ਭੁੱਖ ਲੱਗਣ ਉਤੇ ਭੋਜਨ ਖਾਣਾ ਇਕ ਸਰਬ-ਵਿਆਪਕ ਤੱਤ ਹੈ। ਭੋਜਨ ਵਿਚ ਵੀ ਕਈ ਵਸਤਾਂ ਸਰਬ-ਵਿਆਪਕ ਹੋਣਗੀਆਂ, ਜਿਵੇਂ ਕਿ ਕੋਈ ਨਾ ਕੋਈ ਅਨਾਜ ਤੋਂ ਬਣੀ ਚੀਜ਼, ਮਾਸ, ਸਬਜ਼ੀ ਆਦਿ। ਪਰ ਇਹ ਭੋਜਨ ਕਿਸ ਵੇਲੇ, ਕਿਸ ਤਰ੍ਹਾਂ, ਕਿਵੇਂ ਤਿਆਰ ਕਰ ਕੇ, ਕਿਸ ਤਰ੍ਹਾਂ ਨਾਲ ਖਾਣਾ ਹੈ? ਇਹ ਗੱਲਾਂ ਵਿਲੱਖਣਤਾ ਪੈਦਾ ਕਰਨ ਵਾਲਾ ਪੈਟਰਨ ਬਣਾਉਣਗੀਆਂ। ਇਹਨਾਂ ਪੈਟਰਨਾਂ ਦੇ ਪ੍ਰਤੱਖ ਅਤੇ ਪ੍ਰੋਖ ਹੋਣ ਵੱਲ ਇਸ਼ਾਰਾ ਕਰ ਕੇ ਵਿਹਾਰ, ਅਤੇ ਇਸ ਵਿਹਾਰ ਪਿੱਛੇ ਕੰਮ ਕਰਦੇ ਵਿਚਾਰ, ਦੋਹਾਂ ਨੂੰ ਹੀ ਲਿਆ ਗਿਆ ਹੈ।
ਦੂਜੀ ਗੱਲ ਇਸ ਵਿਚ ਪ੍ਰਤੀਕਾਂ ਦੀ ਕੀਤੀ ਗਈ ਹੈ, ਜੋ ਕਿ ਸਭਿਆਚਾਰ ਦਾ ਪ੍ਰਧਾਨ ਲੱਛਣ ਹੈ, ਅਤੇ ਜਿਸ ਬਾਰੇ ਅਸੀਂ ਅੱਗੇ ਜਾ ਕੇ ਵਿਸਥਾਰ ਨਾਲ ਗੱਲ ਕਰਾਂਗੇ। ਇਥੇ ਸਿਰਫ਼ ਇਸ ਗੱਲ ਵੱਲ ਧਿਆਨ ਦੁਆਉਣਾ ਜ਼ਰੂਰੀ ਹੈ ਕਿ ਜਿਹੜੀ ਗੱਲ ਟਾਇਲਰ ਦੀ ਦਿੱਤੀ ਪਰਿਭਾਸ਼ਾ ਵਿਚ ਅਸਪਸ਼ਟ ਰਹਿ ਜਾਂਦੀ ਸੀ, ਉਹ ਏਥੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਭਿਆਚਾਰ ਨੂੰ ਗ੍ਰਹਿਣ ਕਰਨ ਦਾ ਅਤੇ ਪੁਸ਼ਤ-ਦਰ-ਪੁਸ਼ਤ ਅੱਗੇ ਤੋਰਨ ਦਾ ਮੈਕਾਨਿਜ਼ਮ ਇਹ ਪ੍ਰਤੀਕ ਹਨ।
ਤੀਜੀ ਗੱਲ ਇਸ ਵਿਚ ਪਦਾਰਥਕ ਵਸਤਾਂ ਦੀ ਵੀ ਕੀਤੀ ਗਈ ਹੈ, ਜੋ ਕਿ ਪਹਿਲੀਆਂ ਪਰਿਭਾਸ਼ਾਵਾਂ ਵਿਚੋਂ ਗ਼ਾਇਬ ਸੀ। ਇਸ ਤਰ੍ਹਾਂ ਸਭਿਆਚਾਰ ਵਿਚ ਕੇਵਲ ਵਿਚਾਰ-ਰੂਪੀ ਅੰਸ਼ ਹੀ ਨਹੀਂ ਆਉਂਦੇ, ਸਗੋਂ ਪਦਾਰਥਕ ਵਸਤਾਂ ਵੀ ਆ ਜਾਂਦੀਆਂ ਹਨ, ਜੋ ਉਹਨਾਂ ਨੂੰ ਠੋਸ ਰੂਪ ਵਿਚ ਸਾਕਾਰ ਕਰਦੀਆਂ ਹਨ। ਇਹ ਤੱਥ ਇਸ ਪੱਖੋਂ ਹੋਰ ਵੀ ਮਹੱਤਵਪੂਰਨ ਹੈ ਕਿ ਬਹੁਤੇ ਪੱਛਮੀ ਸਮਾਜ-ਵਿਗਿਆਨੀ ਸਭਿਆਚਾਰ ਨੂੰ ਸਿਰਫ਼ ਬੌਧਕ ਅਮਲ ਵਜੋਂ ਦੇਖਦੇ ਹਨ, ਅਤੇ ਬੌਧਕ ਅਮਲ ਨੂੰ ਹੀ ਨਿਰਧਾਰਣੀ ਮਹੱਤਾ ਦੇਦੇ ਹਨ। ਮੈਰਿਲ ਅਨੁਸਾਰ ਸਭਿਆਚਾਰ "ਪਹਿਲੀ ਥਾਂ ਉਤੇ ਇਕ ਬੌਧਕ ਅਮਲ ਹੈ", ਜਦ ਕਿ ਲਿੰਟਨ ਸਭਿਆਚਾਰ ਦਾ ਮੂਲ ਆਧਾਰ ਮਨੁੱਖੀ ਚੇਤਨਾ-ਮੰਨਦਾ ਹੈ।6
ਇਹ ਤਿੰਨੇ ਹੀ ਮਹੱਤਵਪੂਰਨ ਪਾਸਾਰ ਹਨ, ਜਿਹੜੇ ਇਹ ਪਰਿਭਾਸ਼ਾ ਸਭਿਆਚਾਰ ਵਿਚ ਲੈ ਆਉਂਦੀ ਹੈ। ਇਸੇ ਤਰ੍ਹਾਂ ਦੀ ਇਕ ਪਰਿਭਾਸ਼ਾ ਇਸ ਤੋਂ ਪਹਿਲਾਂ ਕਲਾਈਡ ਕਲੱਕਹੌਨ ਅਤੇ ਵਿਲੀਅਮ ਕੈਲੀ ਨੇ ਦਿੱਤੀ ਸੀ।7 ਉਹਨਾਂ ਅਨੁਸਾਰ ਸਭਿਆਚਾਰ ਵਿਚ "ਰਹਿਣੀ-ਬਹਿਣੀ ਦੇ ਉਹ ਸਾਰੇ ਪ੍ਰਤੱਖ ਅਤੇ ਪ੍ਰੋਖ, ਤਾਰਕਿਕ, ਅਤਾਰਕਿਕ ਅਤੇ ਤਰਕਹੀਣ ਡੀਜ਼ਾਈਨ" ਸ਼ਾਮਲ ਹੁੰਦੇ ਹਨ, ਜਿਹੜੇ "ਇਤਿਹਾਸਿਕ ਤੌਰ ਉਤੇ ਸਿਰਜੇ ਗਏ ਹੁੰਦੇ ਹਨ ਅਤੇ ਕਿਸੇ ਨਿਸ਼ਚਿਤ ਸਮੇਂ ਮਨੁੱਖੀ ਵਿਹਾਰ ਲਈ ਸੰਭਾਵੀ ਰਾਹ-ਦਿਖਾਵੇ ਵਜੋਂ ਹੋਂਦ ਰੱਖਦੇ ਹਨ।" ਇਥੇ 'ਵਿਹਾਰ ਦੇ ਪੈਟਰਨਾਂ' ਨੂੰ 'ਰਹਿਣੀ-ਬਹਿਣੀ ਦੇ ਡੀਜ਼ਾਈਨ' ਦੱਸਿਆ ਗਿਆ ਹੈ। ਪ੍ਰਤੱਖ ਅਤੇ ਪ੍ਰੋਖ ਦੇ ਨਾਲ ਨਾਲ ਇਹਨਾਂ ਨੂੰ 'ਤਾਰਕਿਕ, ਅਤਾਰਕਿਕ ਅਤੇ ਤਰਕਹੀਣ' ਵੀ ਦੱਸਿਆ ਗਿਆ ਹੈ, ਜਿਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ ਕਿ ਉਹਨਾਂ ਵਿਚੋਂ ਕੁਝ ਪ੍ਰਤੱਖ ਤੌਰ ਉਤੇ ਲਾਭਕਾਰੀ ('ਤਾਰਕਿਕ') ਹੁੰਦੇ ਹਨ, ਪਰ ਕੁਝ ਲਾਭਕਾਰੀ ਨਹੀਂ ਹੁੰਦੇ ('ਤਰਕਹੀਣ'), ਜਦ ਕਿ ਕੁਝ ਹੋਰਨਾਂ ਦੇ ਸੰਬੰਧ ਵਿਚ