ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਕੀ ਜੀਵਾਂ ਤੋਂ ਵਿਲੱਖਣ ਬਣਾਉਂਦਾ ਹੈ। ਪਸ਼ੂ ਮੂਲ-ਪ੍ਰਵਿਰਤੀਆਂ ਲੈ ਕੇ ਜੰਮਦੇ ਹਨ। ਉਹਨਾਂ ਦੀ ਹੋਂਦ ਇਹਨਾਂ ਮੂਲ-ਪ੍ਰਵਿਰਤੀਆਂ ਦਾ ਹੀ ਉੱਤਰ ਹੁੰਦੀ ਹੈ। ਹਰ ਨਵੀਂ ਪੀੜ੍ਹੀ ਉਹਨਾਂ ਹੀ ਮੂਲ-ਪ੍ਰਵਿਰਤੀਆਂ ਨਾਲ ਜੰਮਦੀ ਹੈ ਅਤੇ ਮਰ ਜਾਂਦੀ ਹੈ। ਇਥੋਂ ਤੱਕ ਕਿ ਉਹਨਾਂ ਜੀਵਾਂ ਵਿਚ ਵੀ, ਜਿਨ੍ਹਾਂ ਵਿਚ ਕਿਸੇ ਪ੍ਰਕਾਰ ਦਾ ਸਮਾਜਕ ਸੰਗਠਨ ਦੇਖਣ ਵਿਚ ਆਉਂਦਾ ਹੈ, ਸਦੀਆਂ ਤੱਕ ਕੋਈ ਪਰਿਵਰਤਨ ਨਹੀਂ ਹੋਇਆ। ਪਰ ਮਨੁੱਖ ਮੂਲ-ਪ੍ਰਵਿਰਤੀਆਂ ਲੈ ਕੇ ਨਹੀਂ ਜੰਮਦਾ। ਉਹ ਜੀਵ-ਵਿਗਿਆਨਕ ਲੋੜਾਂ ਅਤੇ ਇਹਨਾਂ ਲੋੜਾਂ ਨੂੰ ਪੂਰਿਆਂ ਕਰਨ ਲਈ ਸਭਿਆਚਾਰ ਗ੍ਰਹਿਣ ਕਰਨ ਦੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨਾਲ ਲੈ ਕੇ ਜੰਮਦਾ ਹੈ। ਇਹ ਤਜਰਬੇ ਕੀਤੇ ਗਏ ਹਨ ਕਿ ਬਲੂੰਗੜੇ ਨੂੰ ਕੁੱਤੀ ਪਾਲੇ, ਤਾਂ ਵੀ ਉਹ ਮਿਆਉਂ ਹੀ ਕਰੇਗਾ, ਭੌਂਕੇਗਾ ਨਹੀਂ। ਪਰ ਜੇ ਮਨੁੱਖ ਦੇ ਬੱਚੇ ਨੂੰ ਜੰਮਣ ਵੇਲੇ ਤੋਂ ਹੀ ਭੇੜੀਆਂ ਦੀ ਸੰਗਤ ਵਿਚ ਸੁੱਟ ਦਿੱਤਾ ਜਾਏ, ਤਾਂ ਉਹ ਉਹਨਾਂ ਵਾਂਗ ਹੀ ਹੁਆਂਕੇਗਾ ਅਤੇ ਛਲਾਂਗਾ ਲਗਾਇਆ। ਇਸੇ ਤਰ੍ਹਾਂ, ਇਕ ਸਭਿਆਚਾਰ ਵਿਚ ਪੈਦਾ ਹੋਏ ਬੱਚੇ ਨੂੰ ਜੇ ਜੰਮਦਿਆਂ ਹੀ ਦੂਜੇ ਸਭਿਆਚਾਰ ਵਿਚ ਭੇਜ ਦਿੱਤਾ ਜਾਏ ਤਾਂ ਉਸ ਦਾ ਆਪਣਾ ਸਭਿਆਚਾਰ ਉਹੀ ਹੋਵੇਗਾ, ਜਿਸ ਵਿਚ ਉਹ ਪਲਦਾ ਹੈ, ਨਾ ਕਿ ਉਹ ਜਿਸ ਵਿਚ ਉਹ ਜੰਮਦਾ ਹੈ।

ਹਰ ਮਨੁੱਖ ਨੂੰ, ਹਰ ਨਵੀਂ ਪੁਸ਼ਤ ਨੂੰ ਆਪਣਾ ਸਭਿਆਚਾਰ ਨਵੇਂ ਸਿਰਿਓਂ ਸਿੱਖਣਾ ਪੈਂਦਾ ਹੈ ਤੇ ਗ੍ਰਹਿਣ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਨਾਲ ਸਮਾਜ ਦੇ ਸਭ ਮੈਂਬਰ ਆਪਣੀਆਂ ਸਭਿਆਚਾਰਕ ਪ੍ਰਾਪਤੀਆਂ ਨੂੰ ਇਕ ਦੂਜੇ ਨਾਲ ਸਾਂਝਾ ਕਰਦੇ ਅਤੇ ਸਮਾਜ ਦੇ ਸਾਂਝੇ ਸਭਿਆਚਾਰਕ ਭੰਡਾਰ ਵਿਚ ਵਾਧਾ ਕਰਦੇ ਹਨ। ਹਰ ਨਵੀਂ ਪੀੜ੍ਹੀ ਪਿਛਲੀ ਪੀੜ੍ਹੀ ਤੋਂ ਸਭਿਆਚਾਰ ਪ੍ਰਾਪਤ ਕਰਦੀ ਹੈ, ਇਸ ਨੂੰ ਆਪਣੀਆ ਬਦਲੀਆਂ ਹਾਲਤਾਂ ਅਨੁਸਾਰ ਲੋੜਾਂ ਦੀ ਛਾਨਣੀ ਵਿਚੋਂ ਲੰਘਾ ਕੇ ਗ੍ਰਹਿਣ ਕਰਦੀ ਹੈ, ਅਤੇ ਫਿਰ ਆਪਣੀ ਵਾਰੀ ਅਗਲੀ ਪੀੜ੍ਹੀ ਨੂੰ ਸੌਂਪ ਦੇਂਦੀ ਹੈ। ਇਸ ਤਰ੍ਹਾਂ ਇਹ ਨਿਰੰਤਰਤਾ ਅਤੇ ਚੋਣ ਦਾ ਅਮਲ ਨਾਲੋਂ ਨਾਲ ਚਲਦਾ ਰਹਿੰਦਾ ਹੈ।

ਸਭਿਆਚਾਰ ਕਿਉਂਕਿ ਸਿਖਿਆ ਜਾਂਦਾ ਹੈ, ਇਸ ਲਈ ਇਸ ਨੂੰ ਕਈ ਵਾਰੀ ਮਨੁੱਖ ਦੇ ਸਿੱਖੇ ਹੋਏ ਵਿਹਾਰ ਵਜੋਂ ਵੀ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸਭਿਆਚਾਰ ਮਨੁੱਖੀ ਵਿਹਾਰ ਦੇ ਹਰ ਖੇਤਰ ਨੂੰ ਹੀ ਆਪਣੀ ਲਪੇਟ ਵਿਚ ਲੈਂਦਾ ਹੈ, ਇਸ ਲਈ ਲਗਭਗ ਸਾਰਾ ਮਨੁੱਖੀ ਵਿਹਾਰ ਸਭਿਆਚਾਰ-ਨਿਰਧਾਰਤ ਹੈ, ਸਿਵਾਇ ਕੁਝ ਕੁ ਬਹੁਤ ਸੀਮਿਤ ਸ਼ਰੀਰਕ ਕਿਰਿਆਵਾਂ ਅਤੇ ਪ੍ਰਤਿਕਰਮਾਂ ਦੇ, ਜਿਹੜੇ ਆਪਣੇ ਆਪ ਹੋ ਜਾਂਦੇ ਹਨ, ਜਿਵੇਂ ਅੱਖਾਂ ਝਮਕਣਾ, ਨਿੱਛ ਜਾਂ ਉਬਾਸੀ ਆਉਣਾ। ਇਹੋ ਜਿਹੇ ਪ੍ਰਤਿਕਰਮਾਂ ਵਿਚੋਂ ਵੀ ਪ੍ਰਤਿਮਾਨਿਕ ਖੇਤਰ ਵਿਚ ਵੱਧ ਜਾਂ ਘੱਟ ਲੈ ਆਂਦੇ ਗਏ ਹਨ, ਜਦ ਕਿ ਬੋਧਾਤਮਿਕ ਖੇਤਰ ਵਿਚ ਉਹਨਾਂ ਦਾ ਨਿਸ਼ਚਿਤ ਸਥਾਨ ਹੈ। ਜਿਵੇਂ ਕਿ ਨਿੱਛ ਮਾਰਨਾ ਇਕ ਆਪਣੇ ਆਪ ਹੁੰਦਾ ਪ੍ਰਤਿਕਰਮ ਹੈ, ਪਰ ਇਹ ਵੀ ਕਿਵੇਂ ਮਾਰਨੀ ਹੈ? ਇਸ ਬਾਰੇ ਨਿਸਚਿਤ

40