ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਮਾਨਵਵਾਦ ਉਤੇ ਜ਼ੋਰ ਦੇਂਦਾ ਹੈ। ਪਰ ਇਸ ਸਿਧਾਂਤ ਦੀ ਸਾਰਥਕਤਾ ਨਸਲਮੁੱਖਤਾ ਦਾ ਮੁਕਾਬਲਾ ਕਰਨ ਤੱਕ ਹੀ ਸੀਮਤ ਹੈ।

ਅੱਜ ਦੂਜੇ ਸਭਿਆਚਾਰਾਂ ਦੇ ਅਧਿਐਨ ਦੀ ਦ੍ਰਿਸ਼ਟੀ ਜਾਂ ਮੰਤਵ ਨਸਲਮੁੱਖਤਾ ਜਾਂ ਸਭਿਆਚਾਰਕ ਸਾਪੇਖਤਾ ਨਹੀਂ, ਸਗੋਂ ਕਿਸੇ ਸਾਂਝੇ ਮਨੁੱਖੀ ਸਭਿਆਚਾਰ ਦੀ ਤਸਵੀਰ ਸਿਰਜ ਸਕਣਾ ਹੈ, ਜਾਂ ਫਿਰ ਸਾਂਝੇ ਮਨੁੱਖੀ ਸਭਿਆਚਾਰਕ ਭੰਡਾਰੇ ਨੂੰ ਵਧਾਉਣਾ ਹੈ; ਇਸ ਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾ ਕੇ ਵਿਕਾਸ ਦੀਆਂ ਮੰਜ਼ਲਾਂ ਉਤੇ ਪਿੱਛੇ ਰਹਿ ਗਏ ਸਭਿਆਚਾਰ ਨੂੰ ਨਾਲ ਮਿਲਣ ਅਤੇ ਅੱਗੇ ਵਧਣ ਵਿਚ ਸਹਾਇਤਾ ਕਰਨਾ ਹੈ। ਸਭਿਆਚਾਰ ਨੂੰ ਇਕ ਆਪ-ਮੁਹਾਰਾ ਮਨੁੱਖੀ ਵਰਤਾਰਾ ਨਾ ਰਹਿਣ ਦੇ ਕੇ, ਇਸ ਨੂੰ ਚੇਤੰਨ ਯਤਨਾਂ ਦੇ ਅਧੀਨ ਕਰਨਾ ਹੈ।

ਅੱਜ ਸਾਡੇ ਸਾਹਮਣੇ ਮਸਲਾ ਸਿਰਫ਼ ਦੁਜੇ, ਖ਼ਾਸ ਕਰਕੇ ਪਿੱਛੇ ਰਹਿ ਗਏ ਸਭਿਆਚਾਰਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਨ ਦਾ ਹੀ ਨਹੀਂ, ਸਗੋਂ ਅੱਜ ਦੀਆਂ ਪਦਾਰਥਕ ਅਤੇ ਬੌਧਕ ਪ੍ਰਾਪਤੀਆਂ ਉਹਨਾਂ ਤੱਕ ਲਿਜਾਣ ਦਾ ਵੀ ਹੈ। ਦੂਜੇ ਸ਼ਬਦਾਂ ਵਿਚ, ਉਹਨਾਂ ਨੂੰ ਇਸ ਦੇ ਸਮਰੱਥ ਬਣਾਉਣ ਦਾ ਵੀ ਹੈ ਕਿ ਉਹ ਅੱਜ ਦੀਆਂ ਇਹਨਾਂ ਪ੍ਰਾਪਤੀਆਂ ਨੂੰ ਅਪਣਾ ਸਕਣ, ਭਾਵੇਂ ਆਪਣੇ ਸਭਿਆਚਾਰਾਂ ਦੇ ਚੌਖਟੇ ਵਿਚ ਪਚਾ ਕੇ ਹੀ ਕਿਉਂ ਨਾ ਅਪਣਾਉਣ। ਦੂਜੇ ਸਭਿਆਚਾਰ ਦਾ ਮੁਲੰਕਣ ਨਾ ਕਰਨ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਹੁਣ ਤੱਕ ਦੀਆਂ ਆਪਣੀਆਂ ਐਸੀਆਂ ਪ੍ਰਾਪਤੀਆਂ ਉਤੇ ਵੀ ਕਾਟਾ ਫੇਰ ਦੇਈਏ, ਜਾਂ ਉਹਨਾਂ ਬਾਰੇ ਬੇਭਰੋਸਗੀ ਦਿਖਾਈਏ, ਜਿਨ੍ਹਾਂ ਬਾਰ ਲਗਭਗ ਸਾਂਝੀ ਰਾਏ ਪਾਈ ਜਾਂਦੀ ਹੈ ਕਿ ਇਹ ਹੁਣ ਤੱਕ ਦੇ ਸਭਿਆਚਾਰਕ ਵਿਕਾਸ ਦਾ ਸਰਵੁੱਚ ਪੜਾਅ ਹਨ, ਜਿਵੇਂ ਕਿ ਮਾਨਵਵਾਦ, ਜਨਵਾਦ, ਜਾਂ ਸਭਿਅਤਾ ਦੇ ਪਦਾਰਥਕ ਸੁਖ-ਸਹੂਲਤਾਂ ਦੇ ਸਾਧਨਾਂ ਨੂੰ ਮਨੁੱਖੀ ਸੇਵਾ ਵਿਚ ਲਾਉਣਾ। ਹਾਲਾਂਕਿ ਜਿਸ ਵੇਲੇ ਅਸੀਂ ਕਬੀਲਾ-ਸਭਿਆਚਾਰਾਂ ਦਾ, ਜਾਂ ਅਦਿ-ਵਾਸੀ ਸਭਿਆਚਾਰਾਂ ਦਾ ਅਧਿਐਨ ਕਰ ਰਹੇ ਹੁੰਦੇ ਹਾਂ, ਤਾਂ ਸਾਡਾ ਮਕਸਦ ਆਪਣੇ ਵਿਕਾਸ ਦੀ ਕਿਸੇ ਗੁੰਮ ਹੋਈ ਕੜੀ ਨੂੰ ਪਛਾਨਣਾ ਹੁੰਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਚੇਤਨਤਾ ਸਾਡੇ ਮਨਾਂ ਵਿਚ ਕੰਮ ਕਰ ਰਹੀ ਹੁੰਦੀ ਹੈ ਕਿ ਵਿਕਾਸ ਦੀ ਦੌੜ ਵਿਚ ਉਹ ਸਾਡੇ ਨਾਲੋਂ ਪਿੱਛੇ ਹਨ। ਤਾਂ ਫਿਰ ਪ੍ਰਤੱਖ਼ ਤੌਰ ਉਤੇ ਇਹ ਕਹਿ ਦੇਣ ਵਿਚ ਕੋਈ ਹਰਜ ਨਹੀਂ ਹੋਣਾ ਚਾਹੀਦਾ, ਜੇ ਭਾਵਨਾ ਅਗਲੇ ਨੂੰ ਛਟਿਆ ਕੇ ਹੋਰ ਪਿੱਛੇ ਧੱਕਣ ਅਤੇ ਹੀਣਤਾ ਭਾਵ ਪੈਦਾ ਕਰਨ ਦੀ ਨਹੀਂ, ਸਗੋਂ ਸੁਹਿਰਦਤਾ ਨਾਲ ਉਸ ਨੂੰ ਵਿਕਾਸ ਦੇ ਰਾਹ ਉਤੇ ਨਾਲ ਲਿਆਉਣ ਦਾ ਹੈ।

ਇਹ ਕੁਝ ਤਾਂ ਹੈ ਸਭਿਆਚਾਰ ਦੀ ਸਰਬ-ਵਿਆਪਕਤਾ, ਏਕਤਾ, ਅਨੇਕਤਾ, ਅਤੇ ਇਹਨਾਂ ਵੱਲ ਅਪਣਾਈ ਜਾਂਦੀ ਦ੍ਰਿਸ਼ਟੀ ਬਾਰੇ।

ਸਭਿਆਚਾਰ ਦਾ ਅਗਲਾ ਮਹੱਤਵਪੂਰਨ ਲੱਛਣ ਇਹ ਹੈ ਕਿ ਇਹ ਮਨੁੱਖ ਦਾ ਸਮਾਜਕ ਵਿਰਸਾ ਹੈ, ਜੀਵ-ਵਿਗਿਆਨਕ ਵਿਰਸਾ ਨਹੀਂ। ਇਹੀ ਲੱਛਣ ਮਨੁੱਖ ਨੂੰ

39