ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਗਦਾ ਹੈ, ਜਦ ਕਿ ਮਨੁੱਖ-ਸਿਰਜੀਆਂ ਵਸਤਾਂ ਤੋਂ ਉਸ ਦੇ ਸਭਿਆਚਾਰਕ ਵਿਕਾਸ ਦਾ। ਇਹਨਾਂ ਵਸਤਾਂ ਨੂੰ ਹੀ ਸਭਿਆਚਾਰਕ ਵਸਤਾਂ ਕਿਹਾ ਗਿਆ ਹੈ। ਹੋਰਨਾਂ ਵਿਗਿਆਨਕ ਵਿਧੀਆਂ ਦੇ ਨਾਲ ਨਾਲ, ਜਿਸ ਪੱਧਰ ਜਾਂ ਧਰਤੀ ਦੀ ਜਿਸ ਪਰਤ ਤੋਂ ਇਹ ਵਸਤਾਂ ਮਿਲਦੀਆਂ ਹਨ, ਉਸ ਤੋਂ ਇਹਨਾਂ ਦੇ ਸਮੇਂ ਦਾ ਅੰਦਾਜ਼ਾ ਲਾਇਆ ਜਾਂਦਾ ਹੈ।

ਪ੍ਰਤੱਖ ਹੈ ਕਿ ਇਸ ਸਮੇਂ ਦੇ ਮਨੁੱਖੀ ਸਮਾਜ ਲੋਪ ਹੋ ਚੁੱਕੇ ਹਨ ਅਤੇ ਇਹਨਾਂ ਸਭਿਆਚਾਰਕ ਵਸਤਾਂ ਤੋਂ ਬਿਨਾਂ ਉਹਨਾਂ ਦੀ ਹੋਰ ਕੋਈ ਵੀ ਨਿਸ਼ਾਨੀ ਨਹੀਂ ਬਚੀ। ਇਹਨਾਂ ਵਸਤਾਂ ਤੋਂ ਹੀ ਉਹਨਾਂ ਦੇ ਸਭਿਆਚਾਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਈ ਵਾਰੀ ਇਸੇ ਤੱਥ ਨੂੰ ਹੀ ਮੁੱਖ ਰਖਦਿਆਂ ਸਭਿਆਚਾਰ ਨੂੰ ਪਰਾ-ਮਨੁੱਖੀ ਹੋਂਦ ਦਸਿਆ ਜਾਂਦਾ ਹੈ। ਪਰ ਹਕੀਕਤ ਇਹ ਹੈ ਕਿ ਮਨੁੱਖ ਤੋਂ ਬਿਨਾਂ ਉਸ ਦੇ ਸਭਿਆਚਾਰ ਦੀ ਕਲਪਣਾ ਕਰ ਸਕਣਾ ਅਸੰਭਵ ਹੈ। ਇਹ ਸਭਿਆਚਾਰਕ ਵਸਤਾਂ ਵੀ ਉਸ ਸਮੇਂ ਦੇ ਸਮੁੱਚੇ ਸਭਿਆਚਾਰ ਬਾਰੇ ਕੁਝ ਨਹੀਂ ਦੱਸਦੀਆਂ; ਸਿਰਫ਼ ਇਸ ਦੇ ਪਦਾਰਥਕ ਪੱਖ ਬਾਰੇ, ਅਤੇ ਪਦਾਰਥਕ ਪੱਖੋਂ ਉਸ ਦੇ ਵਿਕਾਸ ਦੇ ਪੜਾਅ ਬਾਰੇ ਅੰਦਾਜ਼ਾ ਲਾਉਣ ਵਿਚ ਹੀ ਸਹਾਈ ਹੁੰਦੀਆਂ ਹਨ।

ਅੱਜ ਦੀਆਂ ਵਿਗਿਆਨਕ ਪ੍ਰਾਪਤੀਆਂ ਸਦਕਾ ਇਹਨਾਂ ਸਭਿਆਚਾਰਕ ਵਸਤਾਂ ਦੇ ਸਮੇਂ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਜਿਸ ਕਰਕੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਬਾਰੇ ਪਤਾ ਲੱਗ ਜਾਂਦਾ ਹੈ ਕਿ, ਉਦਾਹਰਣ ਵਜੋਂ ਆਪਣੇ ਵਿਕਾਸ ਵਿਚ ਮਨੁੱਖ ਨੇ ਖ਼ੁਰਾਕ ਚੁਗਣ ਤੋਂ ਖ਼ੁਰਾਕ ਪੈਦਾ ਕਰਨ ਦੇ ਪੜਾਅ ਤੱਕ ਛਾਲ ਕਦੋਂ ਕੁ ਮਾਰੀ? ਇਹਨਾਂ ਹੀ ਵਸਤਾਂ ਦੇ ਵੱਖ ਵੱਖ ਥਾਵਾਂ ਤੋਂ ਮਿਲਣ ਨਾਲ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੋਈ ਖ਼ਾਸ ਸਮੇਂ ਦਾ ਸਭਿਆਚਾਰ ਕਿੰਨੇ ਕੁ ਇਲਾਕੇ ਉਤੇ ਫੈਲਿਆ ਹੋਇਆ ਸੀ। ਇਸੇ ਤਰ੍ਹਾਂ ਦੀ ਗਵਾਹੀ ਨਾਲ ਮਗਰੋਂ ਜਾ ਕੇ ਵਪਾਰਕ ਸੰਬੰਧ ਹੋਣ ਜਾਂ ਨਾ ਹੋਣ ਬਾਰੇ ਵੀ ਅੰਦਾਜ਼ਾ ਲਾਇਆ ਜਾਂਦਾ ਹੈ।

ਮੁੱਢਲੇ ਮਨੁੱਖ ਦੇ ਮਿਥਿਹਾਸ ਅਤੇ ਵਿਸ਼ਵਾਸਾਂ ਬਾਰੇ ਵੀ ਇਹਨਾਂ ਪਦਾਰਥਕ ਵਸਤਾਂ ਤੋਂ ਹੀ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਹਿਮਯੁਗ ਤੋਂ ਮਗਰੋਂ ਦੇ ਸਭਿਆਚਾਰ ਵਿਚ ਫ਼ਰਾਂਸ, ਸਪੇਨ ਆਦਿ ਦੇਸ਼ਾਂ ਵਿਚ ਮਿਲਦੇ ਗ੍ਹੀਟਿਆਂ ਤੋਂ, ਜਿਨ੍ਹਾਂ ਉਪਰ ਰੇਖਾ-ਗਣਿਤ ਅਤੇ ਦੂਜੇ ਗ਼ੈਰ-ਕੁਦਰਤੀ ਕਿਸਮ ਦੇ ਖ਼ਾਕੇ ਬਣੇ ਮਿਲਦੇ ਹਨ, ਪੁਰਾਤੱਤਵ-ਵਿਗਿਆਨੀ ਇਹ ਅੰਦਾਜ਼ਾ ਲਾਉਂਦੇ ਹਨ ਕਿ ਹੋ ਸਕਦਾ ਹੈ ਇਹ ਪਵਿੱਤਰ ਪੱਥਰ ਹੋਣ। ਇਸ ਅੰਦਾਜ਼ੇ ਦਾ ਆਧਾਰ ਇਹ ਤੱਥ ਹੈ ਕਿ ਆਸਟਰੇਲੀਆ ਦੇ ਆਦਿ-ਵਾਸੀ ਵੀ ਇਸ ਤਰ੍ਹਾਂ ਦੇ ਪੱਥਰ ਰੱਖਦੇ ਹਨ, ਜਿਨ੍ਹਾਂ ਨੂੰ ਉਹ ਪਵਿੱਤਰ ਸਮਝਦੇ ਹਨ ਅਤੇ ਉਹਨਾਂ ਦੀ ਅਨੁਸ਼ਠਾਣਿਕ ਵਰਤੋਂ ਕਰਦੇ ਹਨ। ਖ਼ਿਆਲ ਕੀਤਾ ਜਾਂਦਾ ਹੈ ਕਿ ਉਪਰੋਕਤ ਪੱਥਰ ਵੀ ਇਸੇ ਪ੍ਰਕਾਰ ਦੀ ਵਰਤੋਂ ਵਿਚ ਆਉਂਦੇ ਹੋਣਗੇ।

ਇਸ ਤਰ੍ਹਾਂ ਦੀਆਂ ਵਸਤਾਂ ਮਨੁੱਖ ਦੇ ਵਧਦੇ ਸੁਹਜ-ਸੁਆਦ ਦੀ ਝਲਕ ਵੀ

45