ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੀਣੀ ਚਾਹੀਦੀ ਹੈ ਜਾਂ ਨਹੀਂ?―ਇਹ ਨਿਰਣਾ ਬੋਧਾਤਮਿਕ ਖੇਤਰ ਦਾ ਹੈ। ਜਦ ਕਿ ਸਿਗਰਟ ਆਪ ਪਦਾਰਥਕ ਸਭਿਆਚਾਰ ਦਾ ਅੰਗ ਹੈ ਅਤੇ ਪਦਾਰਥਕ ਉਤਪਾਦਨ ਦੇ ਇਕ ਖ਼ਾਸ ਪੜਾਅ ਦੀ ਵੀ ਸੂਚਕ ਹੈ। ਇਹ ਨਾ ਸਿਰਫ਼ ਤੰਬਾਕੂ ਨੂੰ ਹੀ ਪੇਸ਼ ਕਰਦੀ ਹੈ, ਸਗੋਂ ਤੰਬਾਕੂ ਤੋਂ ਸਿਗਰਟ ਬਣਨ ਤੱਕ ਦੀ ਸਾਰੀ ਪਦਾਰਥਕ ਪ੍ਰਕਿਰਿਆ ਨੂੰ ਸਾਕਾਰ ਕਰਦੀ ਹੈ। ਸ਼ਰਾਬ ਦੇ ਸੰਬੰਧ ਵਿਚ ਇਹ ਸਾਰੇ ਭੇਦ, ਉਪ-ਸਭਿਆਚਾਰਾਂ ਦੀ ਪੱਧਰ ਤੱਕ, ਵਧੇਰੇ ਨਿੱਖੜ ਕੇ ਸਾਹਮਣੇ ਆ ਸਕਦੇ ਹਨ। ਇਕ ਕਿਤਾਬ, ਇਸੇ ਤਰ੍ਹਾਂ ਆਪਣੇ ਆਪ ਵਿਚ ਸਭਿਆਚਾਰ ਦੇ ਤਿੰਨਾਂ ਅੰਗਾਂ ਨੂੰ ਹੀ ਸਾਕਾਰ ਕਰਦੀ ਹੈ ਇਸ ਤੋਂ ਕਾਗਜ਼ ਅਤੇ ਛਪਾਈ ਦੇ ਸੰਬੰਧ ਵਿਚ ਪ੍ਰਾਪਤ ਕੀਤੇ ਜਾ ਚੁੱਕੇ ਪਦਾਰਥਕ ਪੜਾਅ ਦਾ ਪਤਾ ਲੱਗਦਾ ਹੈ। ਇਸ ਦੀ ਦਿੱਖ ਤੋਂ ਸੋਹਜ-ਸੁਆਦ ਦਾ ਪਤਾ ਲੱਗੇਗਾ, ਪਕਿਆਈ ਤੋਂ ਖਪਤ ਦੇ ਫ਼ਲਸਫ਼ੇ ਦਾ ਪਤਾ ਲੱਗਾ। ਵਿਸ਼ਾ-ਵਸਤੂ ਬੋਧਾਤਮਕ ਸਭਿਆਚਾਰ ਨੂੰ ਪੇਸ਼ ਕਰੇਗਾ।

ਜੇ ਸਭਿਆਚਾਰਕ ਸਿਸਟਮ ਦੇ ਅੰਗ ਇਸ ਤਰ੍ਹਾਂ ਅੰਤਰ-ਸੰਬੰਧਤ ਹਨ, ਤਾਂ ਇਹ ਸਹਿਜੇ ਹੀ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਇਕ ਅੰਗ ਵਿਚ ਆਈ ਤਬਦੀਲੀ ਦੂਜੇ ਅੰਗਾਂ ਨੂੰ ਵੀ ਪ੍ਰਭਾਵਿਤ ਕਰੇਗੀ। ਇਸ ਤਰ੍ਹਾਂ ਨਾਲ ਸਮੁੱਚੇ ਸਭਿਆਚਾਰਕ ਸਿਸਟਮ ਵਿਚ ਇਕ ਸ੍ਵੈ-ਅਨੁਕੂਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਇਗੀ, ਜਿਹੜੀ ਸਫਲ ਅੰਤ ਤੱਕ ਜਾਰੀ ਰਹੇਗੀ। ਇਸੇ ਗੱਲ ਤੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਤਬਦੀਲੀ ਜ਼ਰੂਰੀ ਨਹੀਂ ਸਾਰੇ ਅੰਗਾਂ ਵਿਚ ਇਕੋ ਵੇਲੇ ਆਏ। ਸਗੋਂ ਇਹ ਇਕੋ ਵੇਲੇ ਨਹੀਂ ਆਉਂਦੀ, ਨਾ ਹੀ ਇਕ ਜਿੰਨੀ ਮਾਤਰਾ ਵਿਚ ਆਉਂਦੀ ਹੈ। ਅਤੇ ਭਾਵੇਂ ਇਹ ਵੀ ਜ਼ਰੂਰੀ ਨਹੀਂ ਕਿ ਤਬਦੀਲੀ ਹਮੇਸ਼ਾਂ ਇਕੋ ਅੰਗ ਤੋਂ ਹੀ ਸ਼ੁਰੂ ਹੋਵੇ, ਪਰ ਸਮਾਜ ਦੇ ਸੰਦਰਭ ਵਿਚ ਸਭਿਆਚਾਰ ਵਿਚ ਬੁਨਿਆਦੀ ਤਬਦੀਲੀ ਅਕਸਰ ਪਦਾਰਥਕ ਸਭਿਆਚਾਰ ਤੋਂ ਹੀ ਸ਼ੁਰੂ ਹੁੰਦੀ ਹੈ, ਜਿਵੇਂ ਕਿ ਅਸੀਂ 'ਸਭਿਆਚਾਰਕ ਪਰਿਵਰਤਨ’ ਵਾਲੇ ਕਾਂਡ ਵਿਚ ਦੇਖਾਂਗੇ।

ਜੇ ਇਸ ਗੱਲ ਨੂੰ ਕੁਝ ਉਦਾਹਰਣਾਂ ਨਾਲ ਸਪੱਸ਼ਟ ਕਰਨਾ ਹੋਵੇ ਤਾਂ ਲੱਕੜੀ ਦੇ ਹੱਲ ਦੀ ਥਾਂ ਟਰੈਕਟਰ ਦੀ ਵਰਤੋਂ ਪਦਾਰਥਕ ਸਭਿਆਚਾਰ ਵਿਚ ਆਈ ਤਬਦੀਲੀ ਹੈ। ਪਰ ਇਹ ਤਬਦੀਲੀ ਸਮੁੱਚੇ ਮਨੁੱਖੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀ ਹੈ, ਨਾ ਸਿਰਫ਼ ਖੇਤੀ ਦੇ ਪਿੜ ਵਿਚ ਹੀ, ਸਗੋਂ ਸਮੁੱਚੇ ਸਮਾਜਕ ਢਾਂਚੇ ਵਿਚ ਵੀ। ਜ਼ਿਮੀਂਦਾਰ ਅਤੇ ਸੀਰੀ ਦਾ ਸੰਬੰਧ ਕਾਰਖ਼ਾਨੇਦਾਰ ਅਤੇ ਦਿਹਾੜੀਦਾਰ ਮਜ਼ਦੂਰ ਵਾਲਾ ਹੋ ਜਾਂਦਾ ਹੈ। ਕਈ ਮਜ਼ਦੂਰ ਖੇਤੀ ਦੇ ਕੰਮ ਲਈ ਵਾਧੂ ਹੋ ਜਾਂਦੇ ਹਨ, ਅਤੇ ਸ਼ਹਿਰਾਂ ਵੱਲ ਵਹੀਰਾਂ ਪਾ ਦੇਂਦੇ ਹਨ। ਇਹ ਗੱਲ ਸ਼ਹਿਰ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੀ ਨੂੰ। ਇਸੇ ਤਰ੍ਹਾਂ ਵਿਦਿਆ ਦਾ ਪਾਸਾਰ ਬੋਧਾਤਮਕ ਖੇਤਰ ਵਿਚ ਤਬਦੀਲੀ ਹੈ, ਪਰ ਇਹ ਤਬਦੀਲੀ ਪਦਾਰਥਕ ਵਸਤਾਂ ਅਤੇ ਵਰਤਾਰਿਆਂ ਵੱਲ; ਧਰਮ, ਜਾਤ-ਪਾਤ, ਵਹਿਮ-ਭਰਮ ਵੱਲ; ਰਾਜ ਸਮਾਜ ਅਤੇ ਪ੍ਰਕਿਰਤੀ ਵੱਲ ਮਨੁੱਖ ਦੇ ਵਤੀਰੇ ਵਿਚ ਤਬਦੀਲੀ ਲੈ ਆਉਂਦੀ ਹੈ। ਜਲਦੀ ਜਾਂ

33