ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਏਨੀ ਸੌਖੀ ਨਹੀਂ। ਕਦੀ ਬਦਲੇ ਹਾਲਾਤ ਨਾਲ ਹੋਂਦ ਵਿਚ ਆਈਆਂ ਸ਼ਕਤੀਆਂ, ਹਾਲਾਤ ਦੀ ਅਗਲੇਰੀ ਤਬਦੀਲੀ ਦੇ ਨਾਲ ਆਪੇ ਬਦਲਣ ਦੀ ਇੱਛਾ ਨਹੀਂ ਰਖਦੀਆ ਹੁੰਦੀਆਂ, ਸਗੋਂ ਹਾਲਾਤ ਨੂੰ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਕਰਕੇ ਕੋਈ ਹੰਗਾਮਾਖ਼ੋਜ਼ ਪਰਿਵਰਤਨ ਹੀ ਮੁੜ ਇਹ ਸੰਤੁਲਨ ਕਾਇਮ ਕਰ ਸਕਦਾ ਹੈ।

ਅੱਜ ਦੀ ਸੰਸਾਰ ਅਵਸਥਾ ਵਿਚ ਬਹੁਤ ਸਾਰੇ ਘੋਲ ਸਭਿਆਚਾਰਕ ਪਿੜ੍ਹ ਵਿਚ ਘੁਲੇ ਜਾਂਦੇ ਹਨ। ਕੌਮੀ ਸਭਿਆਚਾਰਾਂ ਦੇ ਖੇਤਰ ਵਿਚ ਵੀ ਚਲ ਰਹੇ ਅਮਲ ਕੌਮਾਂਤਰੀ ਪਿੜ੍ਹ ਵਿਚ ਚੱਲ ਰਹੇ ਅਮਲਾਂ ਤੋਂ ਪ੍ਰਭਾਵਤ ਹੁੰਦੇ ਹਨ। ਨਵੇਂ ਆਜ਼ਾਦ ਹੋਏ ਅਤੇ ਵਿਕਾਸਸ਼ੀਲ ਦੇਸ਼ਾਂ ਸਾਹਮਣੇ ਆਪਣੇ ਮਸਲੇ ਹਨ। ਜੇ ਇੱਕੋ ਹੀ ਉਦਾਹਰਣ ਲਈ ਜਾਏ, ਤਾਂ ਅੱਜ ਆਜ਼ਾਦੀ ਤੋਂ ਮਗਰੋਂ ਸਭਿਆਚਾਰਾਂ ਦੀ ਅਨੇਕਤਾ ਅਤੇ ਕੌਮੀ ਏਕਤਾ ਵਿਚਕਾਰ ਇਕ ਸੰਤੁਲਨ ਕਾਇਮ ਕਰਨ ਦੀ ਸਮੱਸਿਆ ਹੈ। ਕੁਦਰਤੀ ਤੌਰ ਉਤੇ ਇਸ ਦਾ ਕੋਈ ਫ਼ਾਸ਼ਿਸਟ ਹਲ ਨਹੀਂ ਹੋ ਸਕਦਾ, ਕਿ ਕੌਮੀ ਏਕਤਾ ਦੇ ਨਾਂ ਉਤੇ ਸਭਿਆਨਕ ਅਨੇਕਤਾ ਨੂੰ ਖ਼ਤਮ ਕਰ ਦਿੱਤਾ ਜਾਏ। ਇਸ ਸਮੱਸਿਆ ਦਾ ਵਿਹਾਰਕ ਰੂਪ ਵਿਚ ਕੋਈ ਸੰਤੁਲਤ ਹਲ ਲੱਭਣ ਵਿਚ ਦੇਰੀ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਅੰਤਰ-ਵਿਰੋਧ ਖੜੇ ਕਰ ਦੇਂਦੀ ਹੈ, ਜਿਨ੍ਹਾਂ ਤੋਂ ਲਾਭ ਉਠਾਉਣ ਲਈ ਕੌਮਾਂਤ੍ਰੀ ਪਿੜ ਵਿਚਲੀਆਂ ਸ਼ਕਤੀਆਂ ਵੀ ਉਤਸੁਕ ਹੋ ਸਕਦੀਆਂ ਹਨ। ਪੰਜਾਬ ਦੀ ਸਥਿਤੀ ਇਸ ਦੀ ਇਕ ਉਦਾਹਰਣ ਹੈ।

ਸਭ ਤੋਂ ਵੱਡੀ ਲੋੜ ਸਭਿਆਚਾਰਕ ਖੇਤਰ ਵਿਚ ਵਾਪਰ ਰਹੇ ਅਮਲਾਂ ਨੂੰ ਸਮਝਣ ਤੇ ਚੰਗੇ ਪਾਸੇ ਵੱਲ ਪਰਿਵਰਤਨ ਲਿਆਉਣ ਦੀ ਹੈ। ਕਦਰਾਂ-ਕੀਮਤਾਂ ਤੋਂ ਮੁਕਤ ਨਿਰਣਿਆਂ ਅਤੇ ਅਧਿਐਨਾਂ ਨੂੰ ਪੱਛਮੀ ਸਮਾਜ-ਵਿਗਿਆਨਕ ਅਤੇ ਮਾਨਵ-ਵਿਗਿਆਨਕ ਅਧਿਐਨਾਂ ਦਾ ਪ੍ਰਧਾਨ ਲਕਸ਼ ਵੀ ਦੱਸਿਆ ਜਾਂਦਾ ਹੈ, ਅਤੇ ਇਸ ਨੂੰ ਪ੍ਰਤਿਮਾਨਕ ਮਹੱਤਤਾ ਵੀ ਦਿੱਤੀ ਜਾਂਦੀ ਹੈ, ਕਿਉਕਿ ਇਸ ਨੂੰ ਵਸਤੁਪਕ ਅਤੇ ਵਿਗਿਆਨਕ ਹੌਣਾ ਸਮਝਿਆਂ ਜਾਂਦਾ ਹੈ। ਪਰ ਅਸਲ ਵਿਚ ਸਮਾਜ-ਵਿਗਿਆਨਾਂ ਵਿਚ ਕਦਰਾਂ-ਕੀਮਤਾਂ ਤੋਂ ਮੁਕਤ ਨਿਰਣੇ ਅਤੇ ਅਧਿਐਨ ਇਹਨਾ ਵਿਗਿਆਨਾਂ ਦੀ ਮਜਬੂਰੀ ਜਾਂ ਅਵਸ਼ਕਤਾਂ ਨਹੀਂ, ਉਸ ਸਥਿਤੀ ਦੀ ਮਜਬੂਰੀ ਅਤੇ ਅਵਸ਼ਕਤਾ ਹੁੰਦੀ ਹੈ, ਜਿਸ ਵਿਚ ਇਹ ਅਧਿਐਨ ਕੀਤੇ ਜਾ ਰਹੇ ਹੁੰਦੇ ਹਨ। ਵਿਕਾਸਸ਼ੀਲ ਦੇਸ਼ਾਂ ਦੀ ਸਥਿਤੀ ਦੀ ਮਜਬੂਰੀ ਅਤੇ ਅਵਸ਼ਕਤਾ ਇਹ ਨਹੀਂ, ਸਗੋਂ ਇਸ ਦੇ ਉਲਟ, ਇਹ ਹੈ ਕਿ ਹਰ ਨਿਰਣੇ ਅਤੇ ਅਧਿਐਨ ਦਾ ਮੁਲੰਕਣ ਕਰ ਕੇ ਇਸ ਨੂੰ ਸਮਾਜਕ-ਸਭਿਆਚਾਰਕ ਵਿਕਾਸ ਦੇ ਵਾਸਤੇ ਵਰਤੋਂ ਵਿਚ ਲਿਆਂਦਾ ਜਾਏ। ਸਭਿਰਾਚਾਰਕ ਪਰਿਵਰਤਨ ਦੇ ਨਿਯਮ ਲੱਭ ਕੇ ਉਹਨਾਂ ਨੂੰ ਲਾਗੂ ਕਰਨਾ ਹੀ ਉਹਨਾਂ ਦੇ ਭਲੇ ਵਿਚ ਜਾਂਦਾ ਹੈ।

67