ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਂ ਪਾ ਕੇ ਸਮਾਜ ਅਤੇ ਸਭਿਆਚਾਰ ਲਈ ਇਸ ਤਬਦੀਲੀ ਅਨੁਸਾਰ ਢਲਣਾ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਵਿਰੋਧ ਅਤੇ ਅਸੁਖਾਵੇਂਪਣ ਦੀ ਸਥਿਤੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਹੋਰ ਕਈ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਸਭਿਆਚਾਰ ਦਾ ਇਕ ਜੁੱਟ ਅਤੇ ਜਟਿਲ ਸਿਸਟਮ ਹੋਣਾ ਸਪੱਸ਼ਟ ਕਰਦੀਆਂ ਹਨ।

ਨਾਲ ਹੀ ਉਪ੍ਰੋਕਤ ਉਦਾਹਰਣਾਂ ਅਸਾਵੀਂ ਤਬਦੀਲੀ ਦੀ ਵਿਆਖਿਆ ਕਰਦੀਆਂ ਹਨ। ਅਸਾਵੀਂ ਤਬਦੀਲੀ ਦੀ ਵਿਆਖਿਆ ਲਈ ਹੀ ਅਕਸਰ ਦਿੱਤੀਆਂ ਜਾਂਦੀਆਂ ਦੋ ਉਦਾਹਰਣਾਂ ਹੋਰ ਦੇ ਕੇ ਅਸੀਂ ਆਪਣੀ ਗੱਲ ਮੁਕਾਵਾਂਗੇ। ਇਹਨਾਂ ਤੋਂ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਕਿਵੇਂ ਇਕ ਅੰਗ ਵਿਚ ਆਈ ਤਬਦੀਲੀ ਦੂਜੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਅਤੇ ਸਮੁੱਚੀ ਪ੍ਰਣਾਲੀ ਵਿਚ ਇਕ ਆਸਾਵਾਂਪਣ ਲਿਆਉਣ ਦਾ ਰੁਝਾਨ ਰੱਖਦੀ ਹੈ।

ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਕਾਢ ਸਾਡੀ ਸਮਾਜਕ ਲੋੜ ਦਾ ਸਿੱਟਾ ਹੈ। ਪਰ ਇਸ ਕਾਢ ਦੇ ਨਾਲ ਸਾਡੇ ਸਭਿਆਚਾਰ ਦੇ ਪ੍ਰਤਿਮਾਨਿਕ ਅਤੇ ਬੋਧਾਤਮਿਕ ਅੰਗ ਖਿਚਾਅ ਵਿਚ ਆ ਗਏ ਹਨ। ਨਾ ਸਿਰਫ਼ ਇਹ ਕਿ ਸਾਡੇ ਲਈ ਇਹ ਨਿਸਚਿਤ ਕਰਨਾ ਜ਼ਰੂਰੀ ਹੈ ਕਿ ਇਹ ਸਾਧਨ ਕਿਸ ਨੂੰ ਅਤੇ ਕਿਹੜੀਆਂ ਹਾਲਤਾਂ ਵਿੱਚ ਵਰਤਣੇ ਚਾਹੀਦੇ ਹਨ (ਪ੍ਰਤਿਮਾਨਿਕ ਸਭਿਆਚਾਰ), ਸਗੋਂ ਇਹ ਵੀ ਕਿ ਇਸ ਵਰਤੋਂ ਤੋਂ ਪੈਦਾ ਹੁੰਦੇ ਇਖ਼ਲਾਕੀ ਜ਼ਿੰਮੇਵਾਰੀ ਦਾ ਅਹਿਸਾਸ ਸਾਡੇ ਵਿਚ ਹੈ ਜਾਂ ਨਹੀਂ? ਸੋ ਇਹ ਸ੍ਵੈ-ਅਨੁਕੂਲਣ ਦੀ ਤਣਾਅ-ਭਰੀ ਪ੍ਰਕਿਰਿਆ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਉਪਰੋਕਤ ਸਵਾਲਾਂ ਦਾ ਫ਼ੈਸਲਾ ਨਹੀਂ ਕਰ ਲੈਂਦੇ, ਅਤੇ ਜਦੋਂ ਤੱਕ ਅਸੀਂ ਆਪਣੇ ਵਿਚ ਲੁੜੀਂਦੀ ਇਖ਼ਲਾਕੀ ਜ਼ਿੰਮੇਵਾਰੀ ਨਹੀਂ ਪੈਦਾ ਕਰ ਲੈਂਦੇ, ਜਾਂ ਫਿਰ ਇਖ਼ਲਾਕ ਦਾ ਸੰਕਲਪ ਹੀ ਨਹੀਂ ਬਦਲ ਲੈਂਦੇ।

ਇਸੇ ਤਰਾਂ ਦੂਜੀ ਉਦਾਹਰਣ ਐਟਮੀ ਸ਼ਕਤੀ ਦੀ ਦਿੱਤੀ ਜਾਂਦੀ ਹੈ। ਇਸ ਸ਼ਕਤੀ ਨੇ ਮਨੁੱਖ ਸਾਹਮਣੇ ਆਪਣੀ ਜ਼ਿੰਦਗੀ ਨੂੰ ਚੰਗੇਰੀ ਬਣਾਉਣ ਦੀਆਂ ਅਥਾਹ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ। ਪਰ ਨਾਲ ਹੀ ਸਮੁੱਚੀ ਮਨੁੱਖਤਾ ਨੂੰ ਤਬਾਹੀ ਦੀ ਚੰਦੀ ਉਤੇ ਲਿਆ ਖੜਾ ਕੀਤਾ ਹੈ, ਜਿਸ ਨਾਲ ਇਕ ਸੰਕਟ ਖੜਾ ਹੋ ਗਿਆ ਹੈ। ਮਸਲਾ ਫਿਰ ਪਦਾਰਥਕ ਸਭਿਆਚਾਰ ਵਿਚ ਆਈ ਤਬਦੀਲੀ ਦੇ ਅਨੁਕੂਲ ਪ੍ਰਤਿਮਾਨਿਕ ਅਤੇ ਬੋਧਾਤਮਿਕ ਸਭਿਆਚਾਰ ਵਿਚ ਤਬਦੀਲੀ ਲਿਆਉਣ ਦਾ ਹੈ। ਅਤੇ ਇਹ ਮਸਲਾ ਕੌਮਾਤਰੀ ਅਤੇ ਸਰਬ-ਮਨੁੱਖੀ ਪੈਮਾਨੇ ਉਤੇ ਨਜਿੱਠਿਆ ਜਾਣ ਵਾਲਾ ਹੈ।

34