ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਿਰ ਦੇ ਹੱਕ ਵਿਚ ਫ਼ੈਸਲਾ ਇਸ ਅਮਲ ਦਾ ਅੰਤ ਨਹੀਂ ਹੁੰਦਾ, ਸਗੋਂ ਇਸ ਅਮਲ ਦਾ ਵਧੇਰੇ ਡੂੰਘੀਆਂ ਤਹਿਆਂ ਵਿਚ ਚਲੇ ਜਾਣਾ ਹੁੰਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਵਿਜਈ ਧਿਰ ਦੇ ਸਭਿਆਚਾਰ ਨੇ ਹੀ ਜੇਤੂ ਬਣਨਾ ਹੈ। ਸਮਾਂ ਪਾ ਕੇ ਸਭਿਆਚਾਰਕ ਪੱਧਰ ਉਤੇ ਇਹ ਪਾਸੇ ਪੁੱਠੇ ਵੀ ਪੈ ਸਕਦੇ ਹਨ। ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਹਮਲਾਵਰ ਦੇ ਸਭਿਆਚਾਰ ਵਲ ਹਮਲੇ ਦਾ ਸ਼ਿਕਾਰ ਹੋਏ ਦਾ ਇਕੋ ਜਿਹਾ ਹੀ ਪ੍ਰਤਿਕਰਮ ਹੋਵੇਗਾ।

ਜੇ ਭਾਰਤ ਦੇ ਪ੍ਰਸੰਗ ਵਿਚ ਹੀ ਉਪਰੋਕਤ ਕਥਨਾਂ ਦੀਆਂ ਉਦਾਹਰਣਾਂ ਲੱਭਣੀਆਂ ਹੋਣ ਤਾਂ ਇਕ ਪਾਸੇ ਤਾਂ ਆਰੀਆ ਲੋਕ ਹਮਲਾਵਰ ਹੋਣ ਦੇ ਬਾਵਜੂਦ ਵੀ ਸਾਡੇ ਸਨਮਾਨਿਤ ਪੂਰਵਜ ਬਣੇ ਹੋਏ ਹਨ, ਜਿਨ੍ਹਾਂ ਦੀ ਅੰਸ਼ ਹੋਣ ਉਤੇ ਖ਼ਾਸ ਕਰਕੇ ਇਕ ਮਹੱਤਵਪੂਰਨ ਤਬਕੇ ਵਲੋਂ ਮਾਣ ਕੀਤਾ ਜਾਂਦਾ ਹੈ; ਦੂਜੇ ਪਾਸੇ ਇਸੇ ਤਰ੍ਹਾਂ ਦੇ ਤਬਕੇ ਵਲੋਂ ਹੀ ਮੁਸਲਮਾਨਾਂ ਨੂੰ, ਉਹਨਾਂ ਦੇ ਇਥੇ ਵੱਸਣ ਤੇ ਇਸ ਦੇਸ਼ ਨੂੰ ਆਪਣਾ ਘਰ ਬਣਾਉਣ ਤੇ ਬਾਵਜੂਦ, ਹਮਲਾਵਰ ਹੀ ਗਰਦਾਨਿਆਂ ਜਾਂਦਾ ਹੈ; ਅਤੇ ਉਹਨਾਂ ਦਾ ਡੂੰਘਾ ਪ੍ਰਭਾਵ ਕਬੂਲਣ ਅਤੇ ਇਸ ਪ੍ਰਭਾਵ ਹੇਠਾਂ ਆਪਣੇ ਸਭਿਆਚਾਰ ਵਿਚ ਤਬਦੀਲੀਆਂ ਲਿਆਉਣ ਦੇ ਬਾਵਜੂਦ, ਇਕ ਪ੍ਰਤੱਖ ਜਾਂ ਪ੍ਰੋਖ ਵਿਰੋਧ ਕਾਇਮ ਰਹਿੰਦਾ ਹੈ। ਇਸ ਦੇ ਉਲਟ, ਨਿਰੋਲ ਹਮਲਾਵਰ ਦੇ ਰੂਪ ਵਿਚ ਆਏ ਅੰਗਰੇਜ਼ਾਂ ਵਲ, ਜਿਨ੍ਹਾਂ ਨੇ ਇਸ ਦੇਸ ਨੂੰ ਕਦੀ ਵੀ ਆਪਣਾ ਘਰ ਬਣਾਉਣ ਦਾ ਵਿਚਾਰ ਨਹੀਂ ਸੀ ਰੱਖਿਆ ਇਕ ਬਿਲਕੁਲ ਵੱਖਰੀ ਤਰ੍ਹਾਂ ਦਾ ਵਿਹਾਰ ਦਿਖਾਇਆ ਜਾਂਦਾ ਹੈ। ਉਹਨਾਂ ਦੇ ਤੁਰ ਜਾਣ ਤੋਂ ਮਗਰੋਂ ਵੀ ਇਕ ਸਿੱਕ ਦਾ ਪ੍ਰਗਟਾਅ ਕੀਤਾ ਜਾਂਦਾ ਹੈ, ਅਤੇ ਉਹਨਾਂ ਦੀ ਬੋਲੀ ਅਤੇ ਸਭਿਆਚਾਰ ਨੂੰ ਪਹਿਲਾਂ ਵਾਲਾ ਹੀ ਸਥਾਨ ਦੇਈ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਹਿੰਦੂ ਮੱਤ ਬਾਰੇ ਇਹ ਵੀ ਪ੍ਰਚਲਤ ਹੈ ਕਿ ਇਸ ਨੇ ਕਈ ਵਿਰੋਧੀ ਮੱਤਾਂ ਨੂੰ ਕਲਾਵੇ ਵਿਚ ਲੈ ਕੇ ਹੀ ਘੁੱਟ ਕੇ ਮਾਰ ਦਿੱਤਾ ਹੈ। ਇਸੇ ਤਰ੍ਹਾਂ ਜੇ ਸਿਰਫ਼ ਪੰਜਾਬ ਦੇ ਹੀ ਇਤਿਹਾਸ ਨੂੰ ਲਈਏ ਤਾਂ ਇਥੇ ਕਈ ਕਬੀਲੇ ਹਮਲਾਵਰ ਬਣ ਕੇ ਆਏ, ਪਰ ਜੇਤੂ ਹੋ ਕੇ ਵੀ ਇਥੋਂ ਦੇ ਸਥਾਨਕ ਸਭਿਆਚਾਰ ਦਾ ਅੰਗ ਬਣ ਕੇ ਰਹਿ ਗਏ।

ਇਹ ਸਾਰਾ ਕੁਝ ਸਭਿਆਚਾਰੀਕਰਨ ਦੇ ਅਮਲ ਦੇ ਅਧਿਐਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੀ ਪ੍ਰਗਟ ਕਰਦਾ ਹੈ। ਇਸ ਅਧਿਐਨ ਦੇ ਅਸੀਂ ਕੋਈ ਇਕ ਸਰਬ-ਵਿਆਪਕ ਫ਼ਾਰਮੂਲਾ ਨਹੀਂ ਲੱਭ ਸਕਦੇ। ਹਰ ਅਮਲ ਦਾ ਆਪਣੇ ਆਪ ਵਿਚ ਠੋਸ ਇਤਿਹਾਸਕ ਸੰਦਰਭ ਵਿਚ ਰੱਖ ਕੇ ਅਧਿਐਨ ਕੀਤਾ ਜਾਣਾ ਜ਼ਰੂਰੀ ਹੈ।

ਇਸ ਅਮਲ ਦੇ ਸਿੱਟੇ ਕਦੀ ਵੀ ਇਕਪਾਸੜ ਨਹੀਂ ਹੁੰਦੇ। ਇਸ ਅਮਲ ਵਿਚ ਸ਼ਾਮਲ ਦੋਹਾਂ ਸਭਿਆਚਾਰਾਂ ਵਿਚ ਹੀ ਤਬਦੀਲੀਆਂ ਆਉਂਦੀਆਂ ਹਨ, ਭਾਵੇਂ ਇਕ ਪਾਸੇ ਇਹ ਤਬਦੀਲੀ ਬਹੁਤ ਉਘੜਵੀਂ ਹੋਵੇ ਅਤੇ ਦੂਜੇ ਪਾਸੇ ਨਾਮ-ਮਾਤਰ ਹੀ ਹੋਵੇ। ਇਸ ਅਮਲ ਦਾ ਚਰਮ-ਸਿੱਟਾ ਇਕ ਸਭਿਆਚਾਰਕ ਦੇ ਦੂਜੇ ਸਭਿਆਚਾਰ ਵਿਚ ਜਜ਼ਬ ਹੋ ਜਾਣ ਵਿਚ ਵੀ

62