ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/62

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅੰਸ਼-ਪਸਾਰ ਦੀ ਮਹੱਤਤਾ ਨੂੰ ਦਰਸਾਉਣ ਵਾਲਾ ਤੱਥ ਇਹ ਹੈ ਕਿ ਹਰ ਸਭਿਆਚਾਰ ਵਿਚ ਐਸੇ ਅੰਸ਼ ਬੜੇ ਘੱਟ ਹੁੰਦੇ ਹਨ ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ। ਬਹੁਤੇ ਅੰਸ਼ (90 ਫ਼ੀਸਦੀ ਜਾਂ ਇਸ ਤੋਂ ਵੀ ਵੱਧ) ਦੂਜੇ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰਕ ਸਿਸਟਮ ਵਿਚ ਫ਼ਿੱਟ ਕੀਤੇ ਹੁੰਦੇ ਹਨ। ਇਹ ਗੱਲ ਨਿੱਕੇ-ਵੱਡੇ, ਵਿਕਸਤ-ਅਵਿਕਸਤ ਸਭ ਸਭਿਆਚਾਰਾਂ ਲਈ ਇੱਕ ਜਿੰਨੀ ਸੱਚ ਹੈ। ਰਾਲਫ਼ ਲਿੰਟਨਨੇ ਆਪਣੀ ਪੁਸਤਕ 'ਦੀ ਸਟੱਡੀ ਆਫ਼ ਮੈਨ' ਵਿਚ ਇਕ ਔਸਤ ਅਮਰੀਕੀ ਸ਼ਹਿਰੀ ਦਾ ਇਕ ਦਿਨ ਦਾ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤਕ ਦਾ, ਸਾਰਾ ਕਾਰਜ-ਕ੍ਰਮ ਦਿਤਾ ਹੈ।2 ਉਹ ਜੋ ਕਰਦਾ ਹੈ, ਜਿਵੇਂ ਕਰਦਾ ਹੈ, ਜੋ ਪਾਉਂਦਾ, ਖਾਂਦਾ ਜਾਂ ਵਰਤਦਾ ਹੈ, ਉਸ ਉਤੇ ਚਾਨਣ ਪਾਇਆ ਹੈ ਕਿ ਉਸ ਦਾ ਮੁੱਢ ਕਿਥੋਂ ਹੋਇਆ ਅਤੇ ਕਿਹੜੇ ਕਿਹੜੇ ਰਸਤੇ ਅਮਰੀਕਾ ਤਕ ਪੁੱਜਾ। ਅਤੇ ਇਸ ਤਰ੍ਹਾਂ ਔਸਤ ਅਮਰੀਕੀ ਸ਼ਹਿਰੀ ਜਿਹੜਾ ਆਪਣੇ ਆਪ ਨੂੰ 'ਸੌ ਫ਼ੀਸਦੀ ਅਮਰੀਕੀ' ਸਮਝਦਾ ਹੈ, ਲਗਭਗ ਸੌ ਫ਼ੀਸਦੀ ਦੂਜੇ ਸਭਿਆਚਾਰਾਂ ਦੇ ਅੰਸ਼ਾਂ ਨੂੰ ਵਰਤ ਰਿਹਾ ਹੁੰਦਾ ਹੈ। ਇਸੇ ਗੱਲ ਦੀ ਇਕ ਹੋਰ ਉਦਾਹਰਣ ਅਸੀਂ ਭਾਸ਼ਾ ਤੋਂ ਲੈ ਸਕਦੇ ਹਾਂ, ਜਿਹੜੀ ਕਿ ਇਕ ਪ੍ਰਤਿਨਿਧ ਸਭਿਆਚਾਰਕ ਸਿਰਜਣਾ ਹੈ, ਅਤੇ ਸਭਿਆਚਾਰ ਜਿੰਨੀ ਹੀ ਵਿਸ਼ਾਲ ਹੋਂਦ ਰੱਖਦੀ ਹੈ। ਜੇ ਅਸੀਂ ਕਿਸੇ ਅਤਿ ਵਿਕਸਤ ਭਾਸ਼ਾ ਦਾ ਸ਼ਬਦ-ਕੈਸ਼ ਲੈ ਕੇ ਦੇਖੀਏ, ਜਿਸ ਵਿਚ ਸ਼ਬਦਾਂ ਦੇ ਮੂਲ-ਰੂਪ ਅਤੇ ਰੂਪ-ਵਿਕਾਸ ਦੇ ਪੜਾਅ ਵੀ ਦਿੱਤੇ ਹੋਣ, ਤਾਂ ਅਸੀਂ ਦੇਖਾਂਗੇ ਕਿ ਉਹਨਾਂ ਭਾਸ਼ਾਵਾਂ ਦੇ ਵੀ ਜੋ ਸਾਰੇ ਨਹੀਂ ਤਾਂ ਭਾਰੀ ਬਹੁ-ਗਿਣਤ ਸ਼ਬਦ ਦੂਜੇ ਸਭਿਆਚਾਰਾਂ ਦੀਆਂ ਭਾਸ਼ਾਵਾਂ ਤੋਂ ਲਏ ਹੋਣਗੇ।

ਪਰ ਅੰਸ਼-ਪਸਾਰ ਦੀ ਮਹੱਤਤਾ ਨੂੰ ਦੇਖਦਿਆਂ ਹੋਇਆਂ, ਸਾਨੂੰ ਕੁਝ ਹੋਰ ਪੱਖਾਂ ਦੀ ਉਚਿੱਤ ਮਹੱਤਤਾ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ, ਖ਼ਾਸ ਕਰਕੇ ਇਸ ਤੱਥ ਨੂੰ ਕਿ ਇਕੋ ਹੀ ਕਾਢ ਇਕੋ ਵੇਲੇ (ਜਾਂ ਵੱਖ ਵੱਖ ਵੇਲੇ) ਵੱਖ ਵੱਖ ਥਾਵਾਂ ਉਤੇ ਵੱਖ ਵੱਖ ਲੋਕਾਂ ਵਲੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਅਸੀਂ ਉਪਰ ਜ਼ਿਕਰ ਕੀਤਾ ਹੈ। ਕਈ ਵਾਰੀ ਇਕੋ ਹੀ ਕਾਢ ਨੂੰ ਵੱਖੋ ਵੱਖਰੀਆਂ ਕੌਮਾਂ ਆਪੋ ਆਪਣੇ ਕਾਢਕਾਰਾਂ ਦੇ ਲੇਖੇ ਲਾ ਲੈਂਦੀਆਂ ਹਨ, ਅਤੇ ਇਸ ਨੂੰ ਅਸੀਂ ਉਹਨਾਂ ਦੀ ਕੌਮੀ ਹੈਂਕੜ ਦਾ ਪ੍ਰਗਟਾਵਾ ਸਮਝ ਲੈਂਦੇ ਹਾਂ। ਹਾਲਾਂਕਿ ਇਹ ਗੱਲ ਬਿਲਕੁਲ ਸੰਭਵ ਹੈ ਕਿ ਉਹਨਾਂ ਨੇ ਸੰਬੰਧਤ ਕਾਢ ਸ੍ਵੈਧੀਨ ਤੌਰ ਉੱਤੇ ਕੀਤੀ ਹੋਵੇ।

ਦੂਜੀ ਗੱਲ ਸਾਨੂੰ ਇਹ ਨਹੀਂ ਭੁੱਲਣੀ ਚਾਹੀਦੀ ਕਿ ਦੂਜੇ ਸਭਿਆਚਾਰਾਂ ਤੋਂ ਲਏ ਅੰਸ਼ਾਂ ਨੂੰ ਆਪਣੇ ਸਭਿਆਚਾਰਾਂ ਦੀ ਛਾਨਣੀ ਵਿਚੋਂ ਲੰਘਾ ਕੇ ਅਪਣਾਇਆ ਜਾਂਦਾ ਹੈ, ਜਿਸ ਨਾਲ ਹਰ ਅਪਣਾਇਆ ਗਿਆ ਅੰਸ਼ ਅਪਣਾਉਣ ਵਾਲੇ ਸਭਿਆਚਾਰ ਦੀ ਆਪਣੀ ਪ੍ਰਤਿਭਾ ਦਾ ਅੰਗ ਬਣ ਜਾਂਦਾ ਹੈ।

ਸਭਿਆਚਾਰਕ ਪਰਿਵਰਤਨ ਦਾ ਅੰਸ਼-ਪਸਾਰ ਜਿੰਨਾ ਹੀ, ਸਗੋਂ ਕਈਆਂ ਸੂਰਤਾਂ ਵਿਚ

60