ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਧਾਰਿਤ ਨਹੀਂ ਕਰਦੇ, ਤਾਂ ਇਹ ਸਿਸਟਮ ਇਕ ਸੰਗਠਿਤ ਸਿਸਟਮ ਤਾਂ ਹੋ ਸਕਦਾ ਹੈ ਇਕਜੁੱਟ ਸਿਸਟਮ ਨਹੀਂ। ਇਕਜੁੱਟ ਸਿਸਟਮ ਵਿਚ ਉਪ-ਅੰਗ ਨਾ ਸਿਰਫ਼ ਅੰਤਰ-ਸੰਬੰਧਿਤ, ਸਗੋਂ ਅੰਤਰ-ਨਿਰਧਾਰਿਤ ਵੀ ਹੋਣਗੇ।

ਸਭਿਆਚਾਰ ਨੂੰ ਅਸੀਂ ਜਟਿਲ ਅਤੇ ਇਕਜੁੱਟ ਸਿਸਟਮ ਕਿਹਾ ਹੈ। ਇਸ ਦੀ ਇਕਜੁੱਟਤਾ ਇਸ ਦੇ ਉਪ-ਅੰਗਾਂ ਦੇ ਪਰਸਪਰ ਸੰਬੰਧਾਂ ਨੂੰ ਪਰਿਭਾਸ਼ਿਤ ਕਰਦੀ ਹੈ। ਪਰ ਸਭਿਆਚਾਰਕ ਸਿਸਟਮ ਦੀ ਜਟਿਲਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਇਸ ਦੇ ਕੁਝ ਉਪ-ਅੰਗਾਂ ਦਾ ਤਾਂ ਅੰਤਰ-ਸੰਬੰਧ ਅਤੇ ਅੰਤਰ-ਨਿਰਧਾਰਣਤਾ ਅਸੀਂ ਸਪੱਸ਼ਟ ਦੇਖ ਸਕਦੇ ਹਾਂ, ਪਰ ਇਸ ਦੇ ਕਈ ਉਪ-ਅੰਗ ਸ੍ਵੈਧੀਨ ਹੋਣ ਦਾ ਝਾਉਲਾ ਵੀ ਪਾਉਂਦੇ ਹਨ, ਜਿਵੇਂ ਕਿ ਭਾਸ਼ਾ। ਜਾਹਨ ਜੇ. ਹਾਨਿਗਮਨ ਭਾਸ਼ਾ ਦੀ ਹੀ ਉਦਾਹਰਣ ਦੇ ਕੇ ਕਹਿੰਦਾ ਹੈ ਕਿ ਸਭਿਆਚਾਰ ਇਕ ਐਸਾ ਸਿਸਟਮ ਹੈ ਜਿਸ ਦੇ ਭਾਗ ਵੱਖੋ ਵੱਖਰੀ ਮਾਤਰਾ ਵਿਚ ਸ੍ਵੈਧੀਨ ਹੁੰਦੇ ਹਨ।1 ਜੇ ਕਿਸੇ ਸਿਸਟਮ ਦੇ ਭਾਗ ਵੱਖੋ ਵੱਖਰੀ ਮਾਤਰਾ ਵਿਚ ਸ੍ਵੈਧੀਨ ਹੋਣ, ਤਾਂ ਉਸ ਨੂੰ ਅਸੀਂ ਇਕਜੁੱਟ ਸਮੂਹ ਨਹੀਂ ਕਹਿ ਸਕਦੇ। ਭਾਸ਼ਾ ਵੀ ਸ੍ਵੈਧੀਨ ਹੋਣ ਦੇ ਝਾਉਲਾ ਹੀ ਦੇਂਦੀ ਹੈ। ਅਸੀਂ ਜਾਣਦੇ ਹਾਂ ਕਿ ਭਾਸ਼ਾ ਵੀ ਬਦਲਦੀ ਹੈ। ਇਸ ਬਦਲੀ ਦੇ ਕਾਰਨ, ਸਗੋਂ ਨਿਯਮ, ਅਸੀਂ ਜਾਣਦੇ ਹਾਂ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇਹ ਕਾਰਨ ਸਮਾਜਕ ਅਤੇ ਸਭਿਆਚਾਰਕ ਪ੍ਰਭਾਵਾਂ ਤੋਂ ਨਿਰਲੇਪ ਨਹੀਂ, ਸਗੋਂ ਉਹਨਾਂ ਦਾ ਅਸਰ ਹਨ। ਭਾਸ਼ਾ ਦੀ ਹੋਂਦ ਵੀ ਆਪਣੇ ਸਭਿਆਚਾਰਕ ਸਿਸਟਮ ਦੇ ਅੰਦਰ ਅਤੇ ਉਸ ਦੇ ਸੰਦਰਭ ਵਿਚ ਹੀ ਅਰਥ ਰੱਖਦੀ ਹੈ।

ਹਾਨਿਗਮਨ ਅਤੇ ਕਈ ਹੋਰ ਮਾਨਵ-ਵਿਗਿਆਨੀ ਸਭਿਆਚਾਰ ਨੂੰ ਇਕ ਸਿਸਟਮ ਵਜੋਂ ਮੰਨਦੇ ਹੋਏ ਵੀ, ਜਦੋਂ ਇਸ ਦਾ ਵਿਸਥਾਰ ਦੇਣ ਲੱਗਦੇ ਹਨ ਤਾਂ ਇਸ ਦੇ ਮੁੱਖ ਅੰਗ ਦੇਣ ਦੀ ਥਾਂ ਇਸ ਦੀਆਂ ਨਿੱਕੀਆਂ ਤੋਂ ਨਿੱਕੀਆਂ ਭਾਵਪੂਰਤ ਇਕਾਈਆਂ ਜਾਂ ਅੰਸ਼ਾਂ ਨੂੰ ਗਿਣਵਾਉਣ ਲੱਗ ਪੈਂਦੇ ਹਨ, ਅਤੇ ਉਹਨਾਂ ਅੰਸ਼ਾਂ ਦੇ ਪਰਸਪਰ ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਤੋਂ ਸਿੱਧਾ ਸਿਸਟਮ ਦੀ ਪਛਾਣ ਕਰਨ ਲੱਗ ਪੈਂਦੇ ਹਨ। ਸਾਨੂੰ ਇਹ ਪਤਾ ਹੈ ਕਿ ਕਿਸੇ ਸਰਲ ਤੋਂ ਸਰਲ ਸਭਿਆਚਾਰ ਦੇ ਵੀ ਸੈਂਕੜੇ, ਸਗੋਂ ਹਜ਼ਾਰਾਂ ਭਾਵਪੂਰਤ ਅੰਸ਼ ਹੋ ਸ਼ਕਦੇ ਹਨ। ਇਹ ਖਿਲਾਰ ਇੱਕ ਸਿਸਟਮ ਵਜੋਂ ਸਭਿਆਚਾਰ ਦੀ ਸਮਝ ਵਿਚ ਵਿਘਣਕਾਰੀ ਹੀ ਹੋ ਸਕਦਾ ਹੈ।

ਦੂਜੇ ਪਾਸੇ ਕਈ ਸਮਾਜ-ਵਿਗਿਆਨੀ ਸਭਿਆਚਾਰ ਨੂੰ ਜੇ ਮੁੱਖ ਅੰਗਾਂ ਵਿਚ ਵੰਡ ਕੇ ਦੇਖਦੇ ਵੀ ਹਨ ਤਾਂ ਇਹ ਵੰਡ ਆਪਣੇ ਆਪ ਵਿਚ ਸਪੱਸ਼ਟ ਅਤੇ ਨਿਸ਼ਚਿਤ ਨਹੀਂ ਹੁੰਦੀ, ਜਿਵੇਂ ਕਿ ਥੀਲਜ਼ (ਰਾਲਫ਼ ਅਤੇ ਐਲਨ) ਅਤੇ ਹੋਯਰ2 ਨੇ ਸਭਿਆਚਾਰਕ ਸਿਸਟਮ ਦੇ ਪੰਜ ਅੰਗ ਦੱਸੇ ਹਨ:

1. ਮਨੁੱਖੀ ਸਮੂਹ (ਗਰੁੱਪ), 2. ਮਾਹੌਲ, 3. ਪਦਾਰਥਕ ਸਭਿਆਚਾਰ, 4, ਸਭਿਆਚਾਰਕ ਪਰੰਪਰਾਵਾਂ, 5. ਮਨੁੱਖੀ ਵਿਹਾਰ।

25