ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਚੰਗੇਰਿਆਂ ਕੀਤਾ ਜਾ ਸਕਦਾ ਹੈ।

ਮਨੁੱਖ ਜੀਵ-ਵਿਗਿਆਨਕ ਲੋੜਾਂ (ਭੁੱਖ, ਕਾਮ, ਸਰੀਰਕ ਸੰਭਾਲ ਅਤੇ ਸੁਰੱਖਿਆ ਆਦਿ) ਅਤੇ ਇਹਨਾਂ ਨੂੰ ਪੂਰਿਆਂ ਕਰਨ ਦੀਆਂ ਸਮਰੱਥਾਵਾਂ ਲੈ ਕੇ ਪੈਦਾ ਹੁੰਦਾ ਹੈ, ਪਰ ਇਹ ਲੋੜਾਂ ਕਦੋਂ, ਕਿਵੇਂ ਅਤੇ ਕਿੰਨੀ ਮਾਤਰਾ ਵਿਚ ਪੂਰੀਆਂ ਹੋਣੀਆਂ ਹਨ, ਜਾਂ ਉਸ ਦੀਆਂ ਸਮਰੱਥਾਵਾਂ ਨੂੰ ਪੂਰਤੀ ਦੇ ਕਿੰਨੇ ਕੁ ਮੌਕੇ ਮਿਲਣੇ ਹਨ, ਇਸ ਦਾ ਫ਼ੈਸਲਾ ਉਸ ਦੇ ਸਭਿਆਚਾਰਕ ਮਾਹੌਲ ਨੇ ਕਰਨਾ ਹੁੰਦਾ ਹੈ। ਜਿਸ ਹਿਸਾਬ ਨਾਲ ਮਨੁੱਖ ਦਾ ਆਪਣੇ ਵਾਤਾਵਰਣ ਉੱਤੇ ਕਾਬੂ ਵਧਦਾ ਜਾਂਦਾ ਹੈ, ਉਸੇ ਹਿਸਾਬ ਨਾਲ ਉਹ ਜੀਵ-ਵਿਗਿਆਨਕ ਵਿਰਸੇ ਦੇ ਅਸਰਾਂ ਤੋਂ ਵੀ ਆਜ਼ਾਦ ਹੁੰਦਾ ਜਾਂਦਾ ਹੈ। ਜੈਨੇਟਿਕਸ ਅਤੇ ਯੂਜੇਨਿਕਸ ਦੀ ਉੱਨਤੀ ਨਾਲ ਮਨੁੱਖ ਆਪਣੇ ਜੀਵ-ਵਿਗਿਆਨਕ ਵਿਰਸੇ ਵਿਚਲੇ ਤੱਤਾਂ ਨੂੰ ਵੀ ਚੁਣਨ ਦੇ ਯੋਗ ਹੋ ਜਾਵੇਗਾ।

ਸਭਿਆਚਾਰ ਅਤੇ ਆਰਥਕਤਾ

ਸਭਿਆਚਾਰ ਇਕ ਨਿਰੰਤਰ ਵਗਦਾ ਦਰਿਆ ਹੈ। ਪਰ ਇਸ ਦੀ ਨਿਰੰਤਰਤਾ ਨੂੰ ਵੀ ਅਸੀਂ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਵਿਚ ਵੰਡ ਕੇ ਦੇਖਿਆ ਹੈ, ਜਿਸ ਨਾਲ ਸਭਿਆਚਾਰ ਦੇ ਅੰਸ਼ਾਂ ਨੂੰ ਇਤਿਹਾਸਕ ਸਾਪੇਖਤਾ ਮਿਲ ਜਾਂਦੀ ਹੈ। ਇਤਿਹਾਸਕ ਸਾਪੇਖਤਾ ਤੋਂ ਬਿਨਾਂ ਸੱਭਿਆਚਾਰ ਇੱਕ ਭਾਵਵਾਚੀ ਹੋਦ ਬਣ ਜਾਂਦਾ ਹੈ ਅਤੇ ਠੋਸ ਵਜੂਦ ਗੁਆ ਬੈਠਦਾ ਹੈ। ਸੱਚ, ਪਿਆਰ, ਇਨਸਾਫ਼ ਆਦਿ ਵਰਗੇ ਸਰਬ-ਵਿਆਪੀ ਅਤੇ ਸਦੀਵੀ ਸੰਕਲਪ ਵੀ ਸਮੇਂ ਅਤੇ ਸਥਾਨ ਦੀ ਸੀਮਾ ਅਨੁਸਾਰ ਆਪਣੇ ਅਰਥ-ਵਸਤੂ ਵਿਚ ਭਿੰਨਤਾ ਰਖਦੇ ਹਨ।

ਹੁਣ ਤੱਕ ਇਤਿਹਾਸਕ ਅਤੇ ਸਭਿਆਚਾਰਕ ਨਿਰੰਤਰਤਾ ਨੂੰ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਵਿਚ ਵੰਡਣ ਦਾ ਸਪਸ਼ਟ ਯਤਨ ਆਰਥਿਕ ਪੱਖੋਂ ਹੀ ਕੀਤਾ ਗਿਆ ਹੈ। ਇਸ ਅਨੁਸਾਰ ਹੁਣ ਤੱਕ ਦੇ ਮਨੁੱਖੀ ਇਤਿਹਾਸ ਵਿਚ ਪੰਜ ਮੁੱਖ ਆਰਥਕ ਬਣਤਰਾਂ ਨੂੰ ਨਿਖੇੜਿਆ ਗਿਆ ਹੈ: ਮੁੱਢਲਾ ਸਾਂਝਾ ਸਮਾਜ, ਗ਼ੁਲਾਮ-ਮਾਲਕੀ, ਸਾਮੰਤਵਾਦ, ਸਰਮਾਇਦਾਰੀ ਅਤੇ ਸਮਾਜਵਾਦ। ਹਰ ਆਰਥਕ ਬਣਤਰ ਵਿਚ ਵੱਖੋ-ਵੱਖਰੇ ਆਰਥਕ ਅੰਸ਼ਾਂ ਦੀ ਪ੍ਰਧਾਨਤਾ ਹੁੰਦੀ ਹੈ, ਜਿਸ ਅਨੁਸਾਰ ਪ੍ਰਧਾਨ ਆਰਥਕ ਰਿਸ਼ਤੇ ਰੂਪ ਧਾਰਦੇ ਹਨ ਅਤੇ ਪ੍ਰਧਾਨ ਕਦਰਾਂ-ਕੀਮਤਾਂ ਜਨਮ ਲੈਂਦੀਆਂ। ਉਦਾਹਰਣ ਵਜੋਂ, ਸਾਮੰਤਵਾਦ ਵਿਚ ਪ੍ਰਧਾਨ ਆਰਥਕ ਅੰਸ਼ ਭੂਮੀ-ਮਾਲਕੀ ਦਾ ਹੈ, ਜਿਹੜਾ ਸਾਰੇ ਆਰਥਿਕ ਰਿਸ਼ਤਿਆਂ ਨੂੰ ਰੂਪ ਦੇਂਦਾ ਹੈ। ਇਸ ਤਰ੍ਹਾਂ ਸਰਮਾਇਦਾਰੀ ਵਿਚ ਪ੍ਰਧਾਨ ਆਰਥਕ ਅੰਸ਼ ਸਰਮਾਇਆ ਅਤੇ ਇਸ ਦੀ ਵਿਅਕਤੀਗਤ ਮਾਲਕੀ ਹੈ, ਜਦ ਕਿ ਸਮਾਜਵਾਦ ਵਿਚ ਪ੍ਰਧਾਨ ਤੱਥ ਉਤਪਾਦਨ ਦੇ ਸਾਧਨਾਂ ਦੀ ਸਮਾਜਕ ਮਾਲਕੀ ਹੁੰਦਾ ਹੈ। ਇਹ ਪ੍ਰਧਾਨ ਆਰਥਕ ਸੰਬੰਧ ਆਪਣੇ ਅਨੁਕੂਲ ਕਦਰਾਂ-

76