ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/54

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਪਾਸੇ, ਕ੍ਰਮ-ਵਿਕਾਸ ਦਾ ਸਿਧਾਂਤ ਜੀਵ-ਵਿਗਿਆਨ ਦੇ ਮਾਡਲ ਉਤੇ ਸਮਾਜ ਅਤੇ ਸਭਿਆਚਾਰ ਨੂੰ ਸਦਾ ਵਿਕਾਸ ਕਰਦੇ ਪੜਾਵਾਂ ਵਿਚ ਵੰਡ ਕੇ ਵੇਖਦਾ ਹੈ। ਕਈ ਵਿਕਾਸ-ਵਾਦੀਆਂ ਦੇ ਕੰਮ ਦੀ ਪ੍ਰਸੰਸਾ ਵੀ ਹੋਈ ਹੈ, ਜਿਵੇਂ ਕਿ ਲੂਈ ਮਾਰਗਨ ਦੇ ਕੰਮ ਦੀ। ਪਰ ਵਿਕਾਸਵਾਦੀਆਂ ਦੀ ਅਕਸਰ ਇਹ ਆਲੋਚਨਾ ਕੀਤੀ ਜਾਂਦੀ ਹੈ ਕਿ ਉਹਨਾਂ ਵਿਚ ਅਮਲੀ ਖੋਜ ਅਤੇ ਤੱਥ ਨਾਲੋਂ ਸਿਧਾਂਤੀਕਰਨ ਉੱਤੇ ਜ਼ੋਰ ਹੁੰਦਾ ਹੈ, ਜਿਸ ਕਰਕੇ ਸਿੱਟੇ ਬਹੁਤੇ ਵਿਗਿਆਨਕ ਨਹੀਂ ਨਿਕਲਦੇ। ਵਿਕਾਸਵਾਦੀਆਂ ਉਪਰ ਅਕਸਰ ਯੂਰਪੀ ਨਸਲ-ਮੁੱਖਤਾ ਦਾ ਦੋਸ਼ ਵੀ ਲਾਇਆ ਜਾਂਦਾ ਹੈ। ਕੁਲਤੂਰਕਰਾਈਸ ਦੀ ਜਰਮਨ ਵਿਧੀ ਉਕਤ ਦੋਹਾਂ ਸਿਧਾਂਤਾਂ ਨੂੰ ਮੇਲ ਕੇ ਚੱਲਦੀ ਹੈ, ਇਸ ਲਈ ਦੋਹਾਂ ਦੀਆਂ ਖ਼ੂਬੀਆਂ ਖ਼ਾਮੀਆਂ ਇਸ ਵਿਚ ਮਿਲਦੀਆਂ ਹਨ। ਸਿਰਫ਼ ਇਹ ਨਸਲਮੁੱਖਤਾ ਦੇ ਦੋਸ਼ ਤੋਂ ਮੁਕਤ ਹੈ।

ਅਸੀਂ ਆਪਣੀ ਸਭਿਆਚਾਰ ਦੀ ਪਰਿਭਾਸ਼ਾ ਵਿਚ ਦੋ ਗੱਲਾ ਉਤੇ ਜ਼ੋਰ ਦਿੱਤਾ ਹੈ ― ਇਤਿਹਾਸਕ ਪੜਾਅ ਅਤੇ ਕਦਰਾਂ-ਕੀਮਤਾਂ ਉਪਰ। ਇਤਿਹਾਸਕਤਾ ਉਪਰ ਜ਼ੋਰ ਕਈ ਦੂਜੇ ਸਿਧਾਂਤਾਂ ਵਿਚ ਵੀ ਦਿੱਤਾ ਜਾਂਦਾ ਹੈ। ਪਰ ਅਕਸਰ ਇਸ ਇਤਿਹਾਸਕਤਾ ਦਾ ਅਰਥ ਇਤਿਹਾਸਕ ਅਮਲ ਵਿਚੋਂ ਲੰਘ ਕੇ ਪ੍ਰਾਪਤ ਹੋਈ ਵਸਤ ਤੋਂ ਲਿਆ ਜਾਂਦਾ ਹੈ, ਐਸੀ ਵਸਤ ਤੋਂ ਨਹੀਂ ਜਿਹੜੀ ਅਜੇ ਵੀ, ਜਿਸ ਵੇਲੇ ਅਸੀਂ ਉਸ ਦਾ ਅਧਿਐਨ ਕਰ ਰਹੇ ਹਾਂ, ਲਗਾਤਾਰ ਇਸ ਇਤਿਹਾਸਕ ਅਮਲ ਵਿਚੋਂ ਲੰਘ ਰਹੀ ਹੈ। ਇਸ ਨੂੰ ਬਣ ਚੁੱਕੀ ਵਸਤ ਵਜੋਂ ਲਿਆ ਜਾਂਦਾ ਹੈ; ਬਣ ਰਹੀ, ਵਿਗਸ ਰਹੀ ਜਾਂ ਬਿਨਸ ਰਹੀ ਵਸਤ ਵਜੋਂ ਨਹੀਂ। ਇਸੇ ਕਰਕੇ ਅਸੀਂ ਆਪਣੀ ਪਰਿਭਾਸ਼ਾ ਵਿਚਲੇ 'ਇਤਿਹਾਸਕ ਪੜਾਅ' ਦਾ ਅਰਥ ਦੱਸਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਸਥਿਰ ਜਾਂ ਖੜੋਤ ਦੀ ਅਵਸਥਾ ਨਹੀਂ, ਸਗੋਂ ਸਮੇਂ ਦੀ ਐਸੀ ਇਕਾਈ ਹੈ, ਜਿਸ ਦੇ ਦੌਰਾਨ ਪ੍ਰਧਾਨ ਜਾਂ ਗ਼ਾਲਬ ਕਦਰਾਂ-ਕੀਮਤਾਂ ਕਾਫ਼ੀ ਹੱਦ ਤੱਕ ਇੱਕੋ ਹੀ ਰਹਿੰਦੀਆਂ ਹਨ। ਸਮੇਂ ਦੀ ਇਹ ਇਕਾਈ ਕੁਝ ਸਦੀਆਂ ਉਤੇ ਫਲੀ ਵੀ ਹੋ ਸਕਦੀ ਹੈ। ਤਾਂ ਵੀ ਇਸ ਦਾ ਨਿਖੇੜ ਕਰਨਾ ਸੰਭਵ ਹੈ, ਅਤੇ ਇਸ ਨੂੰ ਇਸ ਯੁੱਗ ਦਾ ਨਾਂ ਦਿੱਤਾ ਜਾਂਦਾ ਹੈ। ਇਸ ਆਧਾਰ ਉਤੇ ਕੀਤੇ ਜਾਂਦੇ ਸਭਿਆਚਾਰਕ ਵਿਸ਼ਲੇਸ਼ਣ ਦੀ ਵਿਧੀ ਨੂੰ ਅਸੀਂ 'ਇਤਹਾਸਕ ਪੜਾਅ' ਦੀ ਵਿਧੀ ਕਹਿ ਸਕਦੇ ਹਾਂ।

ਕਿਉਂਕਿ ਮਨੁੱਖੀ ਅਮਲਾਂ, ਰਿਸ਼ਤਿਆਂ, ਸੰਸਥਾਵਾਂ, ਵਿਚਾਰਾਂ ਆਦਿ ਵਿਚ ਨਿਰੰਤਰ ਤਬਦੀਲੀ ਵਾਪਰਦੀ ਰਹਿੰਦੀ ਹੈ, ਇਸ ਲਈ ਇੱਕੋ ਵੇਲੇ ਤਿੰਨ ਤਰ੍ਹਾਂ ਦੇ ਅੰਸ਼ ਨਿਖੇੜੇ ਜਾ ਸਕਦੇ ਹਨ: ਗ਼ਾਲਬ ਜਾਂ ਪ੍ਰਧਾਨ ਅੰਸ਼, ਜਿਹੜੇ ਉਸ ਇਤਿਹਾਸਕ ਪੜਾਅ ਜਾਂ ਯੁੱਗ ਦਾ ਖ਼ਾਸਾ ਨਿਸਚਿਤ ਕਰਦੇ ਹਨ, ਜਿਵੇਂ ਜ਼ਮੀਨ ਨੂੰ ਪ੍ਰਾਥਮਿਕਤਾ ਦੇਣ ਉਤੇ ਟਿਕੇ ਸੰਬੰਧ, ਜਾਂ ਪੂੰਜੀ ਨੂੰ ਪ੍ਰਾਥਮਿਕਤਾ ਦੇਂਦੇ ਸੰਬੰਧ। ਦੂਜੇ ਅੰਸ਼ ਉਹ ਹੁੰਦੇ ਹਨ, ਜਿਹੜੇ ਬੀਤੇ ਸਮੇਂ ਤੋਂ ਆਏ ਹਨ, ਅਜੇ ਤੱਕ ਜਾਰੀ ਰਹਿ ਰਹੇ ਹਨ; ਅਤੇ ਨਵੇਂ ਅੰਸ਼, ਜਿਹੜੇ ਇਸ ਵੇਲੇ ਰੂਪ

52