ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋ ਇਹ ਦੋਵੇਂ ਪਰਿਭਾਸ਼ਾਵਾਂ ਭਾਵੇਂ ਸਭਿਆਚਾਰ ਦੇ ਮਹੱਤਵਪੂਰਕ ਪੱਖਾਂ ਨੂੰ ਪੇਸ਼ ਕਰਦੀਆਂ ਹਨ, ਤਾਂ ਵੀ ਬੇਹੱਦ ਅਧੂਰੀਆਂ ਹਨ । ਦੂਜੀ ਪਰਿਭਾਸ਼ਾ ਤਾਂ ਵੈਸੇ ਵੀ ਟਾਇਲਰ ਦੀ ਪਰਿਭਾਸ਼ਾ ਵਿਚ ਸ਼ਾਮਲ ਹੈ। ਸਿਰਫ਼ ਇਹ 'ਮਨੁੱਖੀ ਵਿਹਾਰ' ਨੂੰ ਨਿਖੇੜ ਕੇ ਇਸ ਉਤੇ ਜ਼ੋਰ ਦੇਂਦੀ ਹੈ, ਜੋ ਕਿ ਆਪਣੇ ਆਪ ਵਿਚ ਕਾਫ਼ੀ ਅਸਪਸ਼ਟ ਅਤੇ ਸੀਮਿਤ ਸੰਕਲਪ ਹੈ। ਵੈਸੇ, ਕਿਸੇ ਸਮੇਂ ਅਮਰੀਕੀ ਮਾਨਵ-ਵਿਗਿਆਨੀਆਂ ਵਿਚ ਵਿਹਾਰਵਾਦੀ ਪਹੁੰਚ ਹਾਵੀ ਰਹੀ ਹੈ। ਇਥੋਂ ਤੱਕ ਕਿ ਅਮਰੀਕੀ ਵਿਸ਼ਵਕੋਸ਼ 'ਐਨਸਾਈਕਲੋਪੀਡੀਆ ਅਮੈਰਿਕਾਨਾ' ਅਨੁਸਾਰ "ਸਭਿਆਚਾਰ ਕਿਸੇ ਸਮਾਜ ਦਾ ਵਿਹਾਰਕ ਵਸਤੂ ਹੁੰਦਾ ਹੈ।"4

ਸਭਿਆਚਾਰ ਕਿਉਂਕਿ ਇਕ ਵਿਸ਼ਾਲ ਤੌਰ ਉਤੇ ਵਿਆਪਕ ਵਰਤਾਰਾ ਹੈ, ਇਸ ਲਈ ਇਸ ਨੂੰ ਪਰਿਭਾਸ਼ਿਤ ਕਰਨ ਜਾਂ ਇਸ ਦੀ ਵਿਆਖਿਆ ਕਰਨ ਦੀ ਖੁੱਲ੍ਹ ਵੀ ਬਥੇਰੇ ਵਿਅਕਤੀਆਂ ਨੇ ਲਈ ਹੈ। ਜੇ ਸਭ ਦੀਆਂ ਪਰਿਭਾਸ਼ਾਵਾਂ ਨੂੰ ਇਕੱਠਿਆਂ ਕਰ ਦਿੱਤਾ ਜਾਵੇ ਤਾਂ ਸਭਿਆਚਾਰ ਬਾਰੇ ਸਪਸ਼ਟਤਾ ਹੋਣ ਦੀ ਥਾਂ ਧੁੰਦਲਕਾ ਹਨੇਰੇ ਵਿਚ ਬਦਲਣ ਦੀ ਸੰਭਾਵਨਾ ਹੀ ਵਧ ਸਕਦੀ ਹੈ। ਵੈਸੇ ਇਸ ਪਾਸੇ ਵੱਲ ਸੀਮਿਤ ਜਿਹਾ ਯਤਨ ਦੋ ਅਮਰੀਕ ਮਾਨਵ-ਵਿਗਿਆਨੀਆਂ, ਕਰੋਬਰ ਅਤੇ ਕਲੱਕਹੌਨ ਨੇ, 1952 ਵਿਚ ਕੀਤਾ ਵੀ ਸੀ, ਜਦੋਂ ਉਹਨਾਂ ਨੇ ਲਗਭਗ ਪੌਣੇ ਦੋ ਕੁ ਸੌ ਪ੍ਰਮਾਣਿਕ ਪਰਿਭਾਸ਼ਾਵਾਂ ਨੂੰ ਲੈ ਕੇ ਉਹਨਾਂ ਦੀ ਇਤਿਹਾਸਕ ਅਤੇ ਆਲੋਚਨਾਤਮਕ ਪੁਣ-ਛਾਣ ਕੀਤੀ ਸੀ। ਇਸ ਪੁਣ-ਛਾਣ ਤੋਂ ਮਗਰੋਂ ਉਹਨਾਂ ਨੇ ਜਿਹੜੀ ਪਰਿਭਾਸ਼ਾ ਆਪ ਦਿੱਤੀ, ਉਸ ਬਾਰੇ ਇਹ ਖਿਆਲ ਕੀਤਾ ਜਾਂਦਾ ਸੀ ਕਿ ਇਹ ਬਹੁਤੇ ਸਮਾਜ-ਵਿਗਿਆਨੀਆਂ ਅਤੇ ਮਾਨਵ-ਵਿਗਿਆਨੀਆਂ ਨੂੰ ਸੰਤੁਸ਼ਟ ਕਰੇ। ਪਰ ਇਹ ਇੰਜ ਕਰ ਸਕੀ ਜਾਂ ਨਹੀਂ, ਇਸ ਬਾਰੇ ਸੰਦੇਹ ਹੀ ਹੈ। ਉਹਨਾਂ ਵਲੋਂ ਦਿੱਤੀ ਪਰਿਭਾਸ਼ਾ ਨੂੰ ਸਭਿਆਚਾਰ ਦੇ ਪੈਟਰਨ ਸਿਧਾਂਤ ਵਿਚ ਰਖਿਆ ਜਾਂਦਾ ਹੈ। ਇਸ ਅਨੁਸਾਰ:

ਸਭਿਆਚਾਰ ਵਿਚ ਵਿਹਾਰ ਦੇ ਅਤੇ ਵਿਹਾਰ ਲਈ ਪ੍ਰਤੱਖ ਅਤੇ ਪ੍ਰੋਖ ਪੈਟਰਨ ਆ ਜਾਂਦੇ ਹਨ ਜਿਹੜੇ ਪ੍ਰਤੀਕਾਂ ਰਾਹੀਂ ਗ੍ਰਹਿਣ ਕੀਤੇ ਜਾਂਦੇ ਅਤੇ ਦੂਜਿਆਂ ਤੱਕ ਪੁਚਾਏ ਜਾਂਦੇ ਹਨ। ਇਹ (ਪੈਟਰਨ) ਮਨੁੱਖੀ ਸਮੂਹਾਂ ਦੀ ਵਿਲੱਖਣ ਪ੍ਰਾਪਤੀ ਹੁੰਦੇ ਹਨ, ਅਤੇ ਇਹਨਾਂ ਵਿਚ ਮਨੁੱਖ-ਸਿਰਜੀਆਂ ਵਸਤਾਂ ਵੀ ਆ ਜਾਂਦੀਆਂ ਹਨ, ਜਿਹੜੀਆਂ ਉਹਨਾਂ ਨੂੰ ਸਾਕਾਰ ਕਰਦੀਆਂ ਹਨ।

ਆਮ ਤੌਰ ਉਤੇ ਇਹ ਪਰਿਭਾਸ਼ਾ ਏਨੀ ਹੀ ਦਿੱਤੀ ਜਾਂਦੀ ਹੈ, ਅਤੇ ਏਨੀ ਵੀ ਇਹ ਪਹਿਲੀਆਂ ਪਰਿਭਾਸ਼ਾਵਾਂ ਨਾਲੋਂ ਕਿਤੇ ਜ਼ਿਆਦਾ ਭਰਪੂਰ ਹੈ। ਇਸ ਵਿਚ ਪੈਟਰਨ ਦੀ ਗੱਲ ਕੀਤੀ ਗਈ ਹੈ, ਜਿਸ ਦਾ ਅਰਥ ਹੈ ਕਿ ਇਹ ਜ਼ਰੂਰੀ ਨਹੀਂ ਕਿ ਹਰ ਸਭਿਆਚਾਰ ਵਿਚਲੇ ਤੱਤ ਆਪਣੇ ਆਪ ਵਿਚ ਵਿਲੱਖਣ ਹੋਣ, ਪਰ ਜਿਸ ਤਰ੍ਹਾਂ ਨਾਲ ਉਹ ਤੱਤ ਮਿਲ ਕੇ ਪੈਟਰਨ ਬਣਾਉਂਦੇ ਹਨ ਉਹ ਜ਼ਰੂਰ ਵਿਲੱਖਣ ਹੋਣਗੇ। ਉਦਾਹਰਣ ਵਜੋਂ,

19