ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਿਸਟਮਾਂ (ਬੈਂਕ, ਕਮਿਸ਼ਨ, ਸਕੂਲ, ਸਰਕਾਰ) ਅਤੇ ਵਸੀਲਿਆਂ (ਟੈਲੀਫ਼ੂਨ, ਰੇਲ, ਸੜਕਾਂ, ਇਮਾਰਤਾਂ) ਤੱਕ ਸਭ ਕੁਝ ਆ ਜਾਂਦਾ ਹੈ। ਇਸ 'ਮੈਕਾਨਿਜ਼ਮ' ਅਤੇ ਸੰਗਠਨ ਨੂੰ ਉਹਨਾਂ ਨੇ 'ਬੁਨਿਆਦੀ ਟੈਕਨਾਲੋਜੀ' ਅਤੇ 'ਸਮਾਜਕ ਟੈਕਨਾਲੋਜੀ' ਵਿਚ ਵੰਡਿਆ ਹੈ। ਪ੍ਰਕਿਰਤਿਕ ਵਿਗਿਆਨਾਂ ਦੇ ਖੇਤਰ ਨੂੰ 'ਬੁਨਿਆਦੀ ਟੈਕਨਾਲੋਜੀ' ਵਿਚ ਰੱਖਿਆ ਗਿਆ ਹੈ, ਜਦ ਕਿ 'ਸਮਾਜਕ ਟੈਕਨਾਲੋਜੀ' ਨੂੰ ਅੱਗੇ 'ਆਰਥਕ ਟੈਕਨਾਲੋਜੀ' (ਆਰਥਕ ਵਰਤਾਰਿਆਂ ਉੱਤੇ ਨਿਯੰਤਰਣ ਰੱਖਣ ਦੇ ਸਾਧਨ) ਅਤੇ 'ਰਾਜਨੀਤਕ ਟੈਕਲਾਲੋਜੀ' (ਮਨੁੱਖੀ ਸੰਬੰਧਾਂ ਉੱਤੇ ਨਿਯੰਤਰਣ ਰੱਖਣ ਦੇ ਸਾਧਨ) ਵਿਚ ਵੰਡਿਆ ਗਿਆ ਹੈ। ਇਸ ਸਾਰੀ ਵੰਡ ਦੇ ਆਧਾਰ ਉੱਤੇ ਹੀ ਇਹਨਾਂ ਨੇ ਅੱਗੇ ਜਾ ਕੇ ਸਭਿਆਚਾਰ ਅਤੇ ਸਭਿਅਤਾ ਦੇ ਅੰਤਰ-ਸੰਬੰਧਾਂ ਅਤੇ ਅੰਤਰ-ਕਿਰਿਆਵਾਂ ਨੂੰ ਵਿਸਥਾਰ ਵਿਚ ਉਲੀਕਿਆ ਹੈ।

ਸਮੁੱਚੇ ਤੌਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਭਾਵੇਂ ਸਭਿਆਚਾਰ ਅਤੇ ਸਭਿਅਤਾ ਨੂੰ ਕਈ ਵਿਦਵਾਨਾਂ ਨੇ ਸਮਾਨਾਰਥਕ ਸ਼ਬਦਾਂ ਵਜੋਂ ਵਰਤਿਆ ਹੈ, ਤਾਂ ਵੀ ਇਹ ਮੰਨਣਾ ਕਠਿਨ ਹੈ ਕਿ ਇਹ ਦੋਵੇਂ ਸ਼ਬਦ ਇੱਕੋ ਤਰ੍ਹਾਂ ਦੇ ਵਰਤਾਰੇ ਨੂੰ ਹੀ ਪੇਸ਼ ਕਰਦੇ ਹਨ। ਭਾਵੇਂ ਇਹ ਵੀ ਠੀਕ ਹੈ ਕਿ ਇਹਨਾਂ ਦੋਹਾਂ ਵਿਚ ਕੋਈ ਸਰਬ-ਪ੍ਰਵਾਨਿਤ ਅਤੇ ਪ੍ਰਮਾਣੀਕ ਅਰਥ-ਨਿਖੇੜ ਕੀਤਾ ਗਿਆ ਨਹੀਂ ਮਿਲਦਾ, ਜਿਹੜਾ ਵਿਗਿਆਨਕ ਨਿਸ਼ਚਿਤਤਾ ਰੱਖਦਾ ਹੋਵੇ। ਸਭਿਅਤਾ ਦੇ ਅੰਗਰੇਜ਼ੀ ਸਮਾਨਾਰਥਕ ਸ਼ਬਦ ਤੋਂ ਇੱਕ ਗੱਲ ਨਿਸਚਿਤ ਹੈ ਕਿ ਇਹ ਸ਼ਬਦ ਨਾਤੇਦਾਰੀ ਅਤੇ ਕਬੀਲਾ ਸੰਗਠਨ ਵਲੋਂ ਸ਼ਹਿਰੀ ਸੰਗਠਨ ਵੱਲ ਤਬਦੀਲੀ ਨੂੰ ਪੇਸ਼ ਕਰਦਾ ਹੈ, ਪਰ ਇਸ ਤਬਦੀਲੀ ਵਿਚ ਹੋਰ ਕੀ ਕੁਝ ਸ਼ਾਮਲ ਹੈ? ਇਸ ਬਾਰੇ ਅੰਦਾਜ਼ਾ ਹੀ ਹੈ। ਮੋਟੇ ਤੌਰ ਉੱਤੇ ਧੁੰਧਲਾ ਜਿਹਾ ਸੰਕਲਪ ਜ਼ਰੂਰ ਮਿਲਦਾ ਹੈ ਕਿ ਸਭਿਆਚਾਰ ਵਿਚ ਕੀ ਆਉਂਦਾ ਹੈ ਅਤੇ ਸਭਿਅਤਾ ਵਿਚ ਕੀ, ਪਰ ਵਿਗਿਆਨਕ ਨਿਸਚਿਤਤਾ ਅਜੇ ਨਹੀਂ ਮਿਲਦੀ। ਜੋ ਮੈਕਾਈਵਰ ਅਤੇ ਪੇਜ ਵਲੋਂ ਦਿੱਤੀ ਪਰਿਭਾਸ਼ਾ ਨੂੰ ਮੰਨ ਲਈਏ, ਤਾਂ ਸਭਿਅਤਾ ਵਿਚ 'ਉਪਯੋਗਤਾ' ਅਤੇ 'ਮੈਕਾਨਿਜ਼ਮ' (ਸਮਾਜਕ ਅਤੇ ਤਕਨੀਕੀ) ਬੁਨਿਆਦੀ ਪ੍ਰਵਰਗ ਬਣ ਜਾਂਦੇ ਹਨ, ਜਦ ਕਿ 'ਕਦਰਾਂ-ਕੀਮਤਾਂ, 'ਸਮਰੱਥਾਵਾਂ' ਅਤੇ 'ਵਿਹਾਰ ਤੇ ਪੈਟਰਨ' ਆਦਿ ਸਭਿਆਚਾਰ ਦੇ ਬੁਨਿਆਦੀ ਪ੍ਰਵਰਗ ਬਣ ਜਾਂਦੇ ਹਨ।

ਸਭਿਆਚਾਰ ਅਤੇ ਭੂਗੋਲ

ਭੂਗੋਲ ਤੋਂ ਸਾਡਾ ਭਾਵ ਕਿਸੇ ਸਭਿਆਚਾਰਕ ਖਿੱਤੇ ਦੀ ਇਲਾਕਾਈ ਸਥਿਤੀ ਅਤੇ ਉਸ ਖਿੱਤੇ ਜਾਂ ਇਲਾਕੇ ਵਿਚ ਧਰਤੀ ਦੇ ਉੱਪਰ ਅਤੇ ਹੇਠਾਂ ਮਿਲਦੀਆਂ ਪ੍ਰਕਿਰਤਿਕ ਹਾਲਤਾਂ ਤੋਂ ਹੈ।

70