ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੇਂਦੀਆਂ ਹਨ। ਇਹੀ ਝਲਕ ਪੂਰਵ-ਇਤਿਹਾਸਕ ਸਮੇਂ ਦੀਆਂ ਗੁਫ਼ਾਵਾਂ ਤੋਂ ਮਿਲਦੀ ਹੈ, ਜਿਨ੍ਹਾਂ ਵਿਚ ਚਿਤ੍ਰਕਾਰੀ, ਉਕਰਾਈ ਆਦਿ ਦੇ ਨਮੂਨੇ ਮਿਲਦੇ ਹਨ। ਸਿਰਫ਼ ਯੂਰਪੀ ਮਹਾਂਦੀਪ ਉੱਪਰ ਹੀ ਇਹੋ ਜਿਹੀਆਂ ਸੌ ਤੋਂ ਵੱਧ ਗੁਫ਼ਾਵਾਂ ਮਿਲਦੀਆਂ ਹਨ। ਲਗਭਗ ਤੀਹ ਹਜ਼ਾਰ ਸਾਲ ਪੁਰਾਣੇ ਇਹ ਚਿਤ੍ਰ ਜਾਂ ਉਕਰਾਈਆਂ ਆਪਣੇ ਸਮੇਂ ਦੀ ਕਲਾ ਦੇ ਸ਼ਾਹਕਾਰ ਹਨ। ਬਹੁਤੀਆਂ ਥਾਵਾਂ ਉਤੇ ਇਸ ਤਰ੍ਹਾਂ ਦੀ ਕਲਾ ਗੁਫ਼ਾਵਾਂ ਦੇ ਧੁਰ ਅੰਦਰ ਮਿਲਦੀ ਹੈ, ਜਿਥੇ ਨਾ ਬੰਦਾ ਪੁੱਜ ਸਕੇ, ਨਾ ਸੂਰਜ ਦੀ ਕਿਰਨ। ਇਸ ਤੱਥ ਤੋਂ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਹ ਕੋਈ ਜਾਦੂ ਦਾ ਜਾਂ ਅਨੁਸ਼ਠਾਣਿਕ ਮੰਤਵ ਰੱਖਦੀਆਂ ਸਨ, ਜਿਵੇਂ ਕਿ ਸ਼ਿਕਾਰ ਵਿਚ ਖੁਸ਼ਕਿਸਮਤੀ ਲਈ, ਜਾਂ ਸ਼ਿਕਾਰ ਦੀ ਬਹੁਲਤਾ ਲਈ।

ਇਹ ਸਾਰੀ ਜਾਣਕਾਰੀ ਬੜੀ ਮਹੱਤਵਪੂਰਨ ਹੈ, ਅਤੇ ਅੰਦਾਜ਼ੇ ਵੀ ਕਾਫ਼ੀ ਹੱਦ ਤੱਕ ਵਿਗਿਆਨਕ ਹਨ। ਪਰ ਤਾਂ ਵੀ, ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਇਹ ਮਨੁੱਖ ਦੀ ਪਦਾਰਥਕ ਉੱਨਤੀ ਦੇ ਪੜਾਵਾਂ ਨੂੰ ਤਾਂ ਪ੍ਰਗਟ ਕਰਦੇ ਹਨ, ਉਸ ਦੇ ਸਮੁੱਚੇ ਸਭਿਆਚਾਰ ਨੂੰ ਨਹੀਂ। ਸਮੁੱਚੇ ਸਭਿਆਚਾਰ ਦਾ ਅੰਦਾਜ਼ਾ ਜਿਊਂਦੇ-ਜਾਗਦੇ, ਸਮਾਜ ਵਿਚ ਵਿਚਰਦੇ ਮਨੁੱਖ ਤੋਂ ਹੀ ਲਾਇਆ ਜਾ ਸਕਦਾ ਹੈ।

ਸਭਿਆਚਾਰਕ ਵਸਤਾਂ ਵਿਚ ਦਿਲਚਸਪੀ ਮਾਨਵ-ਵਿਗਿਆਨੀ ਦੀ ਵੀ ਹੁੰਦੀ ਹੈ (ਵੈਸੇ, ਪੁਰਾਤੱਤਵ-ਵਿਗਿਆਨ ਮਾਨਵ-ਵਿਗਿਆਨ ਦਾ ਹੀ ਇਕ ਅੰਗ ਹੈ) ਅਤੇ ਸਮਾਜ-ਵਿਗਿਆਨੀ ਦੀ ਵੀ। ਪਰ ਸਭਿਆਚਾਰ ਦੇ ਵਿਸ਼ਲੇਸ਼ਣ ਵਿਚ ਦੋਹਾਂ ਦੀਆਂ ਵਿਧੀਆਂ ਵੱਖ ਵੱਖ ਹਨ। ਸਮਾਜ-ਵਿਗਿਆਨੀ ਸਭਿਆਚਾਰਕ ਵਸਤਾਂ ਨੂੰ ਵੀ ਮਨੁੱਖੀ ਵਿਹਾਰ ਦੇ ਪ੍ਰਗਟਾਅ ਨਾਲ ਜੋੜ ਕੇ ਹੀ ਦੇਖਦਾ ਹੈ। ਸਭਿਆਚਾਰਕ ਵਸਤ ਮਨੁੱਖੀ ਗਿਆਨ ਦੇ ਵਧਦੇ ਭੰਡਾਰ ਨੂੰ ਪ੍ਰਗਟ ਕਰਦੀ ਹੈ। ਮਨੁੱਖ ਦਾ ਵਧਦਾ ਗਿਆਨ ਮਨੁੱਖੀ ਵਿਹਾਰ ਉਤੇ ਅਸਰ ਪਾਉਂਦਾ ਹੈ, ਇਸੇ ਤਰ੍ਹਾਂ ਮਨੁੱਖ ਵਲੋਂ ਸਿਰਜੀਆਂ ਗਈਆਂ ਜਾਂ ਵਰਤੋਂ ਵਿਚ ਲਿਆਂਦੀਆਂ ਗਈਆਂ ਚੀਜ਼ਾਂ ਉਸ ਦੇ ਵਿਹਾਰ ਉਤੇ ਪ੍ਰਭਾਵ ਪਾਉਂਦੀਆਂ ਹਨ। ਤਾਂ ਵੀ ਸਮਾਜ-ਵਿਗਿਆਨੀ ਪਹਿਲੀ ਥਾਂ ਉੱਤੇ ਆਪਣਾ ਧਿਆਨ ਇਸ ਵਿਹਾਰ ਦੇ ਪੈਟਰਨਾਂ ਉਤੇ ਕੇਂਦਰਿਤ ਕਰਦਾ ਹੈ, ਜਿਸ ਤੋਂ ਕਿ ਕਿਸੇ ਸਮਾਜ ਦੀ ਬਣਤਰ ਅਤੇ ਉਸ ਦੇ ਸਭਿਆਚਾਰ ਦੀ ਨੁਹਾਰ ਉਭਰਦੀ ਹੈ।

ਵਿਹਾਰ ਦਾ ਨਿਰੀਖਣ ਅਤੇ ਵਿਸ਼ਲੇਸ਼ਣ ਕਰਦਿਆਂ ਇਸ ਗੱਲ ਦਾ ਖ਼ਿਆਲ ਰਖਿਆ ਜਾਦਾ ਹੈ ਕਿ ਖ਼ਾਸ ਸਮਾਜ ਆਪਣੇ ਮੈਂਬਰਾਂ ਤੋਂ ਕਿਸ ਤਰ੍ਹਾਂ ਦੇ ਵਿਹਾਰ ਦੀ ਆਸ ਰਖਦਾ ਹੈ। ਇਸ ਮੰਤਵ ਲਈ ਹਰ ਸਮਾਜ ਨੇ ਆਪਣੇ ਪ੍ਰਤਿਮਾਨ ਨਿਸ਼ਚਿਤ ਕੀਤੇ ਹੁੰਦੇ ਹਨ। ਪਰ ਹਰ ਪ੍ਰਤਿਮਾਨ ਇਕੋ ਜਿੰਨੀ ਮਹੱਤਤਾ ਨਹੀਂ ਰਖਦਾ, ਜਿਸ ਕਰਕੇ ਅੱਗੋਂ ਇਹ ਵਿਸਲੇਸ਼ਣ ਕਰਨਾ ਪੈਂਦਾ ਹੈ ਕਿ ਹਰ ਪ੍ਰਤਿਮਾਨ ਦੀ ਸਮਾਜ ਵਿਚ ਕਿੰਨੀ ਕੁ ਮਕਬੂਲੀਅਤ ਹੈ, ਅਤੇ ਸਮਾਜ ਆਪਣੇ ਬਣਾਏ ਪ੍ਰਤਿਮਾਨਾਂ ਦੀ ਉਲੰਘਣਾ ਕਿਸ ਹੱਦ ਤੱਕ ਬਰਦਾਸ਼ਤ

46