ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਿਆਚਾਰ ਦੇ ਵਿਸ਼ਲੇਸ਼ਣ ਦਾ ਇਕ ਪਰੰਪਰਾਈ ਤਰੀਕਾ ਵੀ ਹੈ, ਜਿਸ ਨੂੰ ਸ਼ੁਰੂ ਸ਼ੁਰੂ ਵਿਚ ਵਰਤਿਆ ਜਾਂਦਾ ਸੀ ਅਤੇ ਜਿਸ ਨੂੰ ਅਸੀਂ ਮਾਨਵ-ਵਿਗਿਆਨ ਦਾ ਮੁੱਢਲਾ ਤਰੀਕਾ ਵੀ ਕਹਿ ਸਕਦੇ ਹਾਂ, ਭਾਵੇਂ ਇਸ ਦੇ ਸੰਕਲਪ ਅਜੇ ਤੱਕ ਵੀ ਕਿਸੇ ਨਾ ਕਿਸੇ ਰੂਪ ਵਿਚ ਵਰਤੇ ਜਾਂਦੇ ਹਨ। ਇਸ ਦੇ ਬੁਨਿਆਦੀ ਪ੍ਰਵਰਗ ਹਨ — ਸਭਿਆਚਾਰਕ ਅੰਸ਼, ਸਭਿਆਚਾਰਕ ਅੰਸ਼-ਜੁੱਟ ਅਤੇ ਸਭਿਆਚਾਰਕ ਹਲਕੇ।

ਸਭਿਆਚਾਰਕ ਅੰਸ਼, ਸਭਿਆਚਾਰ ਦੇ ਕਿਸੇ ਵੀ ਖੇਤਰ (ਪਦਾਰਥਕ, ਪ੍ਰਤਿਮਾਨਿਕ ਜਾਂ ਬੋਧਾਤਮਕ) ਵਿਚ ਨਿੱਕੀ ਤੋਂ ਨਿੱਕੀ ਭਾਵਪੂਰਤ ਇਕਾਈ ਹੈ। ਇਸ ਵਿਚ ਸਭਿਆਚਾਰਕ ਵਸਤਾਂ ਵੀ ਸ਼ਾਮਲ ਹਨ, ਕਲਾ ਵਸਤਾਂ ਵੀ, ਚਿੰਤਨ ਦੇ ਪ੍ਰਵਰਗ ਵੀ, ਬੋਧਾਤਮਕ ਅੰਸ਼ ਵੀ। ਆਖ਼ਰ, ਸਭਿਆਚਾਰ ਇਕ ਮਨੁੱਖੀ ਸਿਰਜਣਾ ਹੈ, ਅਤੇ ਮਨੁੱਖ ਸਾਰੇ ਹੀ ਆਪਣੀ ਬਣਤਰ ਅਤੇ ਲੋੜਾਂ ਕਰਕੇ ਸਾਂਝ ਰੱਖਦੇ ਹਨ, ਇਸ ਲਈ ਕਈ ਮਾਨਵ-ਵਿਗਿਆਨੀਆਂ ਨੇ ਐਸੇ ਬੁਨਿਆਦੀ ਸਭਿਆਚਾਰਕ ਅੰਸ਼ ਨਿਖੇੜਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੇ ਸਾਰੇ ਸਭਿਆਚਾਰਾਂ ਵਿਚ ਸਾਂਝੇ ਹਨ; ਅਤੇ ਇਹਨਾਂ ਸਾਂਝੇ ਅੰਸ਼ਾਂ ਦੇ ਆਧਾਰ ਉਤੇ ਉਹਨਾਂ ਨੇ ਕਿਸੇ ਸਰਬ-ਵਿਆਪਕ ਸਭਿਆਚਾਰ ਦੀ ਕਲਪਣਾ ਕੀਤੀ ਹੈ।1 ਪਰ ਪ੍ਰਤੱਖ ਹੈ ਕਿ ਅਜੇ ਇਹ ਸਾਂਝੇ ਅੰਸ਼ ਸਭਿਆਚਾਰ ਦੀ ਸਰਬ-ਵਿਆਪਕਤਾ ਨੂੰ ਹੀ ਸਿੱਧ ਕਰਦੇ ਹਨ, ਕਿਸੇ ਸਰਬ-ਵਿਆਪਕ ਸਭਿਆਚਾਰ ਨੂੰ ਨਹੀਂ।

ਜੇ ਅਸੀਂ ਹਰ ਸਭਿਆਚਾਰ ਦੇ ਬੁਨਿਆਦੀ ਅੰਸ਼ ਨਿਖੇੜਣੇ ਹੋਣ, ਤਾਂ ਇਹ ਹਜ਼ਾਰਾਂ ਦੀ ਗਿਣਤੀ ਵਿਚ ਹੋ ਸਕਦੇ ਹਨ। ਫਿਰ ਵੀ, ਸ਼ਾਇਦ, ਇਹ ਸੂਚੀ ਪੂਰੀ ਨਾ ਹੋਵੇ। ਦੂਜੀ ਗੱਲ, ਉੱਪਰ ਭਾਵੇਂ ਅਸੀਂ ਸਭਿਆਚਾਰਕ ਅੰਸ਼ ਦੀ ਪਰਿਭਾਸ਼ਾ ਸਹਿਜੇ ਹੀ ਦੇ ਦਿੱਤੀ ਹੈ, ਪਰ ਅਮਲੀ ਤੌਰ ਉਤੇ ਇਹ ਨਿਸਚਿਤ ਕਰਨਾ ਕੋਈ ਸੌਖਾ ਨਹੀਂ ਕਿ ਕਿਸ ਇਕਾਈ ਨੂੰ ਨਿੱਕੀ ਤੋਂ ਨਿੱਕੀ ਭਾਵਪੂਰਨ ਇਕਾਈ ਮੰਨਿਆ ਜਾਏ। ਇਸ ਵਿਚ ਦੋ ਚੀਜ਼ਾਂ ਸਾਡੀ ਸਹਾਇਤਾ ਕਰਦੀਆਂ ਹਨ। ਇਕ, ਕਿ ਇਹ ਇਕਾਈ ਕਿਸ ਸੰਦਰਭ ਵਿਚ ਦੇਖੀ ਜਾ ਰਹੀ ਹੈ, ਅਤੇ ਦੂਜੇ, ਕਿ ਇਹ ਅੰਸ਼-ਵਿਸ਼ਲੇਸ਼ਣ ਕਿਸ ਮੰਤਵ ਨਾਲ ਕੀਤਾ ਜਾ ਰਿਹਾ ਹੈ। ਜੇ ਅਸੀਂ ਸ਼ਿਕਾਰ ਕਰਨ ਦੇ ਸੰਦਰਭ ਵਿਚ ਗੱਲ ਕਰਨੀ ਹੋਵੇ, ਤਾਂ ਤੀਰ-ਕਮਾਨ ਇਕ ਇਕਾਈ ਹੈ। ਪਰ ਜੇ ਸਾਨੂੰ ਪਤਾ ਹੋਵੇ ਕਿ ਇਕ ਕਮਾਨ ਗੁਲੇਲੇ ਵਾਲੀ ਵੀ ਹੁੰਦੀ ਹੈ, ਤਾਂ ਤੀਰ ਅਤੇ ਕਮਾਨ ਦੋ ਇਕਾਈਆਂ ਬਣ ਜਾਣਗੀਆਂ। ਸਗੋਂ ਕਮਾਨ ਵੀ ਦੋ ਤਰ੍ਹਾਂ ਦੇ ਹੋ ਜਾਣਗੇ ― ਤੀਰ ਵਾਲੇ ਅਤੇ ਗੁਲੇਲੇ ਵਾਲੇ। ਦੂਜੇ ਪਾਸੇ, ਜੇ ਇਹੀ ਅੰਸ਼-ਨਿਖੇੜ ਦੋ ਸਭਿਆਚਾਰਾਂ ਵਿਚਕਾਰ ਤੁਲਨਾ ਦੇ ਮੰਤਵ ਨਾਲ ਕਰਨਾ ਹੋਵੇ, ਤਾਂ ਸ਼ਾਇਦ ਤੀਰ ਅਤੇ ਕਮਾਨ ਦੋ ਤੋਂ ਵੀ ਵੱਧ ਇਕਾਈਆਂ ਪੇਸ਼ ਕਰਨ, ਜਿਸ ਵਿਚ ਤੁਲਨਾਤਮਕ ਆਸ਼ੇ ਨਾਲ ਇਹਨਾਂ ਦੀ ਬਣਤਰ, ਉਹ ਪਦਾਰਥ ਜਿਸ ਤੋਂ ਉਹ ਬਣੇ ਹਨ, ਬਣਾਉਣ ਦੇ ਤਰੀਕੇ, ਉਹ ਢੰਗ ਜਿਸ ਤਰ੍ਹਾਂ ਉਹਨਾਂ ਨੂੰ ਫੜਿਆ ਜਾਂਦਾ ਹੈ, ਉਹ ਰਸਮ ਜਿਹੜੀ ਉਹਨਾਂ ਨੂੰ ਚਲਾਉਣ ਤੋਂ ਪਹਿਲਾਂ ਅਦਾ ਕੀਤੀ ਜਾਂਦੀ ਹੈ (ਉਦਾਹਰਣ ਵਜੋਂ, ਤੀਰ ਨੂੰ ਚੁੰਮ ਕੇ ਚਿੱਲੇ

48