ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦੀ ਹੈ।

ਇਸ ਸਭਿਆਚਾਰਕ ਵਿਕਾਸ ਦੀਆਂ ਮੰਜ਼ਲਾਂ ਉਤੇ ਜਨ-ਸਮੂਹਾਂ ਦੇ ਕਦਮ ਇਕਸਾਰ ਨਹੀਂ ਚਲਦੇ ਰਹੇ। ਸੇਧ ਇਕ ਰਹਿਣ ਦੇ ਬਾਵਜੂਦ ਵੀ ਕਦੀ ਹੌਲੀ ਹੋ ਜਾਣਾ, ਕਦੀ ਤੇਜ਼ ਹੋ ਜਾਣਾ ਇਕ ਸਭਾਵਕ ਵਰਤਾਰਾ ਹੈ। ਜੋ ਸੁਭਾਵਕ ਵਰਤਾਰਾ ਨਹੀਂ, ਉਹ ਇਹ ਹੈ ਕਿ ਇਸ ਮੰਜ਼ਲ ਉਤੇ ਮਨੁੱਖ ਦੇ ਕਦਮ ਪਿੱਛੇ ਵੱਲ ਨੂੰ ਪੈਣੇ ਸ਼ੁਰੂ ਹੋ ਜਾਣ। ਪਰ ਇਸ ਅਸਾਧਾਰਣ ਸਥਿਤੀ ਵਿਚ ਕੋਈ ਵੀ ਸਮਾਜ ਬਹੁਤੀ ਦੇਰ ਨਹੀਂ ਰਹਿ ਸਕਿਆ।

ਵਿਕਾਸ ਦੀ ਇਸ ਮੰਜਲ ਉਤੇ, ਕੁਝ ਜਨ-ਸਮੂਹ ਕਿਸੇ ਖ਼ਾਸ ਪੜਾਅ ਉਤੇ ਆ ਕੇ ਰੁਕ ਜਾਂਦੇ ਹਨ। ਇਸ ਦਾ ਸੰਭਵ ਕਾਰਨ ਕੀ ਹੋ ਸਕਦਾ ਹੈ? ਕੀ ਮਾਹੌਲ ਮਨੁੱਖ ਨੂੰ ਨਵੀਆਂ ਵੰਗਾਰਾਂ ਪੇਸ਼ ਕਰਨੋਂ ਹਟ ਜਾਂਦਾ ਹੈ? ਜਾਂ ਕਿ ਮਨੁੱਖ ਦੀ ਪ੍ਰਕਿਰਤੀ ਆਪਣੀ ਉਸ ਸਮੇਂ ਦੀ ਪ੍ਰਾਪਤੀ ਨਾਲ ਸੰਤੁਸ਼ਟ ਹੋਈ, ਅੱਗੇ ਵਧਣ ਬਾਰੇ ਸੋਚਣਾ ਬੰਦ ਕਰ ਦੇਂਂਦੀ ਹੈ? ਇਸ ਬਾਰੇ ਅਜੇ ਮਾਨਵ-ਵਿਗਿਆਨੀ ਕੁਝ ਨਹੀਂ ਦੱਸਦੇ।

ਪਰ ਹੁਣ ਤੱਕ ਦੇ ਸਾਰੇ ਵਰਨਣ ਤੋਂ ਹੀ ਕੁਝ ਸਿੱਟੇ ਕੱਢੇ ਜਾ ਸਕਦੇ ਹਨ। ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਸਿੱਟਾ ਇਹ ਹੈ ਕਿ ਸਭਿਆਚਾਰ ਮਨੁੱਖੀ ਸਮਾਜ ਦਾ ਸਰਬ-ਵਿਆਪਕ ਵਰਤਾਰਾ ਹੈ। ਜਿਥੇ ਮਨੁੱਖੀ ਸਮਾਜ ਹੋਵੇਗਾ, ਓਥੇ ਸਭਿਆਚਾਰ ਵੀ ਹੋਵੇਗਾ। ਪਰ ਕਿਉਂਕਿ ਹਰ ਸਮਾਜ ਨੂੰ ਪੇਸ਼ ਆਉਂਦੀਆਂ ਪ੍ਰਕਿਰਤਕ ਹਾਲਤਾਂ ਇਕ ਨਹੀਂ ਸਨ (ਅਜੇ ਵੀ ਨਹੀਂ ਹਨ), ਇਸ ਲਈ ਸਭਿਆਚਾਰ ਵੀ ਹਰ ਸਮਾਜ ਦਾ ਵੱਖ ਵੱਖ ਹੋ ਗਿਆ, ਅਤੇ ਇਹੀ ਵਖਰੇਵਾਂ ਆਖ਼ਰ ਉਸ ਸਮਾਜ ਦੀ ਪਛਾਣ ਬਣ ਗਿਆ।

ਸੋ, ਸਭਿਆਚਾਰ ਸਰਬ-ਵਿਆਪਕ ਹੋਣ ਦੇ ਬਾਵਜੂਦ, ਹਰ ਸਭਿਆਚਾਰ ਦੀ ਆਪਣੀ ਨਿਵੇਕਲੀ ਹੋਂਦ ਅਤੇ ਪਛਾਣ ਹੁੰਦੀ ਹੈ। ਸਮਾਂ ਬੀਤਣ ਨਾਲ ਇਹ ਫ਼ਰਕ ਵੀ ਵਧਦੇ ਜਾਂਦੇ ਹਨ। ਭੂਗੋਲਕ ਕਾਰਨਾਂ ਦੇ ਨਾਲ ਨਾਲ, ਇਤਿਹਾਸਕ ਕਾਰਨ, ਅਤੇ ਮਗਰੋਂ ਕਈ ਹੋਰ ਕਾਰਨ ਵੀ ਨਾਲ ਮਿਲਦੇ ਜਾਂਦੇ ਹਨ।

ਪਰ ਇਹ ਨਿਵੇਕਲਤਾ, ਜਾਂ ਕਿਸੇ ਸਭਿਆਚਾਰ ਦਾ ਦਿੱਸਦਾ ਪਛੜੇਵਾਂ, ਜਾਂ ਇਸ ਦੇ ਖੜੋਤ ਦੀ ਸਥਿਤੀ ਵਿਚ ਹੋਣ ਦਾ ਪ੍ਰਭਾਵ ਆਪਣੇ ਆਪ ਵਿਚ ਇਸ ਦੇ ਅਧੂਰੇ ਹੋਣ ਦਾ ਸੂਚਕ ਨਹੀਂ ਹੁੰਦਾ। ਹਰ ਸਭਿਆਚਾਰ ਆਪਣੇ ਸਮੇਂ ਅਤੇ ਇਤਿਹਾਸਕ ਪੜਾਅ ਦੇ ਮੁਤਾਬਕ ਇਕ ਪੂਰਨ ਇਕਾਈ ਹੁੰਦਾ ਹੈ।

ਪਰ ਸਮਾਜ-ਵਿਗਿਆਨੀ ਅਤੇ ਮਾਨਵ-ਵਿਗਿਆਨੀ ਲਈ ਮਸਲਾ ਇਹ ਹੁੰਦਾ ਹੈ ਕਿ ਉਹ ਇਸ ਸਭਿਆਚਾਰਕ ਭਿੰਨਤਾ ਅਤੇ ਅਨੇਕਤਾ ਨੂੰ ਕਿਵੇਂ ਦੇਖੇ, ਅਤੇ ਇਸ ਦਾ ਕਿਵੇਂ ਮੁਲੰਕਣ ਕਰੇ? ਜਾਂ ਫਿਰ, ਭਿੰਨਤਾ ਅਤੇ ਅਨੇਕਤਾ ਦਾ ਸਿਰਫ਼ ਵਰਨਣ ਹੀ ਕਰ ਦੇਵੇ, ਅਤੇ ਮੁਲੰਕਣ ਵਿਚ ਨਾ ਪਵੇ।

ਇਸ ਸਮੱਸਿਆ ਨੇ ਦੋ ਬਿਲਕੁਲ ਵਿਰੋਧੀ ਵਰਤਾਰਿਆਂ ਨੂੰ ਜਨਮ ਦਿੱਤਾ ਹੈ―ਇਕ, ਜਿਸ ਨੂੰ ਨਸਲਮੁੱਖਤਾ ਕਿਹਾ ਜਾਂਦਾ ਹੈ; ਦੂਜਾ, ਜਿਸ ਨੂੰ ਸਭਿਆਚਾਰਕ ਸਾਪੇਖਤਾ

37