ਦੇ ਰਾਹ ਵਿਚ ਕਈ ਔਕੜ ਆਉਂਦੀਆਂ ਹਨ। ਇਸ ਦੀ ਦਿੱਤੀ ਗਈ ਹੋਰ ਪਰਿਭਾਸ਼ਾ ਇਸ ਦੇ ਵੱਖ ਵੱਖ ਅਰਥਾਂ ਨੂੰ ਉਘਾੜਦੀ ਹੈ। ਵੱਖ ਵੱਖ ਅਰਥਾਂ ਦੀ ਇਹ ਸਮੱਸਿਆ ਸਮਾਜਕ ਵਿਗਿਆਨਾਂ ਵਿਚ ਸਾਂਝੀ ਹੈ। ਪ੍ਰਾਕਿਰਤਕ ਵਿਗਿਆਨਾਂ ਵਿਚ ਇਹ ਬਹੁ-ਆਰਥਿਕਤਾ ਦੀ ਸਮੱਸਿਆ ਨਹੀਂ