ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਹਤਰੀ ਲਿਆਉਣਾ ਹੋ ਸਕਦਾ ਹੈ। ਇਸ ਦਾ ਦੂਜਾ ਚੰਗਾ ਅਸਰ ਇਸ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ ਵਿਚੋਂ ਕੱਢ ਕੇ ਵਿਦਿਆਲਿਆਂ ਵਿਚ ਭੇਜਣਾ ਹੈ, ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ ਨੂੰ ਪ੍ਰਫੁਲਤਾ ਦੇ ਮੌਕੇ ਮਿਲ ਸਕਦੇ ਹਨ, ਅਤੇ ਸਮੁੱਚੇ ਸਮਾਜ ਦੀ ਸਭਿਆਚਾਰਕ ਪੱਧਰ ਉੱਚੀ ਹੋ ਸਕਦੀ ਹੈ। ਇਸੇ ਦਾ ਹੀ ਇਕ ਹੋਰ ਅਸਰ ਬਾਲਗਾਂ ਲਈ ਰੁਜ਼ਗਾਰ ਵਧਣਾ ਹੋ ਸਕਦਾ ਹੈ। ਪਰ ਕਾਰਖ਼ਾਨੇਦਾਰਾਂ ਲਈ ਇਹੀ ਅੰਸ਼ ਨਫ਼ੀ ਪ੍ਰਕਾਰਜ ਰੱਖਦਾ ਹੈ, ਕਿਉਂਕਿ ਉਹਨਾਂ ਨੂੰ ਸਸਤੇ ਭਾਅ ਦੇ ਬੱਚਿਆਂ ਨਾਲੋਂ ਮਹਿੰਗੇ ਭਾਅ ਦੇ ਬਾਲਗ਼ ਰੱਖਣੇ ਪੈਣਗੇ। ਉਹਨਾਂ ਮਾਪਿਆਂ ਲਈ ਵੀ ਇਹ ਚੰਗਾ ਅਸਰ ਨਹੀਂ ਰੱਖਦਾ ਜਿਹੜੇ ਬਾਲਾਂ ਦੀ ਕਮਾਈ ਨਾਲ ਪਰਿਵਾਰ ਚਲਾ ਰਹੇ ਹੁੰਦੇ ਹਨ। ਇਸੇ ਤਰ੍ਹਾਂ, ਹੱਲ ਦੀ ਥਾਂ ਟਰੈਕਟਰ ਦਾ ਆਉਣਾ ਵੀ ਆਪਣੇ ਆਪ ਵਿਚ ਪ੍ਰਤੱਖ ਅਤੇ ਪ੍ਰੋਖ ਚੰਗੇ ਅਤੇ ਮਾੜੇ ਅਸਰ ਰੱਖਦਾ ਹੈ। ਵੈਸੇ, ਪ੍ਰਕਾਰਜੀ ਵਿਧੀ ਅਨੁਸਾਰ 'ਚੰਗਾ' ਜਾਂ 'ਮਾੜਾ' ਆਪਣੇ ਆਪ ਵਿਚ ਸਮੁੱਚਾ ਮੁਲੰਕਣ ਨਹੀਂ ਪੇਸ਼ ਕਰਦਾ, ਸਗੋਂ ਸੰਬੰਧਤ ਖੇਤਰ ਵਿਚ ਪ੍ਰਕਾਰਜੀ ਅਸਰ ਦਾ ਵਰਨਣ ਕਰਦਾ ਹੈ।

ਮਾਲੀਨੋਵਸਕੀ ਦੀ ਇਹ ਗੱਲ ਫਿਰ ਵੀ ਕਾਫ਼ੀ ਹੱਦ ਤੱਕ ਠੀਕ ਹੈ ਕਿ ਕਿਸੇ ਵੀ ਸਭਿਆਚਾਰਕ ਅੰਸ਼ ਜਾਂ ਪੈਟਰਨ ਦੀ ਹੋਂਦ ਕਿਸੇ ਪ੍ਰਤੱਖ ਚੰਗੇ ਅਸਰ ਨਾਲ ਕਾਇਮ ਹੁੰਦੀ ਹੈ। ਲੁਕਵੇਂ ਅਤੇ ਨਫ਼ੀ ਪ੍ਰਕਾਰਜ ਅਕਸਰ ਦੁਜੈਲਾ ਸਿੱਟਾ ਹੁੰਦੇ ਹਨ।

ਉਪਰੋਕਤ ਤੋਂ ਇਹ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਸੰਰਚਨਾਤਮਕ ਵਿਧੀ ਦੇ ਮੁਕਾਬਲੇ ਉਤੇ ਪ੍ਰਕਾਰਜੀ ਵਿਧੀ ਕਿਸੇ ਸਭਿਆਚਾਰ ਦੇ ਵਿਸ਼ਲੇਸ਼ਣ ਅਤੇ ਪਛਾਣ ਵਿਚ ਵਧੇਰੇ ਸਹਾਈ ਹੁੰਦੀ ਹੈ, ਕਿਉਂਕਿ ਇਹ ਅੰਸ਼ਾਂ ਨੂੰ ਆਪਣੇ ਪੈਟਰਨਾਂ ਦੇ ਸੰਦਰਭ ਵਿਚ ਅਤੇ ਪੈਟਰਨਾਂ ਨੂੰ ਸਮੁੱਚੇ ਸਮਾਜਕ ਅਤੇ ਸਭਿਆਚਾਰਕ ਸਿਸਟਮ ਦੇ ਸੰਦਰਭ ਵਿਚ ਰੱਖ ਕੇ ਉਹਨਾਂ ਦੇ ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਨੂੰ ਪੇਸ਼ ਕਰਦੀ ਹੈ। ਤਾਂ ਵੀ ਅਸੀਂ ਇਕ ਤੱਥ ਅੱਖੋਂ ਉਹਲੇ ਨਹੀਂ ਕਰ ਸਕਦੇ ਕਿ ਉਪਰੋਕਤ ਸਾਰੀਆਂ ਵਿਧੀਆਂ ਖੜੋਤ ਦੀ ਅਵਸਥਾ ਵਿਚ ਰਹਿ ਰਹੇ ਸਮਾਜਾਂ ਦੇ ਵਿਸ਼ਲੇਸ਼ਣ ਸਮੇਂ ਹੋਂਦ ਵਿਚ ਆਈਆਂ ਹਨ, ਅਤੇ ਇਹਨਾਂ ਦੀ ਸਾਰਥਕਤਾ ਵੀ ਓਥੋਂ ਤੱਕ ਹੀ ਸੀਮਿਤ ਹੈ। ਗਤੀਸ਼ੀਲ ਉੱਨਤ ਸਮਾਜਾਂ ਦੇ ਸਭਿਆਚਾਰਾਂ ਦੇ ਵਿਸ਼ਲੇਸ਼ਣ ਵਿਚ ਇਹ ਬਹੁਤੀਆਂ ਸਹਾਈ ਨਹੀਂ ਹੁੰਦੀਆਂ। ਦੂਜਾ, ਇਹਨਾਂ ਬਾਰੇ ਇਹ ਕਹਿਣਾ ਵੀ ਸੱਚ ਹੀ ਹੈ ਕਿ ਇਹਨਾਂ ਤੋਂ 'ਕੀ' ਦਾ ਪਤਾ ਲੱਗ ਜਾਂਦਾ ਹੈ, 'ਕਿਉਂ' ਦਾ ਨਹੀਂ।

ਇਤਿਹਾਸਕਤਾ ਦਾ ਝਾਉਲਾ ਦੇਂਦੀਆਂ ਵਿਧੀਆਂ ਵਿਚ ਵੀ ਇਹ ਜਾਂ ਹੋਰ ਕਈ ਕਮੀਆਂ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਵਿਚੋਂ ਇਕ ਖਿੰਡਾਅਵਾਦੀ ਸਿਧਾਂਤ ਹੈ, ਜਿਹੜਾ ਸਭ ਸਭਿਆਚਾਰਾਂ ਨੂੰ ਇਕ ਹੀ ਕੇਂਦਰ ਤੋਂ ਆਰੰਭ ਹੋ ਕੇ ਵੱਖੋ ਵੱਖਰੀਆਂ ਦਿਸ਼ਾਵਾਂ ਵਿਚ ਖਿੰਡੇ ਦੱਸਦਾ ਹੈ। ਇਸ ਪੱਖੋਂ ਹੀ ਉਹਨਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕਰਦਾ ਹੈ। ਇਸ ਸਿਧਾਂਤ ਬਾਰੇ ਅਸੀਂ ਅਗਲੇ ਕਾਂਡ ਵਿਚ ਵਿਸਥਾਰ ਨਾਲ ਗੱਲ ਕਰਾਂਗੇ।

51