ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤੋਂ ਵੀ ਵੱਧ ਮਹੱਤਵਪੂਰਨ ਕਾਰਨ ਉਹ ਅਮਲ ਹੈ ਜਿਸ ਨੂੰ 'ਸਭਿਆਚਾਰੀਕਰਨ' ਕਿਹਾ ਜਾਂਦਾ ਹੈ। ਜੇ ਖਿੰਡਾਅ ਦੂਜੇ ਸਭਿਆਚਾਰਾਂ ਦੇ ਅੰਸ਼ ਅਪਣਾਉਣ ਦਾ ਨਾਂਅ ਹੈ ਤਾਂ ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ, ਵਿਸ਼ਾਲ ਪੈਮਾਨੇ ਉਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਵਿਚ ਆਉਣ ਨੂੰ ਅਤੇ ਇਸ ਤੋਂ ਨਿਕਲਦੇ ਸਿੱਟਿਆਂ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਦੀ ਪਰਿਭਾਸ਼ਾ ਹੀ ਇਹ ਦਿਤੀ ਜਾਂਦੀ ਹੈ ਕਿ 'ਦੋ ਵੱਖ ਵੱਖ ਸਭਿਆਚਾਰਾਂ ਵਾਲੇ ਜਨ-ਸਮੂਹਾਂ ਦੇ ਸਿੱਧੇ, ਵੱਡੇ ਪੈਮਾਨੇ ਉਤੇ ਅਤੇ ਕਾਫ਼ੀ ਅਰਸੇ ਤਕ ਸੰਪਰਕ ਨੂੰ ਅਤੇ ਇਸ ਸੰਪਰਕ ਤੋਂ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ।" ਇਹ ਬੁਨਿਆਦੀ ਤੌਰ ਉਤੇ ਇਕ ਅਮਰੀਕੀ ਸੰਕਲਪ ਹੈ ਅਤੇ ਇਸ ਦੀ ਮੁੱਢਲੀ ਪਰਿਭਾਸ਼ਾ ਤਿੰਨ ਅਮਰੀਕੀ ਸਮਾਜ-ਵਿਗਿਆਨੀਆਂ―ਰੈਡਫ਼ੀਲਡ, ਲਿੰਟਨ ਅਤੇ ਹਿਰਸਕੋਵਿਤਸ ਨੇ ਦਿੱਤੀ ਸੀ, ਭਾਵੇਂ ਜਲਦੀ ਹੀ ਮਗਰੋਂ ਇਹ ਵੱਖੋ ਵੱਖਰੇ ਤੌਰ ਉਤੇ ਆਪਣੀ ਪਰਿਭਾਸ਼ਾ ਵਿਚ ਸੋਧਾਂ ਕਰਨ ਲੱਗ ਪਏ ਸਨ।3 ਬਰਤਾਨਵੀ ਮਾਨਵ-ਵਿਗਿਆਨੀ ਅਜੇ ਵੀ 'ਸਭਿਆਚਾਰੀਕਰਨ' ਸ਼ਬਦ ਦੀ ਥਾਂ 'ਸਭਿਆਚਾਰਕ ਸੰਪਰਕ' ਵਰਤਣ ਨੂੰ ਤਰਜੀਹ ਦੇਂਦੇ ਹਨ।

ਸਭਿਆਚਾਰਕ ਪਰਿਵਰਤਨ ਦਾ ਸਭਿਆਚਾਰੀਕਰਨ ਦੇ ਸੰਦਰਭ ਵਿਚ ਅਧਿਐਨ ਕਰਨਾ ਆਪਣੇ ਆਪ ਵਿਚ ਕਈ ਸਮੱਸਿਆਵਾਂ ਖੜੀਆਂ ਕਰ ਦੇਂਦਾ ਹੈ, ਜਿਹੜੀਆਂ ਖਿੰਡਾਅ ਦੇ ਅਮਲ ਦੇ ਅਧਿਐਨ ਨਾਲੋਂ ਕਿਤੇ ਜ਼ਿਆਦਾ ਜਟਿਲ ਹੁੰਦੀਆਂ ਹਨ। ਪਹਿਲੀ ਥਾਂ ਉਤੇ, ਇਹ ਦੋ ਵੱਖ ਵੱਖ ਸਭਿਆਚਾਰਾਂ ਵਾਲੇ ਜਨ-ਸਮੂਹਾਂ ਦਾ ਸਿੱਧਾ ਸੰਪਰਕ ਹੋਣ ਕਰਕੇ ਇਸ ਵਿਚ ਮਨੁੱਖੀ ਵਿਹਾਰ, ਹਾਵ-ਭਾਵ ਅਤੇ ਪਰੰਪਰਾ ਦੇ ਅੰਸ਼ ਕਿਤੇ ਜ਼ਿਆਦਾ ਉੱਗਰ ਰੂਪ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ। ਅੰਸ਼-ਪਸਾਰ ਦੇ ਅਮਲ ਵਿਚ ਇੰਝ ਨਹੀਂ ਹੁੰਦਾ, ਕਿਉਂਕਿ ਸਭਿਆਚਾਰਕ ਅੰਸ਼ ਨੂੰ ਲਿਆਉਣ, ਅਪਣਾਉਣ ਅਤੇ ਪੁਚਾਉਣ ਵਿਚ, ਜਾਂ ਫਿਰ ਰੱਦ ਕਰਨ ਵਿਚ ਕਿਸੇ ਨਾ ਕਿਸੇ ਹੱਦ ਤਕ, ਪ੍ਰਤੱਖ ਜਾਂ ਪ੍ਰੋਖ, ਸ੍ਵੈ-ਇੱਛਾ ਦੀ ਝਲਕ ਹੁੰਦੀ ਹੈ। ਇਥੇ ਸਾਡਾ ਵਾਹ ਸਭਿਆਚਾਰਕ ਅੰਸ਼ ਨਾਲ ਪੈਂਦਾ ਹੈ, ਉਸ ਜਨ-ਸਮੂਹ ਨਾਲ ਨਹੀਂ, ਜਿਸ ਤੋਂ ਇਹ ਅੰਸ਼ ਆ ਰਿਹਾ ਹੁੰਦਾ ਹੈ।

ਮਨੁੱਖੀ ਪੱਧਰ ਉਤੇ ਅਧਿਐਨ ਕਰਨ ਵਾਲਾ ਦੂਜਾ ਮਹੱਤਵਪੂਰਨ ਨੁਕਤਾ ਇਹ ਹੁੰਦਾ ਹੈ ਕਿ ਦੋ ਵੱਖੋ-ਵੱਖਰੇ ਸਭਿਆਚਾਰਾਂ ਵਾਲੇ ਜਨ-ਸਮੂਹ ਕਿਨ੍ਹਾਂ ਹਾਲਤਾਂ ਵਿਚ ਇਕ ਦੂਜੇ ਦੇ ਸੰਪਰਕ ਵਿਚ ਆ ਰਹੇ ਹਨ? ਇਸ ਦਾ ਉੱਤਰ ਉਹਨਾਂ ਦੇ ਸੰਬੰਧਾਂ ਨੂੰ, ਉਹਨਾਂ ਵਿਚਲੇ ਲੈਣ-ਦੇਣ ਦੀ ਪ੍ਰਕਿਰਿਆ ਨੂੰ ਅਤੇ ਇਸ ਦੀ ਗਤੀ ਨੂੰ ਨਿਰਧਾਰਤ ਕਰੇਗਾ। ਆਮ ਕਰਕੇ ਇਹ ਸੰਪਰਕੇ ਇਕ ਜਨ-ਸਮੂਹ ਵਲੋਂ ਦੂਜੇ ਉਪਰ ਹਮਲਾ ਕਰਨ, ਦੂਜੇ ਨੂੰ ਅਧੀਨ ਕਰਨ, ਉਸ ਉੱਤੇ ਆਪਣਾ ਸਭਿਆਚਾਰ ਠੋਸਣ ਦੇ ਰੂਪ ਵਿਚ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਜੰਗ ਦੇ ਮੈਦਾਨ ਵਿਚ ਹੀ, ਸਗੋਂ ਸਭਿਆਚਾਰ ਦੇ ਪਿੜ੍ਹਾਂ ਵਿਚ ਇਕ ਵਿਸ਼ਾਲ ਵਿਰੋਧ ਦੀ ਹਾਲਤ ਵਿਚ ਇਹ ਅਮਲ ਚੱਲਦਾ ਹੈ। ਜੰਗ ਦਾ ਇਕ ਜਾਂ ਦੂਜੀ

61