ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀਮਤਾਂ ਸਿਰਜਦੇ ਹਨ। ਉਦਾਹਰਣ ਵਜੋਂ, ਸਰਮਾਇਦਾਰੀ ਵਿਚ ਜੇ ਧਨ ਇਕੱਠਾ ਕਰਨਾ ਅਤੇ ਵੱਧ ਤੋਂ ਵੱਧ ਉਤਪਾਦਨ ਦੇ ਸਾਧਨਾਂ ਨੂੰ ਵਿਅਕਤੀਗਤ ਮਾਲਕੀ ਹੇਠ ਲਿਆਉਣਾ ਕਾਨੂੰਨੀ ਤੌਰ ਉਤੇ ਇਕ ਆਗਿਆਯੋਗ ਕਿਰਿਆ ਹੈ, ਤਾਂ ਸਮਾਜਵਾਦ ਵਿਚ ਕਾਨੂੰਨੀ ਤੌਰ ਉਤੇ ਇਸ ਕਿਰਿਆ ਨੂੰ ਅਣਆਗਿਆਯੌਗ, ਸਗੋਂ ਸਜ਼ਾਯੋਗ, ਕਰਾਰ ਦਿੱਤਾ ਜਾਂਦਾ ਹੈ। ਕੁਦਰਤੀ ਤੌਰ ਉਤੇ ਇਹਨਾਂ ਚੀਜ਼ਾਂ ਦਾ ਮਨੁੱਖੀ ਰਿਸ਼ਤਿਆਂ ਉਤੇ ਵੀ ਅਸਰ ਹੁੰਦਾ ਹੈ।

ਇਸ ਵੰਡ ਅਨੁਸਾਰ ਉਪਰੋਕਤ ਆਰਥਕ ਬਣਤਰਾਂ ਇਸੇ ਤਰਤੀਬ ਵਿਚ ਇਕ ਦੂਜੀ ਦੀ ਥਾਂ ਲੈਦੀਆਂ ਹਨ। ਅੱਜ ਦੀਆਂ ਵਿਕਸਤ ਹਾਲਤਾਂ ਵਿਚ ਕਿਸੇ ਆਰਥਕ ਬਣਤਰ ਨੂੰ ਉਲੰਘਿਆ ਭਾਵੇਂ ਜਾ ਸਕਦਾ ਹੋਵੇ, ਪਰ ਇਹਨਾਂ ਦੀ ਤਰਤੀਬ ਨੂੰ ਨਹੀਂ ਬਦਲਿਆ ਜਾ ਸਕਦਾ। ਭਾਵੇਂ ਇਹਨਾਂ ਆਰਥਕ ਬਣਤਰਾਂ ਦੇ ਪ੍ਰਧਾਨ ਅੰਸ ਇਕ ਹੀ ਹੋਣਗੇ, ਤਾਂ ਵੀ ਇਹ ਬਣਤਰਾਂ ਸਮੇਂ ਅਤੇ ਸਥਾਨ ਦੀਆਂ ਸੀਮਾਂ ਤੋਂ ਨਿਰਪੇਖ ਨਹੀਂ ਹੁੰਦੀਆਂ। ਜ਼ਰੂਰੀ ਨਹੀਂ ਕਿ ਕਿਸੇ ਇਕ ਦੇਸ ਵਿਚ ਕੋਈ ਆਰਥਕ ਬਣਤਰ ਕਿਸੇ ਦੂਜੇ ਦੇਸ਼ ਦੀ ਉਸੇ ਤਰ੍ਹਾਂ ਦੀ ਆਰਥਿਕ ਬਣਤਰ ਨਾਲ ਆਪਣੇ ਸਾਰੇ ਵਿਸਥਾਰ ਵਿਚ ਇਕੋ ਜਿਹੀ ਹੋਵੇ। ਫਿਰ, ਕਿਸੇ ਦੇਸ ਜਾਂ ਸਮਾਜ ਦੀਆਂ ਪਰੰਪਰਾਵਾ ਵੀ ਗੁਣਾਤਮਕ ਬਦਲੀ ਦੇ ਢੰਗ ਅਤੇ ਨਵੇਂ ਰੂਪ ਨਿਸ਼ਚਿਤ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਜਿਸ ਦੇਸ਼ ਵਿਚ ਪੰਚਾਇਤੀ ਸੰਸਥਾਵਾਂ ਦੀ ਲੰਮੀ ਪਰੰਪਰਾ ਹੋਵੇਗੀ, ਉਥੇ ਇਹੀ ਸੰਸਥਾਵਾਂ ਗੁਣਾਤਮਕ ਤਬਦੀਲੀ ਲਿਆਉਣ ਦਾ ਵੀ ਸਾਧਨ ਬਣ ਸਕਦੀਆਂ ਹਨ।

ਇਸੇ ਤਰ੍ਹਾਂ, ਆਰਥਕ ਕਾਰਨ ਸਭਿਆਚਾਰ ਦੀ ਰੂਪ-ਰੇਖਾ ਨਿਸ਼ਚਿਤ ਕਰਨ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਪਰ ਇਹ ਸਭਿਆਚਾਰ ਨੂੰ ਨਿਰਧਾਰਤ ਕਰਨ ਵਾਲਾ ਇਕੋ ਇਕ ਕਾਰਨ ਨਹੀਂ ਹੁੰਦੇ। ਉੱਪਰ ਪੰਚਾਇਤੀ ਪਰੰਪਰਾਵਾਂ ਦਾ ਜ਼ਿਕਰ ਤੋਂ ਇਹ ਸੰਕੇਤ ਮਿਲ ਜਾਂਦਾ ਹੈ ਕਿ ਆਰਥਕ ਤੋਂ ਇਲਾਵਾ ਕੁਝ ਹੋਰ ਕਾਰਨ ਵੀ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ, ਭਾਵੇਂ ਇਤਿਹਾਸਕ ਦੌਰ ਦਾ ਖ਼ਾਸਾ ਉਸ ਸਮੇਂ ਦੇ ਆਰਥਿਕ ਸੰਬੰਧ ਹੀ ਨਿਸ਼ਚਿਤ ਕਰਦੇ ਹਨ।

ਸਭਿਆਚਾਰ ਦੇ ਕੁਝ ਪੱਖ ਹਨ, ਜਿਨ੍ਹਾਂ ਦਾ ਆਰਥਕਤਾ ਨਾਲ ਸਿੱਧਾ ਸੰਬੰਧ ਦੇਖਿਆ ਜਾ ਸਕਦਾ ਹੈ, ਖ਼ਾਸ ਕਰਕੇ ਰਾਜ ਦੇ ਖ਼ਾਸੇ ਅਤੇ ਰਾਜਨੀਤੀ ਦੇ ਖੇਤਰ ਵਿਚ। ਪਰ ਕੁੱਝ ਪੱਖ ਹਨ, ਜਿਨ੍ਹਾਂ ਦਾ ਆਰਥਕਤਾ ਨਾਲ ਸੰਬੰਧ ਸਤਹੀ ਅਤੇ ਨਾਮ-ਮਾਤਰ ਹੁੰਦਾ ਹੈ, ਜਿਵੇਂ ਕਿ ਭਾਸ਼ਾ। ਕੁਝ ਪੱਖ ਹਨ ਜਿਹੜੇ, ਸਦੀਵੀ ਨਿਰੰਤਰਤਾ ਦਾ ਅਤੇ ਇੱਕੋ ਰੂਪ ਵਿਚ ਜਾਰੀ ਰਹਿਣ ਦਾ ਪ੍ਰਭਾਵ ਦੇਂਦੇ ਹਨ, ਪਰ ਜੇ ਇਤਿਹਾਸਕ ਤੌਰ ਉਤੇ ਦੇਖਿਆ ਜਾਏ ਤਾਂ ਆਰਥਕ ਬਣਤਰਾਂ ਦੀ ਤਬਦੀਲੀ ਦਾ ਅਸਰ ਉਹਨਾਂ ਉਪਰ ਵੀ ਹੁੰਦਾ ਹੈ। ਇਥੇ ਅਸੀ ਧਰਮ ਅਤੇ ਪ੍ਰਵਾਰ ਦੀ ਉਦਾਹਰਣ ਲੈ ਸਕਦੇ ਹਾਂ।

77