ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨੇ ਸਮੁੱਚੇ ਉਦਯੋਗ ਦੀ ਨੀਂਹ ਰੱਖੀ। ਭਾਫ਼ ਨੇ ਮਸ਼ੀਨੀ ਯੁੱਗ ਦਾ ਆਰੰਭ ਕੀਤਾ। ਬਿਜਲੀ ਇਸ ਦਾ ਅਗਲਾ ਪੜਾਅ ਸੀ। ਸ਼ਕਤੀ ਪੈਦਾ ਕਰਨ ਲਈ ਐਟਮ ਦੀ ਵਰਤੋਂ ਨੇ ਮਨੁੱਖਾ ਸ਼ਕਤੀ ਦੀ ਸੀਮਾ ਨੂੰ ਅਥਾਹ ਬਣਾ ਦਿੱਤਾ।

ਕਾਢ ਜਾਂ ਲੱਭਤ ਦੇ ਮਾਮਲੇ ਵਿਚ ਕਈ ਗੱਲਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਕਾਢਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਮੂਲ ਮਹੱਤਤਾ ਵਾਲੀਆਂ, ਜਿਵੇਂ ਕਿ ਅੱਗ, ਭਾਫ਼-ਸ਼ਕਤੀ, ਪਹੀਏ ਅਤੇ ਲੀਵਰ ਦੀ ਕਾਢ। ਇਹ ਸਮਾਜ ਵਿਚ ਇਨਕਲਾਬੀ ਪਰਿਵਰਤਨ ਲਿਆਉਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਅੱਗੋਂ ਕਈ ਗੌਣ ਮਹੱਤਤਾ ਵਾਲੀਆਂ ਕਾਢਾਂ ਦਾ ਆਧਾਰ ਬਣਦੀਆਂ ਹਨ। ਹਰ ਨਵੀਂ ਕਾਢ ਵਿਚ ਇਸ ਤੋਂ ਪਹਿਲਾਂ ਦਾ ਸਾਰਾ ਗਿਆਨ ਸੰਚਿਤ ਹੁੰਦਾ ਹੈ। ਇਸੇ ਆਧਾਰ ਉਤੇ ਹੀ ਸਭਿਆਚਾਰ ਵਿਚ ਗਿਆਨ ਸੰਚਿਤ ਕਰਦੇ ਹੋਣ ਦੇ ਲੱਛਣ ਦੇਖਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਭਿਆਚਾਰ ਵਿਚ ਕੁਝ ਵੀ ਭੁਲਾਇਆ ਨਹੀਂ ਜਾਂਦਾ, ਨਾ ਹੀ ਕੁਝ ਪੂਰੀ ਤਰ੍ਹਾਂ ਮਿਟਦਾ ਹੈ। ਪਰ ਜਿਵੇਂ ਕਿ ਅਸੀਂ ਪਹਿਲਾਂ ਕਹਿ ਆਏ ਹਾਂ, ਇਹ ਗੱਲ ਪਦਾਰਥਕ ਸਭਿਆਚਾਰ ਉਤੇ ਹੀ ਪੂਰੀ ਤਰ੍ਹਾਂ ਢੁੱਕਦੀ ਹੈ। ਹਰ ਨਵੀਂ ਕਾਢ ਭਾਵੇਂ ਕਿਸੇ ਵਿਅਕਤੀ ਦੀ ਹੀ ਕੀਤੀ ਹੋਈ ਹੁੰਦੀ ਹੈ, ਜਿਸ ਦੇ ਨਾਂਅ ਨਾਲ ਇਹ ਜੋੜੀ ਜਾਂਦੀ ਹੈ, ਪਰ ਕਿਸੇ ਵੀ ਕਾਢ ਲਈ ਮੂਲ ਆਧਾਰ ਵਿਅਕਤੀ ਨਹੀਂ ਸਗੋਂ ਇਹ ਸੰਚਿਤ ਗਿਆਨ ਹੁੰਦਾ ਹੈ। ਸੰਚਿਤ ਗਿਆਨ ਜਿਸ ਪੜਾਅ ਉੱਤੇ ਹੁੰਦਾ ਹੈ, ਉਸ ਦੇ ਮੁਤਾਬਕ ਨਵੀਆਂ ਕਾਢਾਂ ਹੋ ਹੀ ਜਾਂਦੀਆਂ ਹਨ, ਭਾਵੇਂ ਕੋਈ ਇਕ ਵਿਅਕਤੀ ਕਰੇ, ਜਾਂ ਦੂਜਾ। ਇਸੇ ਕਰਕੇ ਇਕੋ ਕਾਢ ਇਕੋ ਵੇਲੇ, ਵੱਖ ਵੱਖ ਥਾਵਾਂ ਉਤੇ ਵੱਖ ਵੱਖ ਵਿਅਕਤੀ ਵੀ ਕੱਢ ਸਕਦੇ ਹਨ। ਜਿਸ ਨੂੰ ਅੰਗਰੇਜ਼ੀ ਵਿਚ 'ਪੋਲੀਜੈਨੇਸਿਜ਼' ਦਾ ਨਾਂ ਦਿੱਤਾ ਜਾਂਦਾ ਹੈ। ਇਸੇ ਕਰਕੇ ਇਹ ਕਥਨ ਬਹੁਤਾ ਠੀਕ ਨਹੀਂ ਲੱਗਦਾ ਕਿ ਕਾਢ ਜ਼ਰੂਰਤ ਦੀ ਉਪਜ ਹੁੰਦੀ ਹੈ। ਇਸ ਤੋਂ ਉਲਟੀ ਗੱਲ ਵੀ ਠੀਕ ਹੋ ਸਕਦੀ ਹੈ। ਕਾਢ ਕੱਢ ਲਈ ਜਾਏ ਤਾਂ ਉਸ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਬਹੁਤੀਆਂ ਕਾਢਾਂ ਸਬੱਬ ਨਾਲ ਹੀ ਹੋਈਆਂ ਦੱਸੀਆਂ ਜਾਂਦੀਆਂ ਹਨ। ਹਰ ਨਵੀਂ ਕਾਢ ਵਿਚ ਪਿਛਲਾ ਗਿਆਨ ਸੰਚਿਤ ਹੁੰਦਾ ਹੈ, ਇਸ ਲਈ ਹਰ ਨਵੀਂ ਕਾਢ ਪਿਛਲੀ ਨਾਲੋਂ ਅਗਲਾ ਕਦਮ, ਜਾਂ ਉਚੇਰਾ ਪੜਾਅ ਹੁੰਦੀ ਹੈ। ਇਸੇ ਹੀ ਕਾਰਨ ਹਰ ਨਵੀਂ ਕਾਢ ਨਾਲ ਕਾਢਾਂ ਦੀ ਗਤੀ ਵਿਚ ਵੀ ਤੇਜ਼ੀ ਆਉਂਦੀ ਹੈ। ਜੇ ਕਦੀ ਮਨੁੱਖ ਨੇ ਅੱਗ ਪੈਦਾ ਕਰਨ ਲਈ ਹੀ ਹਜ਼ਾਰਾਂ ਵਰ੍ਹੇ ਲਾ ਦਿੱਤੇ ਹੋਣਗੇ, ਤਾਂ ਅੱਜ ਹਰ ਵਰ੍ਹੇ ਵਿਚ ਹਜ਼ਾਰਾਂ ਕਾਢਾਂ ਨੇ ਅਧਿਕਾਰ (ਪੇਟੈਂਟ) ਰਜਿਸਟਰ ਹੁੰਦੇ ਹਨ। ਇਸੇ ਹੀ ਹਿਸਾਬ ਨਾਲ ਸਮਾਜ ਅਤੇ ਸਭਿਆਚਾਰ ਵਿਚਲੇ ਪਰਿਵਰਤਨ ਵਿਚ ਤੇਜ਼ੀ ਆਈ ਜਾਂਦੀ ਹੈ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਜੇ ਮਨੁੱਖਾ ਵਿਕਾਸ ਦੇ ਸਾਰੇ ਸਮੇਂ ਨੂੰ ਘੜੀ ਦੇ ਸੱਠ ਮਿੰਟਾਂ ਵਿਚ ਵੰਡ ਲਿਆ ਜਾਏ, ਤਾਂ ਬਹੁ-ਗਿਣਤੀ ਕਾਢਾਂ ਪਿਛਲੇ ਕੁਝ ਸਕਿੰਟਾਂ ਵਿਚ ਹੋਈਆਂ ਹੋਣਗੀਆਂ।

58