ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/24

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਸ ਸਮਾਜ ਦੇ ਸਭਿਆਚਾਰ ਦੀ ਵਿਲੱਖਣਤਾ ਨਿਰਧਾਰਿਤ ਕੀਤੀ ਜਾ ਸਕਦੀ ਹੈ, ਜਿਹੜੀ ਨਿਰੰਤਰਤਾ ਦੇ ਨਾਲ ਨਾਲ ਅੱਡਤਾ ਨੂੰ ਵੀ ਪੇਸ਼ ਕਰਦੀ ਹੋਵੇਗੀ।

ਕਰੋਬਰ ਅਤੇ ਕਲੱਕਹੌਨ ਦੀ ਉਪਰ ਦਿਤੀ ਪਰਿਭਾਸ਼ਾ ਵਿਚ 'ਕਦਰਾਂ-ਕੀਮਤਾਂ' ਦਾ ਜ਼ਿਕਰ ਮਹੱਤਵਪੂਰਨ ਹੈ। ਸਭਿਆਚਾਰ ਦੀ ਪਰਿਭਾਸ਼ਾ ਕਈ ਸਮਾਜ-ਵਿਗਿਆਨੀਆਂ ਨੇ ਇੰਝ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਇਹ ਕਦਰਾਂ-ਕੀਮਤਾਂ ਦੀ ਪ੍ਰਣਾਲੀ ਹੈ। ਅਤੇ ਅਖੀਰ, ਸਭਿਆਚਾਰ ਦੀ ਕੋਈ ਠੋਸ ਅਤੇ ਵਧੇਰੇ ਢੁੱਕਵੀਂ ਪਰਿਭਾਸ਼ਾ ਲੱਭਣ ਵਿਚ ਕਦਰਾਂ-ਕੀਮਤਾਂ ਦਾ ਸੰਕਲਪ ਸਾਡੀ ਸਹਾਇਤਾ ਕਰ ਸਕਦਾ ਹੈ, ਜੇ ਅਸੀਂ ਇਹ ਧਿਆਨ ਵਿਚ ਰੱਖੀਏ ਕਿ ਕਦਰਾਂ-ਕੀਮਤਾਂ ਕਿਸੇ ਵਿਅਕਤੀ ਦੀ ਆਤਮ-ਪਰਕ ਪਹੁੰਚ ਨੂੰ ਪੇਸ਼ ਨਹੀਂ ਕਰਦਿਆਂ, ਜਿਵੇਂ ਕਿ ਕਈ ਸਮਾਜ-ਵਿਗਿਆਨੀ ਖ਼ਿਆਲ ਕਰਦੇ ਹਨ, ਅਤੇ ਨਾ ਹੀ ਇਹ ਸਮੇਂ, ਸਥਾਨ ਅਤੇ ਸਮਾਜ ਤੋਂ ਨਿਰਪੇਖ ਕੋਈ ਸਰਬਕਾਲੀ ਹੋਂਦ ਰੱਖਦੀਆਂ ਹਨ, ਸਗੋਂ ਨਿਸਚਿਤ ਸਮੇਂ, ਸਥਾਨ ਅਤੇ ਸਮਾਜ ਦੇ ਪ੍ਰਸੰਗ ਵਿਚ ਹੀ ਅਰਥ ਰੱਖਦੀਆਂ ਹਨ। ਕਦਰਾਂ-ਕੀਮਤਾਂ ਪਦਾਰਥਕ ਵੀ ਹੁੰਦੀਆਂ ਹਨ ਅਤੇ ਗ਼ੈਰ-ਪਦਾਰਥਕ ਵੀ। ਕੋਈ ਵੀ ਵਸਤੂ, ਵਿਚਾਰ, ਸੰਸਥਾ ਜਾਂ ਆਦਰਸ਼ ਆਪਣੇ ਸਮੇਂ ਦੇ ਸਮਾਜ ਦੇ ਮੁੱਲ-ਵਿਧਾਨ ਜਾਂ ਕਦਰ-ਪ੍ਰਣਾਲੀ ਵਿਚ ਥਾਂ ਪਾ ਕੇ ਹੀ ਉਸ ਦੇ ਸਭਿਆਚਾਰ ਦਾ ਅੰਗ ਬਣਦੇ ਹਨ। ਅਤੇ ਮੁੱਲ-ਵਿਧਾਨ ਵਿਚ ਥਾਂ ਤਾਂ ਹੀ ਮਿਲਦੀ ਹੈ ਜੇ ਇਹ ਸਮੇਂ ਦੇ ਸਮਾਜ ਦੀ ਕਿਸੇ ਮਹੱਤਵਪੂਰਨ ਲੋੜ ਨੂੰ ਪੂਰਾ ਕਰਦੇ ਹੋਣ, ਜੋ ਕਿ ਇਹਨਾਂ ਦੇ ਵਸਤੂਪਰਕ ਹੋਣ ਦਾ ਸਬੂਤ ਹੁੰਦਾ ਹੈ। ਕੀਮਤਾਂ ਬਦਲਦੀਆਂ ਰਹਿੰਦੀਆਂ ਹਨ। ਇਕੋ ਵੇਲੇ ਸਾਨੂੰ ਤਿੰਨ ਪ੍ਰਕਾਰ ਦੀਆਂ ਕਦਰਾਂ-ਕੀਮਤਾਂ ਮਿਲ ਜਾਣਗੀਆਂ:

(ਓ) ਜਿਹੜੀਆਂ ਪ੍ਰਚਲਤ ਹਨ ਅਤੇ ਪ੍ਰਵਾਨਗੀ ਪਾ ਚੁੱਕੀਆਂ ਹਨ;

(ਅ) ਜਿਹੜੀਆਂ ਪ੍ਰਚਲਤ ਹੋ ਰਹੀਆਂ ਹਨ, ਅਤੇ ਪ੍ਰਵਾਨਗੀ ਪ੍ਰਾਪਤ ਕਰ ਰਹੀਆਂ ਹਨ, ਜਾਂ ਇਸ ਲਈ ਯਤਨਸ਼ੀਲ ਹਨ;

(ੲ) ਜਿਹੜੀਆਂ ਬੀਤੇ ਸਮੇਂ ਨਾਲ ਸੰਬੰਧਤ ਹਨ, ਪਰ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਹਿ ਰਹੀਆਂ ਹਨ।

ਤਾਂ ਵੀ ਕਿਸੇ ਸਮਾਜ ਦੇ ਜੀਵਨ ਵਿਚ ਐਸੇ ਸਮੇਂ ਨੂੰ ਵੱਖ ਕੀਤਾ ਜਾ ਸਕਦਾ ਹੈ ਜਦੋਂ ਨਿਸਚਿਤ ਕੀਮਤਾਂ ਪ੍ਰਧਾਨ ਰਹਿੰਦੀਆਂ ਹਨ। ਇਸ ਤਰ੍ਹਾਂ ਖ਼ਾਸ ਦੌਰ ਵਿਚ ਪ੍ਰਥਮ ਅਤੇ ਦੁਜੈਲਾ ਸਥਾਨ ਰੱਖਦੀਆਂ ਕੀਮਤਾਂ ਦਾ ਨਿਖੇੜ ਕੀਤਾ ਜਾ ਸਕਦਾ ਹੈ। ਨਾਲ ਹੀ ਉਹਨਾਂ ਨੂੰ ਨਿਰੰਤਰਤਾ ਵਿਚ ਅਤੇ ਸਮੇਂ ਦੀ ਸੀਮਾ ਵਿਚ ਦੇਖਿਆ ਜਾ ਸਕਦਾ ਹੈ।

ਵੈਸੇ ਵੀ ਕਿਸੇ ਸਭਿਆਚਾਰ ਦੇ ਨਿੱਕੇ ਤੋਂ ਨਿੱਕੇ ਤੱਤ, ਜਾਂ ਅੰਤਰ-ਸੰਬੰਧਤ ਤੱਤਾਂ ਦੇ ਸਮੂਹ (ਪੈਟਰਨ) ਨਿਖੇੜਣ ਅਤੇ ਉਹਨਾਂ ਦੀ ਸੂਚੀ ਬਣਾਉਣ ਨਾਲੋਂ ਉਹਨਾਂ ਕਦਰਾਂ-ਕੀਮਤਾਂ ਨੂੰ ਨਿਖੇੜਣਾ ਅਤੇ ਗਿਣਨਾ ਕਿਤੇ ਸੌਖਾ ਹੁੰਦਾ ਹੈ, ਜਿਹੜੀਆਂ ਇਹਨਾਂ ਤੱਤਾਂ ਦੇ ਪਿੱਛੇ ਕੰਮ ਕਰ ਰਹੀਆਂ ਹੁੰਦੀਆਂ ਹਨ। ਅਤੇ ਜੇ ਅਸੀਂ ਇਹਨਾਂ ਕਦਰਾਂ-ਕੀਮਤਾਂ ਦੀ

22