ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਦਾ ਹੈ, ਕਿਉਂਕਿ ਉਸੇ ਹੱਦ ਤੱਕ ਹੀ ਫਿਰ ਵਿਹਾਰ ਦੇ ਪੈਟਰਨਾਂ ਦੀ ਵਿਆਪਕਤਾ, ਸਮਾਜਕ ਸੰਗਠਨ ਦੀ ਪਰਪੱਕਤਾ ਅਤੇ ਸਭਿਆਚਾਰ ਦੀ ਸਥਿਰਤਾ ਦਾ ਪਤਾ ਲੱਗ ਸਕਦਾ ਹੈ।

ਇਸ ਪੱਖੋਂ ਸਭਿਆਚਾਰ ਦੇ ਵਿਸ਼ਲੇਸ਼ਣ ਦੇ ਬੁਨਿਆਦੀ ਪ੍ਰਵਰਗ ਉਹੀ ਹੋ ਨਿੱਬੜਦੇ ਹਨ, ਜਿਨ੍ਹਾਂ ਬਾਰੇ ਅਸੀਂ ਪਹਿਲਾਂ 'ਪ੍ਰਤਿਮਾਨਿਕ ਸਭਿਆਚਾਰ' ਸਿਰਲੇਖ ਹੇਠ ਵਿਚਾਰ ਕਰ ਚੁੱਕੇ ਹਾਂ; ਭਾਵ, ਲੋਕਾਚਾਰ, ਸਦਾਚਾਰ, ਤਾਬੂ ਅਤੇ ਕਾਨੂੰਨ। ਪਰ ਇਸ ਵਿਧੀ ਵਿਚ ਇਹਨਾਂ ਚੌਹਾਂ ਦੇ ਹੀ ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਨੂੰ ਉਹਨਾਂ ਸੰਸਥਾਵਾਂ ਦੀ ਬਣਤਰ, ਪ੍ਰਕਾਰਜ ਅਤੇ ਪ੍ਰਕਿਰਿਆ ਦੇ ਵਿਸ਼ਲੇਸ਼ਣ ਤੱਕ ਲਿਜਾਇਆ ਜਾਂਦਾ ਹੈ, ਜਿਨ੍ਹਾਂ ਸੰਸਥਾਵਾਂ ਦੇ ਚੌਖਟੇ ਵਿਚ ਇਹ ਕਿਰਿਆਸ਼ੀਲ ਹੁੰਦੇ ਹਨ। ਸੰਸਥਾ, ਅਸਲ ਵਿਚ, ਇਕ ਖ਼ਾਸ ਪ੍ਰਕਾਰਜ ਦੇ ਸੰਬੰਧ ਵਿਚ ਹੋਂਦ ਰੱਖਦੀ ਹੈ ਅਤੇ ਉਸ ਪ੍ਰਕਾਰਜ ਅਨੁਸਾਰ ਹੀ ਵੱਖੋ ਵੱਖਰੇ ਪ੍ਰਤਿਮਾਨਾਂ ਦੇ ਤਾਣੇ-ਪੇਟੇ ਨੂੰ ਪੇਸ਼ ਕਰਦੀ ਹੈ। ਸੰਸਥਾ ਨਾ ਸਿਰਫ਼ ਆਮ ਸਮਾਜਕ-ਵਿਹਾਰ ਨੂੰ, ਸਗੋਂ ਆਪਣੇ ਖੇਤਰ ਵਿਚਲੇ ਵਿਸ਼ੇਸ਼ ਵਿਹਾਰ ਨੂੰ ਵੀ ਅਤੇ ਕਰਤੱਵਾਂ ਦੇ ਪੈਟਰਨ ਨੂੰ ਵੀ ਨਿਯਮਤ ਕਰਦੀ ਹੈ। ਸੰਸਥਾਵਾਂ ਆਪਣੇ ਪ੍ਰਕਾਰਜਾਂ ਕਰਕੇ ਵੀ ਭਿੰਨ ਭਿੰਨ ਹੁੰਦੀਆਂ ਹਨ, ਜਿਵੇਂ ਕਿ ਵਿਦਿਅਕ, ਆਰਥਕ, ਰਾਜ-ਪ੍ਰਬੰਧਕ, ਰਾਜਨੀਤਕ, ਸਨਅਤੀ, ਵਿਤੀ, ਪ੍ਰਵਾਰਕ, ਧਾਰਮਿਕ ਆਦਿ; ਅਤੇ ਆਪਣੇ ਪੈਟਰਨਾਂ ਕਰਕੇ ਵੀ ਭਿੰਨਤਾ ਰੱਖਦੀਆਂ ਹਨ, ਜਿਵੇਂ ਕਿ ਵਿਦਿਅਕ ਖੇਤਰ ਵਿਚ ਹੀ ਵੱਖੋ ਵੱਖਰੇ ਵਿਦਿਅਕ ਪ੍ਰਕਾਰਜ ਅਤੇ ਪੈਟਰਨ ਹੋ ਸਕਦੇ ਹਨ ― ਸਰਕਾਰੀ ਸਕੂਲ, ਪਬਲਿਕ ਸਕੂਲ, ਕਿੰਡਰ-ਗਾਰਟਨ ਰਿਹਾਇਸ਼ੀ ਸਕੂਲ, ਉਦਯੋਗਿਕ ਸਕੂਲ, ਕਾਲਜ, ਯੂਨੀਵਰਸਿਟੀਆਂ, ਆਦਿ। ਪ੍ਰਕਾਰਜ ਅਤੇ ਪੈਟਰਨ ਦੀ ਇਸ ਭਿੰਨਤਾ ਦੇ ਕਾਰਨ ਹੀ ਅਕਸਰ 'ਸੰਸਥਾ' ਸ਼ਬਦ ਨੂੰ ਬਹੁਵਚਨ ਵਿਚ ਵਰਤਿਆ ਜਾਦਾ ਹੈ ― ਵਿਦਿਅਕ ਸੰਸਥਾਵਾਂ, ਆਰਥਿਕ ਸੰਸਥਾਵਾਂ, ਆਦਿ।

ਇਸੇ ਤਰ੍ਹਾਂ ਇਹ ਸੰਸਥਾਵਾਂ ਆਪਣੀ ਸਰਲਤਾ ਜਾਂ ਜਟਿਲਤਾ ਕਰਕੇ ਭਿੰਨਤਾ ਰਖ ਸਕਦੀਆਂ ਹਨ। ਇਹ ਸਰਲਤਾ ਜਾਂ ਜਟਿਲਤਾ ਜ਼ਰੂਰੀ ਨਹੀਂ ਸਭਿਆਚਾਰ ਦੇ ਘੱਟ ਜਾਂ ਵੱਧ ਵਿਕਸਤ ਹੋਣ ਦੀ ਸੂਚਕ ਹੋਵੇ। ਕਈ ਵਾਰੀ ਇੱਕੋ ਸਭਿਆਚਾਰ ਦੇ ਅੰਦਰ ਅਤਿ ਜਟਿਲ ਸੰਸਥਾਵਾਂ ਵੀ ਹੋ ਸਕਦੀਆਂ ਹਨ, ਜਿਵੇਂ ਕਿ ਪ੍ਰਾਸ਼ਸ਼ਣਿਕ; ਅਤੇ ਅਤਿ ਦੀਆਂ ਸਰਲ ਸੰਸਥਾਵਾਂ ਵੀ ਹੋ ਸਕਦੀਆਂ ਹਨ, ਜਿਵੇਂ ਕਿ ਵਿਤਰਣ ਦੇ ਖੇਤਰ ਵਿਚਲੀਆਂ ਆਰਥਕ ਸੰਸਥਾਵਾਂ। ਇਹ ਸੰਸਥਾਵਾਂ ਚਿਰ-ਸਥਾਈ ਵੀ ਹੋ ਸਕਦੀਆਂ ਹਨ, ਜਿਵੇਂ ਕਿ ਰੋਮਨ ਕੈਥੋਲਿਕ ਚਰਚ। ਪਰ ਕਈ ਵਾਰੀ ਇਹ ਬਹੁਤੀਆਂ ਸਥਾਈ ਨਹੀਂ ਵੀ ਹੋ ਸਕਦੀਆਂ, ਜਿਵੇਂ ਕਿ ਸਾਹਿਤ ਦੇ ਖੇਤਰ ਵਿਚ ਵਿਸ਼ੇਸ਼ ਵਿਚਾਰਧਾਰਕ ਰੁਝਾਣ ਨੂੰ ਲੈ ਕੇ ਬਣੀਆਂ ਸੰਸਥਾਵਾਂ। ਤਾਂ ਵੀ, ਇਹ ਸੰਸਥਾਵਾਂ ਆਪਣੇ ਮੂਲ-ਸੰਚਾਲਕਾਂ ਤੋਂ ਵਧੇਰੇ ਸਮਾਂ ਜਿਊਂਦੀਆਂ ਹਨ ਅਤੇ ਮਨੁੱਖੀ ਵਿਹਾਰ ਦੇ ਪੈਟਰਨਾਂ ਵਿਚ ਕੁਝ ਸਥਾਈ ਅੰਸ਼ ਛੱਡ ਜਾਂਦੀਆਂ ਹਨ, ਜਿਸ ਕਰਕੇ ਸਭਿਆਚਾਰਕ ਵਿਸ਼ਲੇਸ਼ਣ ਲਈ ਸਾਰਥਕਤਾ ਰੱਖਦੀਆਂ ਹਨ।

47