ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਨਵੀਂ ਕਾਢ ਵੱਲ ਵੀ ਮਨੁੱਖ ਦਾ ਸੁਭਾਵਕ ਵਿਰੋਧ ਓਦੋਂ ਤੱਕ ਹੀ ਰਹਿੰਦਾ ਹੈ, ਜਦੋਂ ਤੱਕ ਕਾਢਾਂ ਦੀ ਗਤੀ ਬਹੁਤ ਧੀਮੀ ਹੁੰਦੀ ਹੈ। ਜਦੋਂ ਇਹ ਗਤੀ ਤੇਜ਼ ਹੋ ਜਾਂਦੀ ਹੈ ਤਾਂ ਹਰ ਨਵੀਂ ਕਾਢ ਨੂੰ ਪ੍ਰਵਾਨ ਕਰਨ ਜਾਂ ਉਸ ਦਾ ਵਿਰੋਧ ਕਰਨ ਦਾ ਕਾਰਨ ਮਨੁੱਖ ਦੇ ਸੁਭਾਅ ਵਿਚ ਨਹੀਂ ਹੁੰਦਾ, ਸਗੋਂ ਸਮਾਜ ਦੇ ਕਿਸੇ ਨਾ ਕਿਸੇ ਵਰਗ ਦੇ ਚੇਤੰਨ ਹਿੱਤਾਂ ਨਾਲ ਜੁੜਿਆ ਹੁੰਦਾ ਹੈ। ਜਿਸ ਕਰਕੇ ਫਿਰ ਮਨੁੱਖ ਦੇ ਸਭਿਆਚਾਰ ਦਾ ਵਿਕਾਸ ਇਹਨਾਂ ਹਿੱਤਾਂ ਦਾ ਵਿਰੋਧ-ਵਿਕਾਸ ਹੋ ਨਿਬੜਦਾ ਹੈ।

ਕਾਢ ਜਾਂ ਲੱਭਤ ਦਾ ਸੰਕਲਪ ਸਿਰਫ਼ ਪਦਾਰਥਕ ਸਭਿਆਚਾਰ ਵਿਚ ਹੀ ਕੰਮ ਨਹੀਂ ਕਰਦਾ, ਸਗੋਂ ਗ਼ੈਰ-ਪਦਾਰਥਕ ਖੇਤਰਾਂ ਵਿਚ ਵੀ ਵੇਖਿਆ ਜਾ ਸਕਦਾ ਹੈ। ਮਨੁੱਖ ਸਿਰਫ਼ ਆਪਣੇ ਪਦਾਰਥਕ ਜੀਵਨ ਨੂੰ ਹੀ ਬਿਹਤਰ ਨਹੀਂ ਬਣਾਉਂਦਾ ਸਗੋਂ ਸਮਾਜਕ ਸੰਗਠਨ ਵਿਚ, ਸੰਸਥਾਵਾਂ ਸਿਰਜਣ ਅਤੇ ਬਦਲਣ ਵਿਚ, ਨਵੀਆਂ ਰਹੁ-ਰੀਤਾਂ ਘੜਣ ਵਿਚ ਵੀ ਤਜਰਬੇ ਕਰਦਾ ਰਹਿੰਦਾ ਹੈ। ਜੇ ਬਹੁਤੀਆਂ ਉਦਾਹਰਣਾਂ ਵਿਚ ਨਾ ਵੀ ਪਈਏ, ਤਾਂ ਮਕਤਬਾਂ ਜਾਂ ਪਾਠਸ਼ਲਾਵਾਂ ਤੋਂ ਕਾਲਜਾਂ, ਯੂਨੀਵਰਸਟੀਆਂ ਤੱਕ ਦਾ ਵਿਕਾਸ, ਚੀਜ਼ਾਂ ਅਤੇ ਜਾਇਦਾਦ ਦੇ ਸਾਧਾਰਨ ਦੇਣ-ਲੈਣ ਤੋਂ ਸਟਾਕ-ਐਕਸਚੇਜਾਂ ਤੱਕ ਦਾ ਵਿਕਾਸ ਗ਼ੈਰ-ਪਦਾਰਥਕ ਖੇਤਰ ਵਿਚਲੀਆਂ ਕਾਢਾਂ ਦਾ ਹੀ ਸਿੱਟਾ ਹੈ।

ਸਮਾਜ ਤੋਂ ਬਾਹਰਲੇ ਕਾਰਨਾਂ ਵਿਚ ਜਾਂ ਅੰਸ਼-ਪਸਾਰ ਨੂੰ ਪਹਿਲੀ ਥਾਂ ਦਿੱਤੀ ਗਈ ਹੈ। ਜਦੋਂ ਇਕ ਸਮਾਜ ਵਲੋਂ ਕੀਤੀ ਗਈ ਕਾਢ ਨੂੰ ਦੂਜੇ ਸਮਾਜ ਅਪਣਾ ਲੈਣ ਤਾਂ ਇਸ ਅਮਲ ਨੂੰ ਖਿਡੀਆਂ ਜਾਂ ਅੰਸ਼-ਪਸਾਰ ਕਹਿੰਦੇ ਹਨ। ਇਕ ਸਮਾਜ ਦੇ ਜੀਵਨ ਵਿਚਲੇ ਕਿਸੇ ਵੀ ਖੇਤਰ ਦੇ ਸਭਿਆਚਾਰਕ ਅੰਸ਼ਾਂ ਨੂੰ ਦੂਜੇ ਸਮਾਜ ਦੇ ਮੈਂਬਰਾਂ ਵਲੋਂ ਅਪਣਾ ਲਿਆ ਜਾਣਾ ਇਸੇ ਹੀ ਪ੍ਰਕਿਰਿਆ ਵਿਚ ਆਉਂਦਾ ਹੈ। ਕਈ ਸਮਾਜ-ਵਿਗਿਆਨੀ ਅਤੇ ਮਾਨਵ-ਵਿਗਿਆਨੀ ਤਾਂ ਇਸ ਪ੍ਰਕਿਰਿਆ ਨੂੰ ਏਨਾ ਮਹੱਤਵ ਦੇਂਦੇ ਹਨ ਕਿ ਇਸ ਨੂੰ ਸਭਿਆਚਾਰਕ ਪਰਿਵਰਤਨ ਦਾ ਮੁੱਖ ਕਾਰਨ, ਸਗੋਂ ਕਈ ਤਾਂ ਇੱਕ ਇੱਕ ਕਾਰਨ ਸਮਝਦੇ ਹਨ। ਮਗਰਲੀ ਤਰ੍ਹਾਂ ਦੇ ਮਾਨਵ-ਵਿਗਿਆਨੀਆਂ ਨੂੰ ਖੰਡੇ ਅਵਾਦੀ ਕਿਹਾ ਜਾਂਦਾ ਹੈ। ਇਹਨਾਂ ਦਾ ਮੱਤ ਹੈ ਕਿ ਸਾਰੀਆਂ ਹੀ ਮਹੱਤਵਪੂਰਨ ਕਾਢਾਂ (ਲਿਪੀ, ਧਾਤਸਾਜ਼ੀ, ਇਮਾਰਤੀ ਕਲਾ ਆਦਿ) ਅਤੇ ਲੱਭਤਾਂ ਇੱਕ ਹੀ ਥਾਂ ਹੋਈਆਂ ਸਨ, ਜਿਥੇ ਇਹ ਦੁਨੀਆਂ ਦੇ ਬਾਕੀ ਖਿੱਤਿਆਂ ਵਿਚ ਫੈਲੀਆਂ। ਉਹਨਾਂ ਅਨੁਸਾਰ ਇਹ ਥਾਂ ਮਿਸਰ ਸੀ, ਜਿਥੇ ਇਹ ਫੁਨੀਸ਼ਨਾਂ ਰਾਹੀਂ, ਜਿਨ੍ਹਾਂ ਦਾ ਮਿਸਰ ਨਾਲ ਵਪਾਰ ਚਲਦਾ ਸੀ, ਪੂਰਬ ਵਿਚ ਭਾਰਤ, ਚੀਨ ਅਤੇ ਜਾਪਾਨ ਤੱਕ ਪੁੱਜੀਆਂ, ਅਤੇ ਫਿਰ ਸ਼ਾਂਤ ਮਹਾਂਸਾਗਰ ਪਾਰ ਕਰ ਕੇ ਮਧ ਅਮਰੀਕਾ ਦੇ ਮਾਯਾ ਸਭਿਆਚਾਰ ਦਾ ਆਧਾਰ ਬਣੀਆਂ। ਇਸ ਸਿਧਾਂਤ ਦੇ ਸਮਰਥਕ ਮਨੁੱਖ ਦੀ ਕਾਢ ਦੀ ਸਮਰੱਥਾ ਦੀ ਅਣਹੋਂਦ ਅਤੇ ਹਰ ਨਿੱਕੀ ਤੋਂ ਨਿੱਕੀ ਨਵੀਂ ਕਾਢ ਦਾ ਵੀ ਵਿਰੋਧ ਕਰਨ ਦੀ ਰੁਚੀ ਨੂੰ ਆਪਣਾ ਆਧਾਰ ਬਣਾਉਂਦੇ ਹਨ। ਇਸ ਰੁਚੀ ਦੀ ਸੀਮਾਂ ਬਾਰੇ ਅਸੀਂ ਉੱਪਰ ਵਿਚਾਰ ਕਰ ਆਏ ਹਾਂ।

59