ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਭਾਸ਼ਾ ਅਤੇ ਸਭਿਆਚਾਰ

ਭਾਸ਼ਾ ਅਤੇ ਸਭਿਆਚਾਰ ਵਿਚਕਾਰ ਸੰਬੰਧ ਏਨਾ ਸਰਲ ਨਹੀਂ ਜਿੰਨਾ ਸਮਝਿਆ ਜਾਂਦਾ ਰਿਹਾ ਹੈ। ਅੱਜ ਇੱਕਾ-ਦੁੱਕਾ ਮਿਸਾਲਾਂ ਐਸੀਆਂ ਵੀ ਮਿਲਦੀਆਂ ਹਨ ਜਦੋਂ ਕਿਸੇ ਕੌਮੀ ਸਭਿਆਚਾਰ ਵਿਚ ਇਕ ਤੋਂ ਵੱਧ ਭਾਸ਼ਾਵਾਂ ਨੂੰ ਇਕੋ ਜਿਹਾ ਦਰਜਾ ਪ੍ਰਾਪਤ ਹੁੰਦਾ ਹੈ ਅਤੇ ਭਾਸ਼ਾਈ ਆਧਾਰ ਉਪ-ਸਭਿਆਚਾਰਕ ਭੇਦਾਂ ਨੂੰ ਪ੍ਰਗਟ ਕਰਦੇ ਹਨ (ਜਿਵੇਂ ਕਿ ਸਵਿਟਜ਼ਰਲੈਂਡ ਵਿਚ)। ਪਰ ਇਸ ਨੂੰ ਪ੍ਰਤਿਨਿਧ ਵਰਤਾਰੇ ਵਜੋਂ ਨਹੀਂ ਲਿਆ ਜਾ ਸਕਦਾ, ਸਗੋਂ ਵਿਸ਼ੇਸ਼ ਤਰ੍ਹਾਂ ਦੇ ਇਤਿਹਾਸਕ ਵਿਕਾਸ ਦਾ ਸਿੱਟਾ ਹੀ ਸਮਝਣਾ ਚਾਹੀਦਾ ਹੈ ਇਸ ਤੋਂ ਬਿਲਕੁਲ ਵੱਖਰਾ ਇਤਿਹਾਸਕ ਵਰਤਾਰਾ ਵੀ ਦੇਖਣ ਵਿਚ ਆਉਂਦਾ ਹੈ, ਜਦੋਂ ਇੱਕੋ ਹੀ ਭਾਸ਼ਾ ਵੱਖੋ ਵੱਖਰੇ ਸਭਿਆਚਾਰ ਵਿਚ ਵਰਤੀ ਜਾਂਦੀ ਹੈ, ਜਿਵੇਂ ਕਿ ਅੰਗਰੇਜ਼ੀ। ਪਰ ਭਾਸ਼ਾ ਦੀ ਸਾਂਝ ਸਭਿਆਚਾਰਾਂ ਦੇ ਵਿਲੱਖਣ ਸਰੂਪ ਨੂੰ ਖ਼ਤਮ ਨਹੀਂ ਕਰਦੀ। ਅਮਰੀਕੀ, ਬਰਤਾਨਵੀ, ਵੈਸਟ-ਇੰਡੀਅਨ ਸਭਿਆਚਾਰ ਇਕ ਨਹੀਂ, ਸਗੋਂ ਆਪਣੀ ਅਪਣੀ ਸ੍ਵੈਧੀਨ ਹੋਂਦ ਰੱਖਦੇ ਹਨ।

ਸਾਧਾਰਨ ਤੌਰ ਉਤੇ, ਭਾਸ਼ਾ ਕਿਸੇ ਸਭਿਆਚਾਰ ਦੇ ਨਿਸਚਿਤਕਾਰੀ ਤੱਤਾਂ ਵਿਚੋਂ ਇਕ ਹੁੰਦੀ ਹੈ। ਜੇ ਦੋ ਵੱਖੋ ਵੱਖਰੇ ਸਭਿਆਚਾਰ ਇਕੋ ਹੀ ਭਾਸ਼ਾ ਨੂੰ ਵਰਤਦੇ ਹਨ, ਤਾਂ ਸਮਾਂ ਪਾ ਕੇ ਉਸੇ ਭਾਸ਼ਾ ਦੇ ਦੋ ਵੱਖ ਵੱਖ ਸਰੂਪ ਕਾਇਮ ਹੋ ਜਾਣਾ ਵੀ ਕੋਈ ਅਸੁਭਾਵਕ ਗੱਲ ਨਹੀਂ ਹੋਵੇਗੀ। ਸ਼ਬਦ-ਜੋੜਾਂ, ਉਚਾਰਨ, ਸ਼ਬਦ-ਭੰਡਾਰ, ਅਪਭਾਸ਼ਾ, ਮੁਹਾਵਰੇ, ਦੂਜੀਆਂ ਭਾਸ਼ਾਵਾਂ ਤੋਂ ਲਏ ਸ਼ਬਦਾਂ ਨਾਲ ਵਰਤਾਓ ਆਦਿ ਦੇ ਪੱਖ ਅਮਰੀਕੀ ਅਤੇ ਬਰਤਾਨਵੀ ਅੰਗਰੇਜ਼ੀ ਵਿਚ ਏਨੇ ਕੁ ਫ਼ਰਕ ਆ ਚੁੱਕੇ ਹਨ ਕਿ ਇਹਨਾਂ ਲਈ ਵੱਖ ਵੱਖ ਸ਼ਬਦ-ਕੋਸ਼ ਬਣਾਉਣੇ ਜ਼ਰੂਰੀ ਸਮਝੇ ਜਾਣ। ਇਹ ਫ਼ਰਕ ਕੁਝ ਸਦੀਆਂ ਦੇ ਵਿਕਾਸ ਦੀ ਉਪਜ ਹਨ। ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਦੀ ਸੂਰਤ ਵਿਚ ਇਹ ਨਿਖੇੜ ਕੁਝ ਦਹਾਕਿਆਂ ਵਿਚ ਹੀ ਕਾਫ਼ੀ ਉਘੜਵੇਂ ਹੋ ਗਏ ਹਨ। ਇਥੇ ਸਭਿਆਚਾਰ ਵੀ ਇਕ ਸੀ, ਭਾਸ਼ਾ ਵੀ ਇਕ ਸੀ, ਪਰ ਮਾਹੌਲ ਵਖਰੇ ਵਖਰੇ ਹੋ ਗਏ। ਇਹਨਾਂ ਬਦਲੇ ਮਾਹੌਲਾਂ ਵਿਚ ਦੋਹਾਂ ਦੇਸ਼ਾਂ ਦੇ ਕੌਮੀ ਸਭਿਆਚਾਰਾਂ ਦੀ ਪੱਧਰ ਉਤੇ ਕੰਮ ਕਰਦੇ ਵੱਖ ਵੱਖ ਦਬਾਅ, ਕੌਮੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਵਿਚ ਕਰਮ-ਪ੍ਰਤਿਕਰਮ ਅਤੇ ਅੰਤਰ-ਸੰਬੰਧ, ਪੰਜਾਬੀ ਸਭਿਆਚਾਰ ਦੀ ਪੱਧਰ ਉਤੇ ਧਾਰਮਕ ਅਤੇ ਉਪਭਾਸ਼ਾਈ ਦਬਾਵਾਂ ਦਾ ਬਦਲਣਾ ਅਤੇ ਉਘੜਣਾ ਉਕਤ ਫ਼ਰਕਾਂ ਲਈ ਜ਼ਿੰਮੇਵਾਰ ਹਨ। ਅਤੇ ਜਿਸ ਤੇਜ਼ੀ ਨਾਲ ਇਹ ਅਮਲ ਚੱਲ ਰਹੇ ਹਨ, ਉਸ ਨਾਲ ਸਮਾਂ ਪਾ ਕੇ ਇਹਨਾਂ ਦਾ ਦੋ ਵੱਖ ਵੱਖ ਸਭਿਆਚਾਰਾਂ ਅਤੇ ਵੱਖ ਵੱਖ ਭਾਸ਼ਾਵਾਂ ਬਣ ਜਾਣਾ ਕੋਈ ਅਲੋਕਾਰ ਗੱਲ ਨਹੀਂ ਹੋਵੇਗ।

ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਅਮਲ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਹੇ ਹਨ,

81
 
81