ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਭਿਆਚਾਰ ਬਦਲਦਾ ਹੈ, ਤਰੱਕੀ ਕਰਦਾ ਹੈ, ਵਿਕਾਸ ਕਰਦਾ ਹੈ। ਸਭਿਆਚਾਰ ਵਿਚ ਗੁਣਾਤਮਕ ਪਰਿਵਰਤਨ ਵੀ ਆਉਂਦਾ ਹੈ, ਪਰ ਇਸ ਨੂੰ ਪਰਿਭਾਸ਼ਿਤ ਕੀਤਾ ਗਿਆ ਬਹੁਤ ਘੱਟ ਮਿਲਦਾ ਹੈ, ਸਿਵਾਇ ਮੁੱਢਲੇ ਪੜਾਵਾਂ ਦੇ। ਇਸੇ ਤਰ੍ਹਾਂ ਵੱਖੋ ਵੱਖਰੀਆਂ ਗੁਣਾਤਮਕ ਤਬਦੀਲੀਆਂ ਦੇ ਵਿਚਲੇ ਦੌਰਾਂ ਦਾ ਕੋਈ ਵਿਗਿਆਨਿਕ ਸਮਾਨੀਕਰਨ ਨਹੀਂ ਮਿਲਦਾ।

ਇਕ ਗੱਲ ਦਾ ਜ਼ਿਕਰ ਸਮਾਜ-ਵਿਗਿਆਨ ਅਤੇ ਮਾਨਵ-ਵਿਗਿਆਨ ਦੀਆਂ ਕਿਤਾਬਾਂ ਵਿਚ ਜ਼ਰੂਰ ਮਿਲਦਾ ਹੈ, ਕਿ ਸਭਿਆਚਾਰ ਦੇ ਵੱਖੋ-ਵੱਖਰੇ ਅੰਗ ਵੱਖ ਵੱਖ ਗਤੀ ਨਾਲ ਬਦਲਦੇ ਹਨ। ਇਸ ਨਾਲ ਜੋ ਅਸੰਤੁਲਨ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ, ਉਸ ਨੂੰ ਵਿਲੀਅਮ ਫ਼.ਆਰਬਰਨ ਦੇ ਸ਼ਬਦਾਂ ਵਿਚ 'ਸਮਾਜਕ-ਸਭਿਆਚਾਰਕ ਪਛੜੇਵੇਂ ਦੀ ਅਵਸਥਾ' ਕਿਹਾ ਜਾਂਦਾ ਹੈ। ਜਿਸ ਵੇਲੇ ਇਕ ਅੰਗ ਵਿਚ ਗਤੀ ਤੇਜ਼ ਹੋਵੇ, ਤਾਂ ਜਿਨ੍ਹਾਂ ਅੰਗਾਂ ਵਿਚ ਗਤੀ ਧੀਮੀ ਹੁੰਦੀ ਹੈ, ਉਹਨਾਂ ਨੂੰ ਸਭਿਆਚਾਰਕ ਪਛੜੇਵੇਂ ਦੀ ਅਵਸਥਾ ਵਿਚ ਦੱਸਿਆ ਜਾਂਦਾ ਹੈ। ਕਈ ਵਾਰੀ ਇਸ ਅਸੰਤੁਲਤ ਗਤੀ ਦੀਆਂ ਜੋ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ, ਉਹ ਵਧੇਰੇ ਮਹੱਤਵਪੂਰਨ ਨਹੀਂ ਹੁੰਦੀਆਂ, ਜਿਵੇਂ ਕਿ ਆਗਬਰਨ ਅਤੇ ਨਿਮਕਾਫ਼ ਨੇ ਆਪਣੀ ਪੁਸਤਕ 'ਏ ਹੈਂਡਬੁੱਕ ਆਫ਼ ਸੋਸ਼ਿਆਲੋਜੀ' ਵਿਚ ਸ਼ਹਿਰੀ ਵੱਸੋਂ ਦੇ ਵਧਣ-ਘਟਣ ਅਤੇ ਉਸ ਅਨੁਸਾਰ ਵੱਸੋਂ/ਪੁਲੀਸ ਦੀ ਤਨਾਸਬ ਵਿਚ ਪੈਦਾ ਹੁੰਦੇ ਅਸੰਤੁਲਨ ਦਾ ਜ਼ਿਕਰ ਕੀਤਾ ਹੈ।4 ਜੇ ਮਹੱਤਵਪੂਰਨ ਉਦਾਹਰਣਾਂ ਦਿੱਤੀਆਂ ਵੀ ਹਨ, ਤਾਂ ਉਸ ਪਛੜੇਵੇਂ ਦੇ ਕਾਰਨਾਂ ਵੱਲ, ਅਤੇ ਅਸੰਤੁਲਨ ਨੂੰ ਖ਼ਤਮ ਕਰਨ ਦੇ ਢੰਗਾਂ ਵੱਲ ਸੰਕੇਤ ਨਹੀਂ ਮਿਲਦਾ। ਕੇਵਲ ਵਰਨਣ ਹੈ, ਜਿਵੇਂ ਕਿ "ਟੈਕਨਾਲੋਜੀ ਆਧੁਨਿਕ ਸਮਾਜ ਵਿਚ ਭਿਆਨਕ ਹੱਦ ਤੱਕ ਸਭਿਆਚਾਰਕ ਪਛੜੇਵੇਂ ਵਰਗਾ ਅਸੰਤੁਲਨ ਜਮ੍ਹਾਂ ਕਰੀ ਜਾ ਰਹੀ ਹੈ।" ਜਿਥੇ ਇਲਾਜ ਦਿੱਤੇ ਵੀ ਹੁੰਦੇ ਹਨ, ਉਹ ਅਸਲ ਵਿਚ ਇਲਾਜ ਨੂੰ ਟਾਲਣ ਵਰਗੇ ਹੁੰਦੇ ਹਨ। ਜਿਵੇਂ ਕਿ ਐਟਮ ਬੰਬ ਦਾ ਇਲਾਜ ਇਹ ਨਹੀਂ ਕਿ ਹਵਾਈ ਹਮਲਿਆਂ ਤੋਂ ਸ਼ਹਿਰਾਂ ਦੀ ਰਾਖੀ ਦਾ ਪ੍ਰਬੰਧ ਕੀਤਾ ਜਾਏ, ਜਿਸ ਇਲਾਜ ਨੂੰ ਕਿ ਸਮਾਜ-ਵਿਗਿਆਨੀ ਖ਼ੁਦ ਹੀ ਬੇਹੱਦ ਮੁਸ਼ਕਲ ਦੱਸਦੇ ਹਨ, ਜੇ ਅਸੰਭਵ ਨਹੀਂ ਤਾਂ। ਨਾ ਹੀ ਇਸ ਦਾ ਇਲਾਜ ਇਹ ਹੈ ਕਿ ਵੱਸੋਂ ਨੂੰ ਸ਼ਹਿਰਾਂ ਤੋਂ ਬਾਹਰ ਖਿੰਡਾਅ ਦਿੱਤਾ ਜਾਏ, ਜਿਸ ਨੂੰ ਉਹ ਆਪ ਹੀ ਅਸੰਭਵ ਦੱਸਦੇ ਹਨ। ਅਸਲ ਵਿਚ ਅਸੰਤੁਲਨ ਹਮਲੇ ਦੇ ਹਥਿਆਰਾਂ (ਐਟਮ ਬੰਬ) ਅਤੇ ਉਸ ਤੋਂ ਬਚਾਅ ਦੇ ਸਾਧਨਾਂ (ਹਵਾਈ ਬਚਾਅ, ਜਾਂ ਵੱਸੋਂ ਨੂੰ ਖਿਲੇਲਨਾ) ਵਿਚਕਾਰ ਨਹੀਂ। ਅਸੰਤੁਲਨ ਮਨੁੱਖ ਦੇ ਹੱਥ ਵਿਚ ਪਦਾਰਥਕ ਸ਼ਕਤੀ ਆਉਣ, ਪਰ ਉਸ ਦੇ ਅਨੁਕੂਲ ਪ੍ਰਤਿਮਾਨਿਕ ਸਭਿਆਚਾਰ ਨਾ ਹੋਣ ਵਿਚ ਹੈ। ਗੱਲ ਇਹ ਨਹੀਂ ਕਿ ਐਟਮ ਬੰਬ ਤੋਂ ਰਾਖੀ ਕੀਤੀ ਜਾਏ, ਜੋ ਕਿ ਅਸੰਭਵ ਹੈ। ਮਸਲਾ ਇਹ ਹੈ ਕਿ ਐਟਮੀ ਸ਼ਕਤੀ ਦਾ ਪ੍ਰਯੋਗ ਬੰਬ ਦੇ ਰੂਪ ਵਿਚ ਨਹੀਂ, ਸਗੋਂ ਸਿਰਜਣਾਤਮਕ ਸ਼ਕਤੀ ਦੇ ਰੂਪ ਵਿਚ ਮਨੁੱਖੀ ਹਿੱਤਾਂ ਵਿਚ ਕੀਤਾ ਜਾਏ। ਇਸ ਅਸੰਤੁਲਨ ਦਾ ਉਪਰੋਕਤ ਪੇਸ਼ਕਾਰੀ ਵਿਚ ਕੋਈ ਜ਼ਿਕਰ ਨਹੀਂ ਮਿਲਦਾ।

65