ਸਭਿਆਚਾਰਕ ਹਲਕੇ ਦਾ ਸੰਕਲਪ ਭਾਵੇਂ ਪੁਰਾਣੇ ਅਰਥਾਂ ਵਿਚ ਅੱਜਕੱਲ ਘੱਟ ਹੀ ਵਰਤਿਆ ਜਾਂਦਾ ਹੈ, ਫਿਰ ਵੀ ਬਦਲੇ ਰੂਪ ਵਿਚ ਅਜੇ ਵੀ ਵਰਤੋਂ ਵਿਚ ਆਉਂਦਾ ਹੈ, ਜਿਵੇਂ ਕਿ ਵਧੇਰੇ ਜੁਰਮ ਵਾਲੇ ਖਿੱਤੇ, ਵਧੇਰੇ ਸ਼ਰਾਬ-ਖਪਤ ਵਾਲੇ ਖਿੱਤੇ, ਉਪ-ਸਭਿਆਚਾਰਕ ਖਿੱਤੇ, ਆਦਿ।
ਸਭਿਆਚਾਰਕ ਅੰਸ਼ ਵਿਸ਼ਲੇਸ਼ਣ ਵਿਧੀ ਨੂੰ ਸੰਰਚਨਾਤਮਕ ਵਿਧੀ ਵੀ ਕਿਹਾ ਜਾਂਦਾ ਹੈ। ਕਿਸੇ ਇਕ ਸਭਿਆਚਾਰ ਦੇ ਵਿਸ਼ਲੇਸ਼ਣ ਲਈ ਅੰਸ਼-ਨਿਖੇੜ ਕਾਫੀ ਨਹੀਂ ਕਿਉਂਕਿ ਇਹ ਉਸ ਸਭਿਆਚਾਰ ਨੂੰ ਸਮਝਣ ਵਿਚ ਉਦੋਂ ਤੱਕ ਸਹਾਈ ਨਹੀਂ ਹੁੰਦਾ, ਜਦੋਂ ਤੱਕ ਇਸ ਅੰਸ਼ ਦੇ ਸਭਿਆਚਾਰਕ ਪ੍ਰਕਾਰਜ ਦਾ ਵੀ ਪਤਾ ਨਾ ਹੋਵੇ। ਇਸ ਲਈ ਸੰਰਚਨਾਤਮਕ ਵਿਧੀ ਨੂੰ ਪ੍ਰਕਾਰਜੀ ਵਿਧੀ ਨਾਲ ਮਿਲਾ ਕੇ ਸਭਿਆਚਾਰ ਦਾ ਵਿਸ਼ਲੇਸ਼ਣ ਕੀਤਾ ਜਾਣ ਲੱਗਾ। ਮਾਲੀਨੋਵਸਕੀ ਨੂੰ ਅਕਸਰ ਇਸ ਸੰਰਚਨਾਤਮਕ-ਪ੍ਰਕਾਰਜੀ ਵਿਧੀ ਦਾ ਜਨਮ ਦਾਤਾ ਮੰਨਿਆ ਜਾਂਦਾ ਹੈ। ਏ. ਆਰ. ਰੈਡਿਕਲਿਫ਼-ਬਰਾਊਨ, ਰਾਬਰਟ ਮਰਟਨ ਆਦਿ ਨੇ ਇਸ ਨੂੰ ਅੱਗੇ ਖੜਿਆ।
ਇਸ ਵਿਧੀ ਅਨੁਸਾਰ ਸਭਿਆਚਾਰਕ ਅੰਸ਼ਾਂ ਦੀ ਸੂਚੀ ਬਣਾ ਲੈਣਾ ਹੀ ਕਾਫ਼ੀ ਨਹੀਂ, ਸਗੋਂ ਇਹ ਜਾਣਨਾ ਜ਼ਰੂਰੀ ਹੈ ਕਿ ਕੋਈ ਅੰਸ਼ ਆਪਣੇ ਸਭਿਆਚਾਰਕ ਸਿਸਟਮ ਵਿਚ ਕੀ ਪ੍ਰਕਾਰਜ ਨਿਭਾਉਂਦਾ ਹੈ। ਮਾਲੀਨੋਵਸਕੀ ਅਨੁਸਾਰ ਕਿਸੇ ਸਮਾਜ ਦਾ ਸਭਿਆਚਾਰ ਆਪਣੇ ਆਪ ਵਿਚ ਕਾਰਜਸ਼ੀਲ ਅਤੇ ਇਕਜੁੱਟ ਸਮੁੱਚ ਹੁੰਦਾ ਹੈ, ਜਿਸ ਦਾ ਹਰ ਅੰਸ਼ ਮੁੱਖ ਤੌਰ ਉਤੇ ਵਿਅਕਤੀਗਤ ਲੋੜਾਂ ਨੂੰ ਪੂਰਿਆਂ ਕਰਨ ਰਾਹੀਂ, ਆਪਣਾ ਪ੍ਰਕਾਰਜੀ ਹਿੱਸਾ ਪਾਉਂਦਾ ਹੈ। ਇਸੇ ਤਰ੍ਹਾਂ ਹਰ ਸਭਿਆਚਾਰਕ ਪੈਟਰਨ ਦੀ ਵੀ ਵਿਆਖਿਆ ਸਮੁੱਚੇ ਸਭਿਆਚਾਰਕ ਸਿਸਟਮ ਵਿਚ ਉਸ ਦੇ ਪ੍ਰਕਾਰਜ ਤੋਂ ਹੀ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਦੇਖਿਆਂ ਪ੍ਰਕਾਰਜੀ ਵਿਧੀ ਅਨੁਸਾਰ ਹਰ ਸਭਿਆਚਾਰਕ ਅੰਸ਼ ਆਪਣੇ ਆਪ ਵਿਚ ਇਕ ਲਾਜ਼ਮੀ ਅੰਸ਼ ਹੈ, ਜਿਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਅਤੇ ਹਰ ਅੰਸ਼ ਸਮਾਜ ਅਤੇ ਸਭਿਆਚਾਰ ਦੀ ਸਮੁੱਚੀ ਭਲਾਈ ਵਿਚ ਚੰਗਾ ਰੋਲ ਹੀ ਨਿਭਾਉਂਦਾ ਹੈ। ਪਰ ਮਗਰਲੇ ਪ੍ਰਕਾਰਜਵਾਦੀ ਇਹਨਾਂ ਮਾਨਤਾਵਾਂ ਨਾਲ ਸਹਿਮਤ ਨਹੀਂ। ਉਹਨਾਂ ਅਨੁਸਾਰ ਹਰ ਸਭਿਆਚਾਰ ਪ੍ਰਕਾਰਜੀ ਬਦਲਵੇਂ ਅੰਸ਼ ਜਾਂ ਪੈਟਰਨ ਰੱਖਦਾ ਹੈ; ਅਨਿਵਾਰਤਾ ਕੋਈ ਲਾਜ਼ਮੀ ਅੰਸ਼ ਨਹੀਂ। ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਹਰ ਅੰਸ਼ ਹਾਂ-ਪੱਖੀ ਪ੍ਰਕਾਰਜ ਹੀ ਰੱਖਦਾ ਹੋਵੇ, ਇਹ ਨਾਂਹ-ਪੱਖੀ ਵੀ ਹੋ ਸਕਦਾ ਹੈ। ਸਗੋਂ ਹਰ ਅੰਸ਼ ਜਾਂ ਪੈਟਰਨ ਦੇ ਪ੍ਰਤੱਖ ਅਤੇ ਪ੍ਰੋਖ ਪ੍ਰਕਾਰਜ ਵੀ ਹੋ ਸਕਦੇ ਹਨ। ਪ੍ਰਤੱਖ ਵੀ ਅਤੇ ਪ੍ਰੋਖ ਵੀ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਅਤੇ ਇਕ ਤੋਂ ਵੱਧ ਪ੍ਰਕਾਰਜ ਹੋ ਸਕਦੇ ਹਨ। ਉਦਾਹਰਣ ਵਜੋਂ, ਜੇ ਹਾਇਰ ਸੈਕੰਡਰੀ ਤੱਕ ਦੀ ਵਿਦਿਆ ਲਾਜ਼ਮੀ ਕਰ ਦਿੱਤੀ ਜਾਏ ਤਾਂ ਇਸ ਦਾ ਪ੍ਰਤੱਖ ਚੰਗਾ ਅਸਰ ਚੇਤੰਨ ਅਤੇ ਪੜ੍ਹੇ ਲਿਖੇ ਸ਼ਹਿਰੀ ਪੈਦਾ ਕਰ ਕੇ ਲੋਕਤੰਤਰ ਦੇ ਕਾਰਜ ਵਿਚ