ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



2.

――――

ਸਭਿਆਚਾਰ ਦੇ ਲੱਛਣ (1)
ਸਭਿਆਚਾਰ-ਇਕ ਸਿਸਟਮ ਵਜੋਂ

ਅਸੀਂ ਸਭਿਆਚਾਰ ਨੂੰ ਸਭ ਤੋਂ ਪਹਿਲਾਂ ਇਕਜੁੱਟ ਅਤੇ ਜਟਿਲ ਸਿਸਟਮ ਵਜੋਂ ਪਰਿਭਾਸ਼ਿਤ ਕੀਤਾ ਹੈ। ਇਸ ਦਾ ਕੀ ਅਰਥ ਹੈ?

ਸਿਸਟਮ ਦਾ ਮਤਲਬ ਇਕ ਐਸੇ ਸਮੂਹ ਤੋਂ ਹੁੰਦਾ ਹੈ, ਜਿਹੜਾ ਭਾਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਇਹਨਾਂ ਭਾਗਾਂ ਦੀ ਆਪਸ ਵਿਚ ਅੰਤਰ-ਕਿਰਿਆ ਵੀ ਚਲਦੀ ਹੈ, ਇਹ ਅੰਤਰ-ਸੰਬੰਧ ਵੀ ਰਖਦੇ ਹਨ; ਭਾਵ, ਇਹ ਇਕ ਦੂਜੇ ਦੀ ਕਿਰਿਆ ਉਤੇ ਅਸਰ ਵੀ ਪਾਉਂਦੇ ਹਨ, ਇਕ ਦੂਜੇ ਦੀ ਕਿਰਿਆ ਨੂੰ ਨਿਰਧਾਰਿਤ ਵੀ ਕਰਦੇ ਹਨ। ਇਹ ਭਾਗ ਇਹ ਸਾਰਾ ਕੁਝ ਉਸ ਸਿਸਟਮ ਦੇ ਅੰਦਰ ਰਹਿ ਕੇ ਕਰਦੇ ਹਨ, ਅਤੇ ਉਸ ਸਿਸਟਮ ਬਾਰੇ ਜਾਨਣ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਨੂੰ ਇਹਨਾਂ ਭਾਗਾਂ ਦੀਆਂ ਅੰਤਰ-ਕਿਰਿਆਵਾਂ ਅਤੇ ਅੰਤਰ-ਸੰਬੰਧਾਂ ਦੇ ਸਮੁੱਚ ਵਜੋਂ ਦੇਖਿਆ ਜਾਏ। ਭਾਗਾਂ ਵਿਚਲਾ ਇਹ ਅੰਤਰ-ਸੰਬੰਧ ਕੁਝ ਇਸ ਪ੍ਰਕਾਰ ਦਾ ਹੁੰਦਾ ਹੈ ਕਿ ਇਕ ਭਾਗ ਵਿਚ ਆਈ ਤਬਦੀਲੀ ਦੂਜੇ ਭਾਗਾਂ ਨੂੰ ਵੀ ਅਤੇ ਸਮੁੱਚੇ ਸਿਸਟਮ ਨੂੰ ਵੀ ਪ੍ਰਭਾਵਿਤ ਕਰਦੀ ਹੈ। ਜਦੋਂ ਤੱਕ ਬਾਕੀ ਦੇ ਭਾਗ ਵੀ ਇਕ ਭਾਗ ਵਿਚਲੀ ਤਬਦੀਲੀ ਦੇ ਅਨੁਕੂਲ ਨਹੀਂ ਬਦਲ ਜਾਂਦੇ, ਓਦੋਂ ਤੱਕ ਸਿਸਟਮ ਵਿਚ ਅਸਾਂਵਾਂਪਣ ਬਣਿਆ ਰਹਿੰਦਾ ਹੈ।

ਸਿਸਟਮ ਦੇ ਉਪ-ਭਾਗਾਂ ਦੀ ਆਪਸੀ ਪ੍ਰਕਿਰਿਆ ਤੋਂ ਹੀ ਸਿਸਟਮ ਦੀ ਪ੍ਰਕਿਰਤੀ ਬਾਰੇ ਪਤਾ ਲਾਇਆ ਜਾ ਸਕਦਾ ਹੈ। ਇਸ ਦੇ ਉਪ-ਭਾਗ ਜਿਸ ਹੱਦ ਤੱਕ ਇਕ ਦੂਜੇ ਨਾਲ ਅੰਤਰ-ਸੰਬੰਧਤ ਹੁੰਦੇ ਹਨ, ਉਸ ਹੱਦ ਤੱਕ ਇਸ ਸਿਸਟਮ ਵਿਚ ਇਕਜੁੱਟਤਾ ਆਉਂਦੀ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਕੋਈ ਚੀਜ਼ ਕਿਸੇ ਸਿਸਟਮ ਦਾ ਭਾਗ ਹੈ, ਤਾਂ ਇਸ ਦਾ ਅਰਥ ਹੀ ਇਹ ਹੁੰਦਾ ਹੈ ਕਿ ਉਸ ਦਾ ਸਿਸਟਮ ਦੇ ਸਮੁੱਚ ਨਾਲ ਵੀ ਅਤੇ ਇਸ ਦੇ ਬਾਕੀ ਭਾਗਾਂ ਨਾਲ ਵੀ ਕੋਈ ਸੰਬੰਧ ਹੈ ਅਤੇ ਉਹ ਕਿਸੇ ਨਾ ਕਿਸੇ ਹੱਦ ਤੱਕ ਪਰਸਪਰ ਤੌਰ ਉਤੇ ਪ੍ਰਭਾਵਿਤ ਹੁੰਦੇ ਅਤੇ ਕਰਦੇ ਹਨ, ਨਹੀਂ ਤਾਂ ਉਸ ਨੂੰ ਸਿਸਟਮ ਦਾ ਅੰਗ ਹੀ ਨਹੀਂ ਸਮਝਿਆ ਜਾ ਸਕਦਾ। ਜੇ ਇਹ ਉਪ-ਅੰਗ ਪਰਸਪਰ ਸੰਬੰਧ ਤਾਂ ਰੱਖਦੇ ਹਨ, ਜਾਂ ਇਕ ਦੂਜੇ ਨੂੰ ਪ੍ਰਭਾਵਿਤ ਤਾਂ ਕਰਦੇ ਹਨ, ਪਰ ਇਕ ਦੂਜੇ ਦੀ ਹੋਂਦ ਨੂੰ

24