ਸਮੱਗਰੀ 'ਤੇ ਜਾਓ

ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨ੍ਹਾਂ ਤੋਂ ਸਭਿਆਚਾਰ ਅਤੇ ਭਾਸ਼ਾ ਦੇ ਅਨਿੱਖੜ ਪਰ ਜਟਿਲ ਸੰਬੰਧ ਹੋਣ ਦਾ ਪਤਾ ਲੱਗਦਾ ਹੈ।

ਅਸਲ ਵਿਚ ਭਾਸ਼ਾ ਤੋਂ ਬਿਨਾਂ ਸਭਿਆਚਾਰ ਦੀ ਕਲਪਣਾ ਹੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਬ-ਵਿਆਪਕ ਹੈ, ਪਰ ਤਾਂ ਵੀ ਹਰ ਮਨੁੱਖੀ ਸਮਾਜ ਦਾ ਆਪਣਾ ਨਿਵੇਕਲਾ ਸਭਿਆਚਾਰ ਹੁੰਦਾ ਹੈ। ਕੁਝ ਛੋਟਾਂ ਨਾਲ ਇਹ ਦੋਵੇਂ ਲੱਛਣ ਭਾਸ਼ਾ ਦੇ ਵੀ ਹਨ, ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿਚ ਭਾਸ਼ਾ ਦਾ ਆਪਣਾ ਰੋਲ ਹੈ। ਸਭਿਆਚਾਰ ਦੇ ਦੂਜੇ ਮਹੱਤਵਪੂਰਨ ਲੱਛਣ ਇਹ ਹਨ ਕਿ ਇਹ ਸਾਂਝਾ ਕੀਤਾ ਜਾਂਦਾ ਹੈ, ਸੰਚਿਤ ਹੋ ਸਕਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਸਕਦਾ ਹੈ। ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕੇ ਹਨ। ਮਨੁੱਖ ਨੇ ਵਿਸ਼ੇਸ਼ ਮੰਤਵਾਂ ਲਈ ਜਿਥੇ ਹੋਰ ਸੰਦ ਜਾਂ ਸਾਧਨ ਪੈਦਾ ਕੀਤੇ ਹਨ, ਉਥੇ ਸੰਚਾਰ ਦੇ ਪ੍ਰਮੁੱਖ ਸਾਧਨ ਵਜੋਂ ਭਾਸ਼ਾ ਨੂੰ ਸਿਰਜਿਆ ਹੈ। ਸੰਚਾਰ ਦੇ ਮੰਤਵ ਲਈ ਸਿਰਜੇ ਗਏ ਦੂਜੇ ਸਾਧਨ ਵੀ ਅੰਤਮ ਰੂਪ ਵਿਚ ਭਾਸ਼ਾ ਦੇ ਮਾਧਿਅਮ ਰਾਹੀਂ ਆਪਣਾ ਅਰਥ ਪਾਉਂਦੇ ਹਨ। ਪਦਾਰਥਕ ਵਸਤਾਂ ਦੇ ਰੂਪ ਵਿਚ ਸੰਚਿਤ ਹੋਇਆ ਸਭਿਆਚਾਰ ਵੀ ਭਾਸ਼ਾ ਦੇ ਮਾਧਿਅਮ ਰਾਹੀਂ ਵਿਆਖਿਆ ਪਾਉਂਦਾ ਹੈ।

ਜਦੋਂ ਤੋਂ ਮਨੁੱਖ ਨੇ ਆਪਣੀ ਵੱਖਰੀ ਸ਼ਨਾਖ਼ਤ ਪੈਦਾ ਕੀਤੀ ਹੈ, ਭਾਸ਼ਾ ਉਸ ਦੇ ਨਾਲ ਰਹੀ ਹੈ, ਅਤੇ ਉਸ ਦੀ ਸ਼ਨਾਖ਼ਤ ਦਾ ਅਨਿੱਖੜ ਹਿੱਸਾ ਬਣੀ ਰਹੀ ਹੈ। ਇਸੇ ਤਰ੍ਹਾਂ ਕਿਸੇ ਜਨ-ਸਮੂਹ ਦੇ ਇਤਿਹਾਸ ਵਿੱਚ ਜੋ ਕੁਝ ਵਾਪਰਦਾ ਹੈ, ਉਸ ਦਾ ਪ੍ਰਤਿਬਿੰਬ ਉਸ ਦੀ ਭਾਸ਼ਾ ਵਿਚੋਂ ਲਭਿਆ ਜਾ ਸਕਦਾ ਹੈ। ਇਸੇ ਲਈ ਭਾਸ਼ਾ ਨੂੰ ਸੰਬੰਧਿਤ ਸਭਿਆਚਾਰ ਦਾ ਮੁਹਾਫ਼ਜ਼ਖ਼ਾਨਾ ਕਿਹਾ ਜਾਂਦਾ ਹੈ। ਕਿਸੇ ਵੀ ਸਭਿਆਚਾਰ ਦੇ ਇਤਿਹਾਸ ਨੂੰ ਜਾਨਣ ਲਈ ਭਾਸ਼ਾ ਇਕ ਬੜਾ ਵਧੀਆ ਮਾਧਿਅਮ ਹੈ। ਸ਼ਬਦਾਂ ਦਾ ਮੁੱਲ ਅਤੇ ਰੂਪ-ਵਿਕਾਸ ਆਪਣੇ ਆਪ ਵਿੱਚ ਸਭਿਆਚਾਰਕ ਸੰਪਰਕਾਂ ਦਾ ਇਤਿਹਾਸ ਪੇਸ਼ ਕਰਦਾ ਹੈ।

ਸਭਿਆਚਾਰਕ ਪਰਿਵਰਤਨ ਅਤੇ ਵਿਕਾਸ ਵਿਚ ਅਤੇ ਭਾਸ਼ਾਈ ਪਰਿਵਰਤਨ ਅਤੇ ਵਿਕਾਸ ਵਿਚ ਸਮਾਨਾਂਤਰ ਅਮਲ ਚਲਦੇ ਦੇਖੇ ਜਾ ਸਕਦੇ ਹਨ। ਸਭਿਆਚਾਰਕ ਖਿੰਡਾਅ ਜਾਂ ਅੰਸ਼-ਪਸਾਰ ਦੇ ਸਮਾਨਾਂਤਰ ਭਾਸ਼ਾ ਵਿਚ ਦੂਜੀਆਂ ਭਾਸ਼ਾਵਾਂ ਤੋਂ ਉਧਾਰੇ ਲਏ ਸ਼ਬਦ (Loan-words) ਹੁੰਦੇ ਹਨ। ਸਭਿਆਚਾਰੀਕਰਨ ਵਰਗਾ ਅਮਲ ਭਾਸ਼ਾਵਾਂ ਵਿਚ ਓਦੋਂ ਦੇਖਿਆ ਜਾ ਸਕਦਾ ਹੈ ਜਦੋਂ ਦੋ ਭਾਸ਼ਾਵਾਂ ਇਕ ਦੂਜੀ ਉਤੇ ਭਾਰੂ ਹੋਣ ਲਈ ਇਕ ਦੂਜੀ ਨਾਲ ਗਹਿ-ਗਚ ਹੋ ਰਹੀਆਂ ਹੁੰਦੀਆਂ ਹਨ, ਜਿਸ ਨੂੰ ਅੰਗਰੇਜ਼ੀ ਵਿਚ 'Crossing of the Languages' ਕਹਿੰਦੇ ਹਨ। ਇਸ ਦੇ ਸਿੱਟੇ ਵੀ ਉਸੇ ਪ੍ਰਕਾਰ ਦੇ ਹੁੰਦੇ ਹਨ, ਜਿਸ ਪ੍ਰਕਾਰ ਦੇ ਸਭਿਆਚਾਰੀਕਰਨ ਦੇ: ਇਕ ਦੂਜੀ ਨੂੰ ਕੱਟ ਰਹੀਆਂ ਦੋ ਭਾਸ਼ਾਵਾਂ ਵਿਚੋਂ ਇਕ ਦੀ ਹਸਤੀ ਖ਼ਤਮ ਵੀ ਹੋ ਸਕਦੀ ਹੈ, ਜਦ ਕਿ ਦੂਜੀ ਭਾਸ਼ਾ ਖ਼ਤਮ ਹੋਈ ਭਾਸ਼ਾ ਦੇ ਵੀ ਅੰਸ਼ਾਂ ਨੂੰ ਆਪਣੇ ਵਿਚ ਸਮਾ ਕੇ ਵਧੇਰੇ ਬਲਵਾਨ ਹੋ ਕੇ ਨਿਕਲੇਂਗੀ। ਦੋਵੇਂ ਭਾਸ਼ਾਵਾਂ ਕਾਇਮ ਰਹਿੰਦਿਆਂ ਇਕ ਦੂਜੀ ਉੱਤੇ ਲਗਾਤਾਰ ਪ੍ਰਭਾਵ ਪਾ ਸਕਦੀਆਂ ਹਨ, ਅਤੇ ਇਸ ਤਰ੍ਹਾਂ ਦੋਹਾਂ

82