ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਲ ਵਿਚ ਇਹ ਸਾਰੇ ਹੀ ਅਮਲ ਪੱਛਮੀ, ਖ਼ਾਸ ਕਰਕੇ ਯੂਰਪੀ, ਕੌਮਾਂ ਵਲੋਂ ਅਵਿਕਸਤ ਜਾਂ ਵਿਕਾਸਸ਼ੀਲ ਦੇਸ਼ਾਂ ਦੇ ਸਭਿਆਚਾਰਾਂ ਨੂੰ ਆਪਣੇ ਪ੍ਰਭਾਵ-ਖੇਤਰ ਵਿਚ ਲਿਆਉਣ ਦੇ ਯਤਨਾਂ ਦਾ ਸਿੱਟਾ ਸਨ, ਅਤੇ ਅਜੇ ਵੀ ਹਨ। ਇਹਨਾਂ ਯਤਨਾਂ ਪਿੱਛੇ ਕੇਵਲ ਇੱਕੋ ਵਿਚਾਰ ਕੰਮ ਕਰ ਰਿਹਾ ਹੁੰਦਾ ਹੈ ― ਯੂਰਪੀ ਜਾਂ ਪੱਛਮੀ ਸਰਵੁੱਚਤਾ ਦਾ ਵਿਚਾਰ, ਜਿਸ ਨੂੰ ਉਹ ਆਪਣੀਆਂ ਪਦਾਰਥਕ ਖੇਤਰ ਵਿਚਲੀਆਂ ਪ੍ਰਾਪਤੀਆਂ ਦੇ ਬਲ ਉਤੇ ਹਕੀਕਤ ਬਣਾ ਕੇ ਪੇਸ਼ ਕਰ ਸਕਦੇ ਹਨ।

ਅੱਜ ਵਿਕਸਤ ਸੰਚਾਰ-ਸਾਧਨਾਂ ਦੇ ਸਿੱਟੇ ਵਜੋਂ, ਅਸੀਂ ਕਹਿ ਸਕਦੇ ਹਾਂ ਕਿ ਸਭਿਆਚਾਰੀਕਰਨ ਦਾ ਅਮਲ ਸੰਸਾਰ-ਵਿਆਪੀ ਰੂਪ ਧਾਰਨ ਕਰ ਗਿਆ ਹੈ ਅਤੇ ਸਭਿਆਚਾਰਕ ਪਰਿਵਰਤਨ ਅੰਸ਼ਾਂ ਦੇ ਖਿੰਡਾਅ ਤੱਕ ਸੀਮਿਤ ਨਹੀਂ ਰਹਿ ਗਿਆ, ਭਾਵੇਂ ਦੋ ਸਭਿਆਚਾਰਾਂ ਦੇ ਜਨ-ਸਮੂਹਾਂ ਦਾ ਸਿੱਧਾ ਹੋਂਦ ਦੀ ਪੱਧਰ ਉਤੇ ਸੰਪਰਕ ਨਾ ਵੀ ਹੋਵੇ। ਜ਼ੋਰਾਵਰ ਕੌਮਾਂ ਆਪਣੀਆਂ ਪਦਾਰਥਕ ਪ੍ਰਾਪਤੀਆਂ ਦੇ ਬਲ-ਬੁੱਤੇ ਉਤੇ ਸ਼ਕਤੀਸ਼ਾਲੀ ਸੰਚਾਰ-ਸਾਧਨਾਂ ਨੂੰ ਵਰਤ ਕੇ ਦੂਜੀਆਂ ਕੌਮਾਂ ਦੇ ਪੂਰੇ ਦੇ ਪੂਰੇ ਸਭਿਆਚਾਰਾਂ ਨੂੰ ਪ੍ਰਭਾਵਤ ਕਰਨ, ਆਪਣੇ ਪ੍ਰਭਾਵ-ਖੇਤਰ ਵਿਚ ਲਿਆਉਣ ਅਤੇ ਉਹਨਾਂ ਦੀ ਆਪਣੀ ਪਛਾਣ ਖ਼ਤਮ ਕਰਨ ਦੇ ਯਤਨ ਕਰ ਰਹੀਆਂ ਹਨ। ਇਸੇ ਕਰਕੇ 'ਸਭਿਆਚਾਰਕ ਸਾਮਰਾਜ' ਦਾ ਬੋਲਾ ਵੀ ਹੋਂਦ ਵਿਚ ਆ ਗਿਆ ਹੈ, ਜਿਸ ਦੇ ਖ਼ਿਲਾਫ਼ ਵਿਕਾਸਸ਼ੀਲ ਦੇਸ਼ ਘੋਲ ਕਰ ਰਹੇ ਹਨ; ਅਤੇ ਆਪਣੀ ਆਪਣੀ ਵੱਖਰੀ ਸਭਿਆਚਾਰਕ ਪਛਾਣ ਨੂੰ ਕਾਇਮ ਰੱਖਣ ਲਈ ਆਪਣੇ ਯਤਨ ਸਾਂਝੇ ਕਰ ਰਹੇ ਹਨ।

ਉਪਰੋਕਤ ਸਾਰੇ ਕਾਰਨਾਂ ਨੂੰ ਜਾਣਨ ਤੋਂ ਮਗਰੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਸਭਿਆਚਾਰ ਵਿਚ ਸਮੁੱਚੇ ਤੌਰ ਉਤੇ ਇੱਕੋ ਵੇਲੇ ਤਬਦੀਲੀ ਆਉਂਦੀ ਹੈ, ਜਾਂ ਕਿ ਇਸ ਦੇ ਕਿਸੇ ਇਕ ਅੰਗ ਜਾਂ ਕਿਸੇ ਇਕ ਅੰਸ਼ ਵਿਚ ਪਹਿਲਾਂ ਤਬਦੀਲੀ ਆਉਂਦੀ ਹੈ, ਅਤੇ ਫਿਰ ਬਾਕੀ ਅੰਗਾਂ ਅਤੇ ਅੰਸ਼ਾਂ ਤੱਕ ਪੁੱਜਦੀ ਹੈ? ਜੇ ਪਿਛਲੀ ਗੱਲ ਠੀਕ ਹੋਵੇ, ਤਾਂ ਕਿਹੜੇ ਅੰਗ ਵਿਚ ਪਹਿਲਾਂ ਤਬਦੀਲੀ ਆਉਂਦੀ ਹੈ? ਕੀ ਹਰ ਪਰਿਵਰਤਨ ਇੱਕੋ ਜਿੰਨਾ ਹੀ ਮਹੱਤਵਪੂਰਨ ਹੁੰਦਾ ਹੈ, ਜਾਂ ਕਿ ਕੋਈ ਅੰਗ ਵਧੇਰੇ ਮਹੱਤਵਪੂਰਨ ਵੀ ਹੈ, ਜਿਸ ਵਿਚ ਆਉਂਦੀ ਤਬਦੀਲੀ ਬੁਨਿਆਦੀ ਤਬਦੀਲੀ ਅਖਵਾਇਗੀ ਅਤੇ ਪ੍ਰਥਮ ਮਹੱਤਤਾ ਰੱਖਦੀ ਹੋਵੇਗੀ? ਫਿਰ, ਕੀ ਇਹ ਤਬਦੀਲੀ ਹਮੇਸ਼ਾ ਮਾਤ੍ਰਿਤ ਤਬਦੀਲੀ ਹੀ ਹੁੰਦੀ ਹੈ ਜਾਂ ਕਿ ਗੁਣਾਤਮਕ ਵੀ ਹੁੰਦੀ ਹੈ? ਜੇ ਗੁਣਾਤਮਕ ਤਬਦੀਲੀ ਵੀ ਆਉਂਦੀ ਹੈ (ਕਿਉਂਕਿ ਜੇ ਗੁਣਾਤਮਕ ਫ਼ਰਕ ਨਾ ਹੋਵੇ ਤਾਂ ਸਭਿਆਚਾਰ ਦੇ ਇਤਿਹਾਸਕ ਪੜਾਵਾਂ ਦਾ ਕੋਈ ਅਰਥ ਨਹੀਂ ਰਹਿੰਦਾ, ਜਿਨ੍ਹਾਂ ਉਪਰ ਅਸੀਂ ਜ਼ੋਰ ਦੇਂਦੇ ਆ ਰਹੇ ਹਾਂ।) ਤਾਂ ਇਸ ਦਾ ਲੱਛਣ ਕੀ ਹੁੰਦਾ ਹੈ?

ਇਹਨਾਂ ਸਾਰੇ ਸਵਾਲਾਂ ਦਾ ਹਾਂ ਸਭਿਆਚਾਰਕ ਪਰਿਵਰਤਨ ਦੇ ਉਪਰੋਕਤ ਸਾਰੇ ਸਿਧਾਂਤ ਜਵਾਬ ਨਹੀਂ ਦੇਂਦੇ। ਅਸਿੱਧੇ ਤੌਰ ਉਤੇ ਸਿੱਟੇ ਕੱਢੇ ਜਾ ਸਕਦੇ ਹਨ ਕਿ

64